ਪ੍ਰਕਾਸ਼ ਸਿੰਘ ਬਾਦਲ ਇਲਾਜ ਲਈ ਅਮਰੀਕਾ ਗਏ
ਕੈਪਟਨ ਅਮਰਿੰਦਰ ਭਵਿੱਖ ਦੀ ਰਣਨੀਤੀ ਉਲੀਕਣਗੇ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਬਾਅਦ ਵੀ ਅਹਿਮ ਆਗੂਆਂ ਦੀਆਂ ਸਰਗਰਮੀਆਂ ਮੱਠੀਆਂ ਨਹੀਂ ਪਈਆਂ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਸਿਹਤ ਦਾ ਨਿਰੀਖਣ ਕਰਾਉਣ ਲਈ ਅਮਰੀਕਾ ਗਏ ਹਨ, ਜਦੋਂ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਚ ਡੇਰੇ ਲਾ ਕੇ ਕਾਂਗਰਸੀ ਆਗੂਆਂ ਨਾਲ ਮੁਲਾਕਾਤਾਂ ਦਾ ਦੌਰ ਸ਼ੁਰੂ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੁੱਝ ਦਿਨ ਆਰਾਮ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਦੇ ਕੰਮ ਵਿੱਚ ਰੁੱਝ ਜਾਣਗੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ ਦੇ ਸੈਸ਼ਨ ਵਿਚ ਹਾਜ਼ਰੀ ਭਰਨ ਦਾ ਫੈਸਲਾ ਕੀਤਾ ਹੈ। ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦਾ ਗਲਾ ਖ਼ਰਾਬ ਹੋ ਗਿਆ ਹੈ ਤੇ ਉਹ ਇਲਾਜ ਕਰਾਉਣਗੇ। ਮੁੱਖ ਮੰਤਰੀ ਵੋਟਾਂ ਪੈਣ ਤੋਂ ਅਗਲੇ ਹੀ ਦਿਨ ਐਤਵਾਰ ਨੂੰ ਚੰਡੀਗੜ੍ਹ ਪਹੁੰਚ ਗਏ। ਇਥੇ ਉਨ੍ਹਾਂ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਰਕਾਰੀ ਕੰਮਾਂ ਦੀ ਸਮੀਖਿਆ ਕੀਤੀ ਅਤੇ ਅਗਲੇ ਪ੍ਰੋਗਰਾਮ ਉਲੀਕੇ। ਸੂਤਰਾਂ ਮੁਤਾਬਕ ਬਾਦਲ ਨਾਲ ਤਾਇਨਾਤ ਡਾਕਟਰਾਂ ਤੇ ਪੀਜੀਆਈ ਦੇ ਮਾਹਿਰਾਂ ਨੇ ਮੁੱਖ ਮੰਤਰੀ ਨੂੰ ਅਮਰੀਕਾ ਤੋਂ ਸਿਹਤ ਦਾ ਨਿਰੀਖਣ ਕਰਾਉਣ ਦਾ ਸੁਝਾਅ ਦਿੱਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦਾ ਨਤੀਜਾ 11 ਮਾਰਚ ਨੂੰ ਆਉਣਾ ਹੈ, ਜਿਸ ਕਾਰਨ ਰਾਜਸੀ ਪਾਰਟੀਆਂ ਦੀ ਉਡੀਕ ਲੰਬੀ ਹੋ ਗਈ ਹੈ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਮੁਤਾਬਕ ਬਾਦਲ ਇੱਕ-ਦੋ ਦਿਨਾਂ ਵਿੱਚ ਅਮਰੀਕਾ ਰਵਾਨਾ ਹੋਣਗੇ ਅਤੇ ਉਥੇ ਇੱਕ ਹਫ਼ਤਾ ਬਿਤਾਉਣਗੇ। ਵਿਧਾਨ ਸਭਾ ਚੋਣਾਂ ਦੇ ਅਮਲ ਸਦਕਾ 11 ਮਾਰਚ ਤਕ ਚੋਣ ਜ਼ਾਬਤਾ ਲੱਗਾ ਹੋਣ ਕਾਰਨ ਸਰਕਾਰ ਵੱਲੋਂ ਕੋਈ ਵੱਡਾ ਫੈਸਲਾ ਨਹੀਂ ਲਿਆ ਜਾ ਸਕਦਾ। ਇਸ ਲਈ ਮੁੱਖ ਮੰਤਰੀ ਕੋਈ ਵੱਡੀਆਂ ਮੀਟਿੰਗਾਂ ਵੀ ਨਹੀਂ ਕਰਨਗੇ ਸਿਰਫ਼ ਆਪਣੇ ਨਾਲ ਤਾਇਨਾਤ ਅਧਿਕਾਰੀਆਂ ਤੋਂ ਹੀ ਰਿਪੋਰਟਾਂ ਲੈ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਮੁਤਾਬਕ ਪੰਜਾਬ ਕਾਂਗਰਸ ਪ੍ਰਧਾਨ ਨੇ ਤਕਨੀਕੀ ਮਾਹਿਰਾਂ ਦੀ ਟੀਮ ਨੂੰ ਦੁਪਹਿਰ ਦੇ ਖਾਣੇ ਦੀ ਦਾਅਵਤ ਦਿੱਤੀ। ਆਉਣ ਵਾਲੇ ਦਿਨਾਂ ਦੌਰਾਨ ਵੀ ਕਾਂਗਰਸ ਪ੍ਰਧਾਨ ਚੰਡੀਗੜ੍ਹ ਵਿੱਚ ਰਹਿ ਕੇ ਵਿਧਾਨ ਸਭਾ ਦੇ ਉਮੀਦਵਾਰਾਂ ਨਾਲ ਮੀਟਿੰਗਾਂ ਕਰਕੇ ਭਵਿੱਖੀ ਰਣਨੀਤੀ ਉਲੀਕਣਗੇ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬੀਆਂ ਨੇ ਦੱਸਿਆ ਕਿ ਛੋਟੇ ਬਾਦਲ ਕੁੱਝ ਦਿਨ ਨਵੀਂ ਦਿੱਲੀ ਵਿਚ ਆਪਣੇ ਬੱਚਿਆਂ ਨਾਲ ਗੁਜ਼ਾਰਨਗੇ ਅਤੇ ਉਸ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੀ ਰਣਨੀਤੀ ਉਲੀਕਣਗੇ। ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ 26 ਫਰਵਰੀ ਨੂੰ ਹੋਣ ਜਾ ਰਹੀਆਂ ਹਨ ।
ਸੁਖਬੀਰ ਬਾਦਲ ਨੇ ਬਠਿੰਡਾ ‘ਚ ਦੇਖੀ ਫਿਲਮ ‘ਰਈਸ’ ઠ
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਠਿੰਡਾ ਦੇ ਮਿੱਤਲ ਮਾਲ ਵਿੱਚ ‘ਰਈਸ’ ਫਿਲਮ ਦੇਖ ਕੇ ਚੋਣ ਦੰਗਲ ਦੀ ਥਕਾਵਟ ਲਾਹੀ। ਉਨ੍ਹਾਂ ਨਾਲ ਸਿਕੰਦਰ ਸਿੰਘ ਮਲੂਕਾ, ਜਗਦੀਪ ਸਿੰਘ ਨਕਈ ਅਤੇ ਮਿੱਤਲ ਮਾਲ ਦੇ ਮਾਲਕ ਰਜਿੰਦਰ ਗੁਪਤਾ ਸਨ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …