Breaking News
Home / ਪੰਜਾਬ / ਪੰਜਾਬ ‘ਸੜਕ ਸੁਰੱਖਿਆ ਫੋਰਸ’ ਵਾਲਾ ਪਹਿਲਾ ਸੂਬਾ : ਭਗਵੰਤ ਮਾਨ

ਪੰਜਾਬ ‘ਸੜਕ ਸੁਰੱਖਿਆ ਫੋਰਸ’ ਵਾਲਾ ਪਹਿਲਾ ਸੂਬਾ : ਭਗਵੰਤ ਮਾਨ

ਮੁੱਖ ਮੰਤਰੀ ਤੇ ਡੀਜੀਪੀ ਨੇ ਪੁਲਿਸ ਪੈਟਰੋਲਿੰਗ ਗੱਡੀਆਂ ਨੂੰ ਦਿਖਾਈ ਹਰੀ ਝੰਡੀ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਲੋਕਾਂ ਦੀ ਹਾਈਵੇਅ ‘ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੁਣ ਨਵੀਂ ਪੁਲਿਸ ‘ਸੜਕ ਸੁਰੱਖਿਆ ਫੋਰਸ’ ਤਾਇਨਾਤ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਪੁਲਿਸ ਨੂੰ ਇਸ ਲਈ ਆਧੁਨਿਕ ਸਹੂਲਤਾਂ ਨਾਲ ਲੈਸ 144 ਗੱਡੀਆਂ ਪੰਜਾਬ ਪੁਲਿਸ ਨੂੰ ਸੌਂਪ ਦਿੱਤੀਆਂ ਹਨ।
ਸੜਕ ਸੁਰੱਖਿਆ ਫੋਰਸ ਤਾਇਨਾਤ ਕਰਦਿਆਂ ਲੁਧਿਆਣਾ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੂਰੇ ਦੇਸ਼ ‘ਚੋਂ ਪੰਜਾਬ ਅਜਿਹਾ ਪਹਿਲਾ ਸੂਬਾ ਹੈ, ਜਿੱਥੇ ਅਜਿਹੀ ਫੋਰਸ ਬਣਾਈ ਗਈ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੇ 144 ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਸਾਰੇ ਪ੍ਰਾਜੈਕਟ ਦੀ ਦੇਖ ਰੇਖ ਏਡੀਜੀਪੀ ਏ.ਐੱਸ ਰਾਏ ਕਰਨਗੇ। ਇਨ੍ਹਾਂ 144 ਗੱਡੀਆਂ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ‘ਸੜਕ ਸੁਰੱਖਿਆ ਫੋਰਸ’ ਵਜੋਂ ਜਾਣੇ ਜਾਣਗੇ ਤੇ ਪੂਰੇ ਪੰਜਾਬ ‘ਚ ਹਾਈਵੇਅ ‘ਤੇ ਪੈਟਰੋਲਿੰਗ ਰਹੇਗੀ। ਇਸ ਫੋਰਸ ਦੇ ਕੋਲ ਐਬੂਲੈਂਸ ਤੋਂ ਇਲਾਵਾ ਰਿਕਵਰੀ ਵੈਨ ਵੀ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਕੋਲ ਪਹਿਲਾਂ ਹੀ ਰੋਜ਼ਾਨਾ ਕਾਫੀ ਜ਼ਿਆਦਾ ਕੰਮ ਹੈ। ਜੇਕਰ ਕਿਸੇ ਸੜਕ ਜਾਂ ਹਾਈਵੇਅ ‘ਤੇ ਘਟਨਾ ਹੁੰਦੀ ਹੈ ਤਾਂ ਪੁਲਿਸ ਨੂੰ ਹੀ ਜਾਣਾ ਪੈਂਦਾ ਹੈ, ਜਿਸ ਕਾਰਨ ਪੁਲਿਸ ‘ਤੇ ਕੰਮ ਦਾ ਬੋਝ ਵੱਧ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਰੋਜ਼ਾਨਾ ਸੜਕ ਹਾਦਸਿਆਂ ਕਾਰਨ 14 ਵਿਅਕਤੀਆਂ ਦੀ ਮੌਤ ਹੋ ਰਹੀ ਹੈ ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਕੋਸ਼ਿਸ਼ਾਂ ਤੇਜ਼ ਕੀਤੀਆਂ ਹਨ। ਸੜਕ ਸੁਰੱਖਿਆ ਫੋਰਸ ਕੋਲ ਪੰਜਾਬ ਵਿੱਚ ਮੁੱਖ ਮਾਰਗਾਂ ‘ਤੇ ਸੁਰੱਖਿਆ ਦੀ ਜ਼ਿੰਮੇਵਾਰੀ ਹੋਵੇਗੀ। ਤੀਹ ਕਿਲੋਮੀਟਰ ਦੇ ਦਾਇਰੇ ‘ਚ ਇੱਕ ਗੱਡੀ ਰਹੇਗੀ ਅਤੇ ਉਸ ਗੱਡੀ ‘ਚ ਬਤੌਰ ਅਧਿਕਾਰੀ ਤੈਨਾਤ ਕੀਤਾ ਜਾਵੇਗਾ। ਜੇਕਰ ਉਸ ਦਾਇਰੇ ‘ਚ ਕੋਈ ਹਾਦਸਾ ਹੁੰਦਾ ਹੈ ਤਾਂ ਉਹ ਅਧਿਕਾਰੀ ਜ਼ਿੰਮੇਵਾਰ ਹੋਵੇਗਾ, ਜਿਸ ਕੋਲੋਂ ਹਾਦਸੇ ਲਈ ਜਵਾਬ ਤਲਬੀ ਕੀਤੀ ਜਾਵੇਗੀ। ਉਨ੍ਹਾਂ ਮੁਤਾਬਕ ਇਸ ਫੋਰਸ ਨੂੰ ਦਿੱਤੀਆਂ ਜਾ ਰਹੀਆਂ ਸਾਰੀਆਂ ਗੱਡੀਆਂ ਡਿਜੀਟਲ ਹੋਣਗੀਆਂ, ਜਿਸ ਵਿੱਚ ਜੀਪੀਐੱਸ ਸਿਸਟਮ ਵੀ ਹੋਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਕੋਈ ਸੜਕ ‘ਤੇ ਟਰਾਲੀ ਜਾਂ ਕੋਈ ਹੋਰ ਵਾਹਨ ਖੜ੍ਹਾ ਕਰੇਗਾ ਤਾਂ ਉਸ ‘ਤੇ ਤੁਰੰਤ ਐਕਸ਼ਨ ਲੈਂਦਿਆ ਚਲਾਨ ਕੀਤਾ ਜਾਵੇਗਾ ਅਤੇ ਹਾਦਸਿਆਂ ਪੰਜਾਬ ਦੇ ਲੋਕਾਂ ਦੀਆਂ ਬਿਨਾਂ ਵਜ੍ਹਾ ਹੋ ਰਹੀਆਂ ਮੌਤਾਂ ‘ਤੇ ਰੋਕ ਲਾਈ ਜਾਵੇਗੀ। ਸ਼ਹਿਰ ਦੀਆਂ ਸੜਕਾਂ ‘ਤੇ ਵੀ ਇਹੀ ਫੋਰਸ ਤੈਨਾਤ ਰਹੇਗੀ। ਇਹ ਫੋਰਸ ਸ਼ਹਿਰ ‘ਚ ਵੀ ਚਲਾਨ ਕਰੇਗੀ। ਇਹ ਫੋਰਸ ਸ਼ਿਫ਼ਟਾਂ ‘ਚ ਕੰਮ ਕਰੇਗੀ। ਮਹਿਲਾ ਕਰਮੀ ਵੀ ਇਸ ਫੋਰਸ ‘ਚ ਤੈਨਾਤ ਹੋਣਗੀਆਂਂ ਤੇ ਫੋਰਸ ਨੂੰ ਮੁੱਢਲੀ ਸਹਾਇਤਾ ਸਣੇ ਹੋਰ ਟ੍ਰੇਨਿੰਗ ਦਿੱਤੀ ਜਾਵੇਗੀ।

Check Also

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ’ਚ ਸੁਧਾਰ ਮਗਰੋਂ ਹਸਪਤਾਲ ਤੋਂ ਮਿਲੀ ਛੁੱਟੀ

ਡਾਕਟਰਾਂ ਨੇ ਕੁਝ ਦਿਨ ਬੈੱਡ ਰੈਸਟ ਕਰਨ ਦੀ ਦਿੱਤੀ ਸਲਾਹ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …