Breaking News
Home / ਪੰਜਾਬ / ਪੰਜਾਬ ਦੇ ਸਾਰੇ ਸਕੂਲ ਵਿਦਿਆਰਥੀਆਂ ਨੂੰ ਆਧਾਰ ਨਾਲ ਜੋੜਨ

ਪੰਜਾਬ ਦੇ ਸਾਰੇ ਸਕੂਲ ਵਿਦਿਆਰਥੀਆਂ ਨੂੰ ਆਧਾਰ ਨਾਲ ਜੋੜਨ

31 ਜਨਵਰੀ ਤੱਕ ਕਾਰਵਾਈ ਮੁਕੰਮਲ ਕਰਨ ਲਈ ਕਿਹਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਆਧਾਰ ਨਾਲ ਨਾ ਜੋੜਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਮਾਨਤਾ ਰੱਦ ਕਰਵਾਉਣ ਦੀ ਚਿਤਾਵਨੀ ਦਿੱਤੀ ਹੈ। ਸਕੂਲ ਸਿੱਖਿਆ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਰਾਜ ਦੇ ਸਮੂਹ ਸੈਕੰਡਰੀ ਅਤੇ ਐਲੀਮੈਂਟਰੀ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇਸ ਸਬੰਧੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਵੱਡੀ ਗਿਣਤੀ ਵਿਚ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕੰਮਲ ਰੂਪ ਵਿਚ ਆਧਾਰ ਨਾਲ ਨਹੀਂ ਜੋੜਿਆ ਗਿਆ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿਚਲੇ ਪ੍ਰਾਈਵੇਟ ਸਕੂਲਾਂ ਦੇ 100 ਫੀਸਦ ਵਿਦਿਆਰਥੀਆਂ ਨੂੰ ਆਧਾਰ ઠਨਾਲ ਜੋੜਨ ਦੀ ਪ੍ਰਕਿਰਿਆ ਚਲਾਉਣ ਅਤੇ ਸਮੂਹ ਵਿਦਿਆਰਥੀਆਂ ਨੂੰ ਵਿਭਾਗ ਦੇ ਪੋਰਟਲ ਉਪਰ ਅਪਲੋਡ ਕਰਨ ਲਈ ਕਿਹਾ ਹੈ। ਉਨ੍ਹਾਂ ਤਾੜਨਾ ਕੀਤੀ ਹੈ ਕਿ ਜਿਹੜੇ ਪ੍ਰਾਈਵੇਟ ਸਕੂਲ 31 ਜਨਵਰੀ ਤੱਕ ਵੀ ਸਮੂਹ ਵਿਦਿਆਰਥੀਆਂ ਨੂੰ ਆਧਾਰ ਨਾਲ ਜੋੜਨ ਤੋਂ ਅਸਮਰੱਥ ਰਹਿਣਗੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜਿਹੇ ਸਕੂਲਾਂ ਦੇ ਇਤਰਾਜ਼ ਨਹੀਂ ਸਰਟੀਫਿਕੇਟ (ਐਨਓਸੀ) ਅਤੇ ਮਾਨਤਾ ਰੱਦ ਕਰਨ ਲਈ ਸਬੰਧਿਤ ਬੋਰਡਾਂ ਨੂੰ ਲਿਖਿਆ ਜਾਵੇਗਾ। ਪ੍ਰਾਪਤ ਅੰਕੜਿਆਂ ਅਨੁਸਾਰ ਸੂਬੇ ਦੇ ਸਮੂਹ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ ਕੁੱਲ 59,39,604 ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ਵਿਚੋਂ ਪ੍ਰਾਈਵਟ ਸਕੂਲਾਂ ਵਿਚ ਸਭ ਤੋਂ ਵੱਧ 32,65,771 ਵਿਦਿਆਰਥੀ ਪੜ੍ਹਦੇ ਹਨ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਵਿਚ 24,37,913 ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿਚ 2,35,920 ਵਿਦਿਆਰਥੀ ਪੜ੍ਹਦੇ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਹਾਲੇ ਤੱਕ ਪ੍ਰਾਈਵੇਟ ਸਕੂਲਾਂ ਦੇ 89.85 ਵਿਦਿਆਰਥੀ ਹੀ ਆਧਾਰ ਨਾਲ ਜੁੜੇ ਹਨ। ਫਿਰੋਜ਼ਪੁਰ ਜ਼ਿਲ੍ਹੇ ਵਿਚਲੇ ਪ੍ਰਾਈਵੇਟ ਸਕੂਲਾਂ ਵਿਚ ਸਭ ਤੋਂ ਵੱਧ 99.36 ਫੀਸਦ ਅਤੇ ਉਸ ਤੋਂ ਬਾਅਦ ਮੁਕਤਸਰ ਜ਼ਿਲ੍ਹੇ ਵਿਚ 98.72 ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ 98.03 ਵਿਦਿਆਰਥੀ ਆਧਾਰ ਨਾਲ ਜੁੜੇ ਹਨ।
ਪ੍ਰਾਈਵੇਟ ਸਕੂਲਾਂ ਵਿਚ ਜ਼ਿਲ੍ਹਾ ਮੁਹਾਲੀ ਵਿੱਚ ਸਭ ਤੋਂ ਘੱਟ 76.19 ਫੀਸਦ ਵਿਦਿਆਰਥੀ ਆਧਾਰ ਨਾਲ ਜੁੜੇ ਹਨ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਵਿੱਚ ਹੁਣ ਤੱਕ 96.67 ਫੀਸਦ ਵਿਦਿਆਰਥੀ ਆਧਾਰ ਨਾਲ ਜੁੜ ਚੁੱਕੇ ਹਨ। ਸਰਕਾਰੀ ਸਕੂਲਾਂ ਦੇ ਸਭ ਤੋਂ ਵੱਧ ਜ਼ਿਲ੍ਹਾ ਮੁਕਤਸਰ ਵਿੱਚ 98.55 ਫੀਸਦ ਵਿਦਿਆਰਥੀ ਆਧਾਰ ਨਾਲ ਜੁੜੇ ਹਨ ਅਤੇ ਉਸ ਤੋਂ ਬਾਅਦ ਫਿਰੋਜ਼ਪੁਰ ਜ਼ਿਲ੍ਹੇ ਵਿਚ 98.21 ਅਤੇ ਬਰਨਾਲਾ ਵਿਚ 98.14 ਵਿਦਿਆਰਥੀ ਆਧਾਰ ਨਾਲ ਜੁੜ ਚੁੱਕੇ ਹਨ। ਸਰਕਾਰੀ ਸਕੂਲਾਂ ਵਿਚੋਂ ਜ਼ਿਲ੍ਹਾ ਮੁਹਾਲੀ ਦੇ ਸਭ ਤੋਂ ਘੱਟ 93.59 ਫੀਸਦ ਵਿਦਿਆਰਥੀ ਹੀ ਆਧਾਰ ਨਾਲ ਜੁੜ ਸਕੇ ਹਨ।
ઠਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ 95.70 ਫੀਸਦ ਬੱਚੇ ਹੁਣ ਤੱਕ ਆਧਾਰ ਨਾਲ ਜੁੜ ਚੁੱਕੇ ਹਨ। ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਰਿਕਾਰਡ 99.86 ਫੀਸਦ ਬੱਚੇ ਆਧਾਰ ਨਾਲ ਜੁੜ ਚੁੱਕੇ ਹਨ। ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਿਤ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਸਭ ਤੋਂ ਘੱਟ 90.03 ਫੀਸਦ ਵਿਦਿਆਰਥੀ ਹੀ ਹਾਲੇ ਤੱਕ ਆਧਾਰ ઠਨਾਲ ਜੁੜ ਸਕੇ ਹਨ।
ਆਧਾਰ ਨਾਲ ਜੁੜੇ ਵਿਦਿਆਰਥੀਆਂ ਦੀ ਗਿਣਤੀ
ਪ੍ਰਾਈਵੇਟ ਸਕੂਲਾਂ ਵਿਚਲੇ ਕੁੱਲ 32,65,771 ਵਿਦਿਆਰਥੀਆਂ ਵਿਚੋਂ ਹਾਲੇ ਤੱਕ 29,34, 351 ਵਿਦਿਆਰਥੀ ਹੀ ਆਧਾਰ ਨਾਲ ਜੁੜੇ ਹਨ ਅਤੇ 3,31,420 ਵਿਦਿਆਰਥੀ ਆਧਾਰ ਨਾਲ ਜੋੜਨੇ ਹਨ। ਸਰਕਾਰੀ ਸਕੂਲਾਂ ਵਿਚਲੇ ਕੁੱਲ 24,37,913 ਵਿਦਿਆਰਥੀਆਂ ਵਿਚੋਂ 23,56,629 ਵਿਦਿਆਰਥੀ ਆਧਾਰ ਨਾਲ ਜੁੜੇ ਹਨ ਤੇ 81,293 ਵਿਦਿਆਰਥੀ ਆਧਾਰ ਨਾਲ ਜੋੜਨੇ ਹਨ। ਇਸੇ ਤਰ੍ਹਾਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਕੁੱਲ 2,35,920 ਵਿਦਿਆਰਥੀਆਂ ਵਿਚੋਂ 2,25,775 ਵਿਦਿਆਰਥੀ ਆਧਾਰ ਨਾਲ ਜੁੜ ਚੁੱਕੇ ਹਨ ਅਤੇ 10,145 ਵਿਦਿਆਰਥੀਆਂ ਨੂੰ ਆਧਾਰ ਨਾਲ ਜੋੜਨਾ ਹੈ।

Check Also

ਪੰਚਾਇਤੀ ਚੋਣਾਂ ਨੂੰ ਲੈ ਕੇ ‘ਆਪ’ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

ਸਰਪੰਚੀ ਅਹੁਦੇ ਲਈ ਬੋਲੀ ਲਗਾਉਣ ਵਾਲਿਆਂ ਖਿਲਾਫ ਹਰਪਾਲ ਸਿੰਘ ਚੀਮਾ ਨੇ ਕਾਰਵਾਈ ਦੀ ਕੀਤੀ ਮੰਗ …