Breaking News
Home / ਪੰਜਾਬ / ਵਿਧਾਇਕ ਚੱਬੇਵਾਲ ਮਾਮਲੇ ‘ਚ ਮਜੀਠੀਆ ਨੇ ਮੁੱਖ ਮੰਤਰੀ ਨੂੰ ਘੇਰਿਆ

ਵਿਧਾਇਕ ਚੱਬੇਵਾਲ ਮਾਮਲੇ ‘ਚ ਮਜੀਠੀਆ ਨੇ ਮੁੱਖ ਮੰਤਰੀ ਨੂੰ ਘੇਰਿਆ

ਅਕਾਲੀ ਆਗੂ ਨੇ ਮਾਮਲੇ ਦੀ ਸੀਬੀਆਈ ਜਾਂਚ ਤੇ ਰਾਜਾ ਵੜਿੰਗ ਖਿਲਾਫ ਕਾਰਵਾਈ ਮੰਗੀ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਿਧਾਇਕ ਰਾਜ ਕੁਮਾਰ ਚੱਬੇਵਾਲ ਸਬੰਧੀ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਕਾਂਗਰਸੀ ਆਗੂ ਤੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਗਰੀਬ ਵਿਅਕਤੀਆਂ ਨਾਲ ਕਥਿਤ ਠੱਗੀ ਮਾਰਨ ਦੇ ਮਾਮਲੇ ‘ਚ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ ਪਰ ਮਗਰੋਂ ਉਸ ਦੇ ‘ਆਪ’ ਵਿਚ ਸ਼ਾਮਲ ਹੋਣ ‘ਤੇ ਕਾਰਵਾਈ ਰੋਕ ਦਿੱਤੀ। ਉਨ੍ਹਾਂ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ।
ਮਜੀਠੀਆ ਨੇ ਚੱਬੇਵਾਲ ‘ਤੇ ਹੋਰਨਾਂ ਕਈ ਕਥਿਤ ਮਾਮਲਿਆਂ ਵਿੱਚ ਸ਼ਾਮਲ ਹੋਣ ਦੇ ਆਰੋਪ ਲਗਾਏ। ਉਨ੍ਹਾਂ ਆਰੋਪ ਲਗਾਇਆ ਕਿ ਕਾਂਗਰਸੀ ਆਗੂ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਬੀਡੀਪੀਓ ਦੇ ਜਾਅਲੀ ਲੈਟਰ ਹੈੱਡ ‘ਤੇ 4600 ਗਰੀਬ ਲੋਕਾਂ ਨੂੰ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ ਦੀ ਮੁਰੰਮਤ ਲਈ 10 ਤੋਂ 35 ਹਜ਼ਾਰ ਰੁਪਏ ਤੱਕ ਦੇਣ ਦਾ ਇਕਰਾਰ ਕਰਕੇ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਦੇ ਚੱਬੇਵਾਲ ਤੋਂ ਉਮੀਦਵਾਰ ਹਰਮਿੰਦਰ ਸੰਧੂ ਵੱਲੋਂ ਚੱਬੇਵਾਲ ਖਿਲਾਫ ਸ਼ਿਕਾਇਤ ਦਰਜ ਕਰਵਾਉਣ ‘ਤੇ ਉਨ੍ਹਾਂ ਨੂੰ ਇਸ ਮਗਰੋਂ ਮਾਹਿਲਪੁਰ ਅਤੇ ਹੁਸ਼ਿਆਰਪੁਰ-2 ਦੇ ਬੀਡੀਪੀਓਜ਼, ਜ਼ਿਲ੍ਹਾ ਪੁਲਿਸ ਮੁਖੀ ਤੇ ਡਿਪਟੀ ਕਮਿਸ਼ਨਰ ਨੇ ਆਰੋਪੀ ਠਹਿਰਾਇਆ ਸੀ। ਮਜੀਠੀਆ ਨੇ ਕਿਹਾ ਕਿ ‘ਆਪ’ ਸਰਕਾਰ ਆਪਣੇ ਵਿਰੋਧੀਆਂ ਨੂੰ ਸਰਕਾਰ ਦੀ ਮਰਜ਼ੀ ਅਨੁਸਾਰ ਤੋਰਨ ਲਈ ਵਿਜੀਲੈਂਸ ਵਿਭਾਗ ਦੀ ਦੁਰਵਰਤੋਂ ਕਰ ਰਹੀ ਹੈ।
ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਕਿਹਾ ਸੀ ਕਿ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀਆਂ 800 ਸਰਕਾਰੀ ਬੱਸਾਂ ਨੂੰ ਰਾਜਸਥਾਨ ਤੋਂ ਬਾਡੀਆਂ ਲਗਵਾਈਆਂ, ਜਿਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਹੋਇਆ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਤੱਕ ਕਾਂਗਰਸੀ ਆਗੂ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਨ ਦੇ ਹੁਕਮ ਨਹੀਂ ਦਿੱਤੇ।
ਚੱਬੇਵਾਲ ਨੇ ਮਜੀਠੀਆ ਦੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ
‘ਆਪ’ ਆਗੂ ਡਾ. ਰਾਜ ਕੁਮਾਰ ਚੱਬੇਵਾਲ ਨੇ ਬਿਕਰਮ ਮਜੀਠੀਆ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਲੋਕਾਂ ਨੂੰ ਗੁਮਰਾਹ ਕਰਨ ਲਈ ਮਨਘੜਤ ਆਰੋਪ ਲਾ ਰਹੇ ਹਨ ਜਦਕਿ ਉਹ ਹਮੇਸ਼ਾ ਗਰੀਬ ਲੋਕਾਂ ਦੀਆਂ ਛੱਤਾਂ ਡਿੱਗਣ ਦਾ ਮੁੱਦਾ ਉਠਾਉਂਦੇ ਰਹੇ ਹਨ। ਇੱਥੋਂ ਤੱਕ ਕਿ 4600 ਲੋਕਾਂ ਦੇ ਪੱਕੇ ਮਕਾਨਾਂ ਲਈ 4 ਕਰੋੜ 96 ਲੱਖ ਰੁਪਏ ਦੇ ਫੰਡ ਵੀ ਜਾਰੀ ਕੀਤੇ ਸੀ। ਇਸ ਬਾਅਦ ਸਰਕਾਰ ਬਦਲ ਗਈ ਤੇ ਫੰਡ ਵਾਪਸ ਕਰ ਦਿੱਤੇ ਗਏ। ਵਿਜੀਲੈਂਸ ਬਿਊਰੋ ਤੇ ਬੀਡੀਪੀਓ ਦਫਤਰ ਨੇ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਕੁਝ ਵੀ ਗਲਤ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਨੇ ਇਹ ਜਾਂਚ 5 ਮਹੀਨੇ ਪਹਿਲਾਂ ਕੀਤੀ ਸੀ, ਉਸ ਦੌਰਾਨ ਉਨ੍ਹਾਂ ਦੇ ‘ਆਪ’ ਵਿੱਚ ਸ਼ਾਮਲ ਹੋਣ ਦੀ ਕੋਈ ਗੱਲ ਨਹੀਂ ਸੀ।

 

Check Also

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਬਜੀਤ ਸਿੰਘ ਪੰਧੇਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦੇ …