Breaking News
Home / ਪੰਜਾਬ / ਪੰਜਾਬ ‘ਚ ਵੋਟਾਂ ਦਾ ਅਮਲ ਸਿਰੇ ਚੜ੍ਹਿਆ, 78.6% ਹੋਈ ਵੋਟਿੰਗ

ਪੰਜਾਬ ‘ਚ ਵੋਟਾਂ ਦਾ ਅਮਲ ਸਿਰੇ ਚੜ੍ਹਿਆ, 78.6% ਹੋਈ ਵੋਟਿੰਗ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਤਰਨਤਾਰਨ ਵਿੱਚ ਅਕਾਲੀ ਸਰਪੰਚ ਦੇਸਾ ਸਿੰਘ ਵੱਲੋਂ ਚਲਾਈ ਗੋਲੀ ਨਾਲ ਇੱਕ ਕਾਂਗਰਸੀ ਵਰਕਰ ਦੇ ਜ਼ਖ਼ਮੀ ਹੋਣ ਸਮੇਤ ਸਿਆਸੀ ਪਾਰਟੀਆਂ ਦੇ ਵਰਕਰਾਂ ਵਿਚਕਾਰ ਹਿੰਸਾ ਦੀਆਂ ਮਾਮੂਲੀ ਘਟਨਾਵਾਂ ਤਾਂ ਵਾਪਰੀਆਂ ਪਰ ਇਸ ਵਾਰ ਆਮ ਤੌਰ ‘ਤੇ ਵੋਟਾਂ ਪੈਣ ਦੀ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹੀ ਮੰਨੀ ਜਾ ਰਹੀ ਹੈ। ਪਾਰਟੀ ਆਗੂਆਂ ਨੇ ਚੋਣ ਪ੍ਰਚਾਰ ਨੂੰ ਭਖਾਉਂਦਿਆਂ ਸੂਬੇ ਦੀ ਰਾਜਸੀ ਫਿਜ਼ਾ ਅੰਦਰ ਸ਼ਬਦੀ ਜ਼ਹਿਰ ਤਾਂ ਘੋਲਿਆ ਪਰ ਲੋਕਾਂ ਨੇ ਵੋਟਾਂ ਦੌਰਾਨ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ।
ਚੋਣ ਕਮਿਸ਼ਨ ਅਨੁਸਾਰ ਸੂਬੇ ਵਿੱਚ 78.6 ਫੀਸਦੀ ਲੋਕਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ (ਆਪ), ਬਸਪਾ ਹੋਰਨਾਂ ਸਿਆਸੀ ਪਾਰਟੀਆਂ ਤੇ 304 ਆਜ਼ਾਦ ਉਮੀਦਵਾਰਾਂ ਸਣੇ 1145 ਉਮੀਦਵਾਰਾਂ ਦੀ ਸਿਆਸੀ ਕਿਸਮਤ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਵੋਟਾਂ ਦੀ ਗਿਣਤੀ 11 ਮਾਰਚ ਨੂੰ ਹੋਵੇਗੀ। ਵੋਟਾਂ ਦਾ ਅਮਲ ਸ਼ੁਰੂ ਹੋਣ ਸਮੇਂ ਮਜੀਠਾ, ਮੁਕਤਸਰ, ਬਠਿੰਡਾ ਅਤੇ ਬਰਨਾਲਾ ਵਿਧਾਨ ਸਭਾ ਹਲਕਿਆਂ ਦੇ ਕੁੱਝ ਪੋਲਿੰਗ ਬੂਥਾਂ ਉੱਤੇ ਇਲੈਕਟ੍ਰਾਨਿਕਸ ਵੋਟਿੰਗ ਮਸ਼ੀਨਾਂ ਵਿੱਚ ਤਕਨੀਕੀ ਖ਼ਰਾਬੀ ਦੀਆਂ ਰਿਪੋਰਟਾਂ ਮਿਲੀਆਂ ਜਿੱਥੇ ਵੋਟਾਂ ਪੈਣ ਦਾ ਕੰਮ ਕੁੱਝ ਦੇਰੀ ਨਾਲ ਆਰੰਭ ਹੋ ਸਕਿਆ। ਪੰਜਾਬ ਦੇ ਦਿਹਾਤੀ ਖੇਤਰ ਦੇ ਲੋਕਾਂ ਨੇ ਕਈ ਥਾਈਂ 90 ਫੀਸਦੀ ਤੱਕ ਵੋਟਾਂ ਪਾਈਆਂ। ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਸ਼ਹਿਰਾਂ ਦੇ ਕਈ ਹਲਕਿਆਂ ਵਿੱਚ ਵੋਟਾਂ ਦਾ ਭੁਗਤਾਨ 60 ਫੀਸਦੀ ਦੇ ਨਜ਼ਦੀਕ ਹੀ ਰਿਹਾ। ਮਾਲਵਾ ਅਤੇ ਸਰਹੱਦੀ ਖੇਤਰ ਦੇ ਜ਼ਿਲ੍ਹਿਆਂ ਵਿਚਲੇ ਵਿਧਾਨ ਸਭਾ ਹਲਕਿਆਂ ਵਿੱਚ ਵੋਟ ਪ੍ਰਤੀਸ਼ਤ 80 ਫੀਸਦੀ ਤੋਂ ਵੀ ਟੱਪ ਗਈ ਹੈ। ਪੰਜਾਬ ਦੇ ਚਰਚਿਤ ਵਿਧਾਨ ਸਭਾ ਹਲਕਿਆਂ ਵਿੱਚੋਂ ਲੰਬੀ ਵਿੱਚ 78 ਫੀਸਦੀ ਵੋਟਾਂ ਪਈਆਂ ਜਦੋਂ ਕਿ ਜਲਾਲਾਬਾਦ ਵਿੱਚ 86 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ। ਪਟਿਆਲਾ ਵਿਧਾਨ ਸਭਾ ਹਲਕੇ ਵਿੱਚ 67 ਫੀਸਦੀ ਲੋਕਾਂ ਨੇ ਹੀ ਵੋਟਾਂ ਪਾਈਆਂ। ਬਠਿੰਡਾ ਜ਼ਿਲ੍ਹੇ ਦੇ ਮੋੜ ਮੰਡੀ ਹਲਕੇ ਵਿੱਚ ਜਿੱਥੇ ਚੋਣ ਪ੍ਰਚਾਰ ਦੌਰਾਨ ਬੰਬ ਧਮਾਕਾ ਹੋ ਗਿਆ ਸੀ ਵਿੱਚ ਵੀ ਵੋਟਰਾਂ ਦਾ ਉਤਸ਼ਾਹ ਮੱਠਾ ਨਹੀਂ ਪਿਆ। ਇਸ ਹਲਕੇ ਦੇ 85 ਫੀਸਦੀ ਵੋਟਰਾਂ ਨੇ ਜਮਹੂਰੀ ਹੱਕ ਦਾ ਪ੍ਰਯੋਗ ਕੀਤਾ। ਮਜੀਠਾ ਹਲਕੇ ਵਿੱਚ 68 ਫੀਸਦੀ ਵੋਟਾਂ ਪਈਆਂ। ਅੰਮ੍ਰਿਤਸਰ ਦੱਖਣੀ ਹਲਕੇ ਵਿੱਚ ਸਭ ਤੋਂ ਘੱਟ 58 ਫੀਸਦੀ ਵੋਟਾਂ ਪਈਆਂ। ਸੰਗਰੂਰ ਜ਼ਿਲ੍ਹੇ ਦੇ ਸਾਰੇ ਹਲਕਿਆਂ ਵਿੱਚ 80 ਫੀਸਦੀ ਤੋਂ ਜ਼ਿਆਦਾ ਮਤਦਾਨ ਹੋਇਆ। ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 85 ਫੀਸਦੀ ਵੋਟਾਂ ਪਈਆਂ ਜਦੋਂ ਕਿ ਅੰਮ੍ਰਿਤਸਰ ਵਿੱਚ ਸਭ ਤੋਂ ਘੱਟ 67 ਫੀਸਦੀ ਮਤਦਾਨ ਹੋਇਆ। ਸਾਰੇ 117 ਵਿਧਾਨ ਸਭਾ ਹਲਕਿਆਂ ਅਤੇ ਅੰਮ੍ਰਿਤਸਰ ਸੰਸਦੀ ਹਲਕੇ ਦੀ ਉਪ ਚੋਣ ਲਈ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਇਆ ਤੇ ਪੋਲਿੰਗ ਬੂਥਾਂ ‘ਤੇ ਸਵੇਰ ਤੋਂ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਦੁਪਹਿਰ ਤੱਕ 40 ਫੀਸਦੀ ਤੋਂ ਜ਼ਿਆਦਾ ਵੋਟਾਂ ਭੁਗਤ ਚੁੱਕੀਆਂ ਸਨ। ਵੋਟਾਂ ਪੈਣ ਦਾ ਸਮਾਂ 5 ਵਜੇ ਤੱਕ ਸੀ ਪਰ ਕਈ ਥਾਈਂ ਸ਼ਾਮੀ 7 ਵਜੇ ਤੋਂ ਬਾਅਦ ਵੀ ਲਾਈਨਾਂ ਲੱਗੀਆਂ ਹੋਈਆਂ ਸਨ। ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਪਹਿਲੀ ਵਾਰ 33 ਵਿਧਾਨ ਸਭਾ ਹਲਕਿਆਂ ਵਿੱਚ ਵੀਵੀਪੀਏਟੀ ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦੇ ਤਜਰਬੇ ਨੂੰ ਸਫਲ ਦੱਸਦਿਆਂ ਵੀ.ਕੇ.ਸਿੰਘ ਨੇ ਦੱਸਿਆ ਕਿ ਇਨ੍ਹਾਂ ਹਲਕਿਆਂ ਵਿੱਚ 6668 ਵੀਵੀਪੀਏਟੀ ਮਸ਼ੀਨਾਂ ਰਾਹੀਂ ਵੋਟਾਂ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਸਵੇਰੇ ਵੋਟਾਂ ਪਾਉਣ ਤੋਂ ਪਹਿਲਾਂ ਕਰਵਾਏ ‘ਮੌਕ ਪੋਲ’ 538 ਵੀਵੀਪੀਏਟੀ ਮਸ਼ੀਨਾਂ ਬਦਲੀਆਂ ਗਈਆਂ। ਮਜੀਠਾ, ਸੰਗਰੂਰ ਤੇ ਮੁਕਤਸਰ ਵਿੱਚ 187 ਮਸ਼ੀਨਾਂ ਨੂੰ ਵੋਟਾਂ ਪੈਂਦੀਆਂ ਦੌਰਾਨ ਬਦਲਿਆ ਗਿਆ। ਮਜੀਠਾ ਹਲਕੇ ਵਿੱਚ 25, ਮੁਕਤਸਰ ਤੇ ਸੰਗਰੂਰ ਵਿੱਚ 10-10 ਪੋਲਿੰਗ ਬੂਥਾਂ ਉੱਤੇ ਵੋਟਾਂ ਪਾਉਣ ਦਾ ਕੰਮ ਦੇਰੀ ਨਾਲ ਸ਼ੁਰੂ ਹੋਇਆ। ਉਨ੍ਹਾਂ ਦੱਸਿਆ ਕਿ 195 ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ‘ਮੌਕ
ਪੋਲ’ ਦੌਰਾਨ ਬਦਲਿਆ ਗਿਆ ਜਦੋਂ ਕਿ 47 ਨੂੰ ਬਾਅਦ ਵਿੱਚ ਬਦਲਿਆ ਗਿਆ। ਸਮੁੱਚੇ ਪੰਜਾਬ ਵਿੱਚ ਵੋਟਾਂ ਦਾ ਭੁਗਤਾਨ ਦੇਖਿਆ ਜਾਵੇ ਤਾਂ ਸੰਗਰੂਰ ਵਿੱਚ 83 ਫੀਸਦੀ, ਫਾਜ਼ਿਲਕਾ ਵਿੱਚ 81 ਫੀਸਦੀ, ਫਿਰੋਜ਼ਪੁਰ ਵਿੱਚ 80 ਫੀਸਦੀ, ਫ਼ਰੀਦਕੋਟ ਵਿੱਚ 80 ਫੀਸਦੀ, ਬਰਨਾਲਾ ਵਿੱਚ 80 ਫੀਸਦੀ, ਬਠਿੰਡਾ ਵਿੱਚ 82 ਫੀਸਦੀ, ਮਾਨਸਾ ਵਿੱਚ 85 ਫੀਸਦੀ, ਫਤਿਹਗੜ੍ਹ ਸਾਹਿਬ ਵਿੱਚ 80 ਫੀਸਦੀ, ਮੁਹਾਲੀ ਵਿੱਚ 69 ਫੀਸਦੀ, ਪਟਿਆਲਾ ਵਿੱਚ 77 ਫੀਸਦੀ, ਮੁਕਤਸਰ ਵਿੱਚ 81 ਫੀਸਦੀ, ਲੁਧਿਆਣਾ ਵਿੱਚ ਫੀਸਦੀ 73, ਜਲੰਧਰ ਵਿੱਚ 72 ਫੀਸਦੀ, ਅੰਮ੍ਰਿਤਸਰ ਵਿੱਚ 67 ਫੀਸਦੀ, ਗੁਰਦਾਸਪੁਰ ਵਿੱਚ 72 ਫੀਸਦੀ, ਪਠਾਨਕੋਟ ਵਿੱਚ 77 ਫੀਸਦੀ, ਤਰਨਤਾਰਨ ਵਿੱਚ 74 ਫੀਸਦੀ, ਕਪੂਰਥਲਾ ਵਿੱਚ 74 ਫੀਸਦੀ, ਹੁਸ਼ਿਆਰਪੁਰ 72 ਫੀਸਦੀ, ਰੋਪੜ ਵਿੱਚ 75, ਮੋਗਾ ਵਿੱਚ 75 ਅਤੇ ਨਵਾਂਸ਼ਹਿਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਵਿੱਚ 77 ਫੀਸਦੀ ਵੋਟਾਂ ਪਈਆਂ।
ਵਿਧਾਨ ਸਭਾ ਦੇ ਚੋਣ ਮੈਦਾਨ ਵਿੱਚ ਉੱਤਰੇ ਪ੍ਰਮੁੱਖ ਉਮੀਦਵਾਰਾਂ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ, ਭਗਵੰਤ ਸਿੰਘ ਮਾਨ, ਨਵਜੋਤ ਸਿੱਧੂ, ਜਨਰਲ (ਸੇਵਾ ਮੁਕਤ) ਜੇ.ਜੇ. ਸਿੰਘ, ਮਨਪ੍ਰੀਤ ਸਿੰਘ ਬਾਦਲ, ਰਾਜਿੰਦਰ ਕੌਰ ਭੱਠਲ, ਸੁਨੀਲ ਕੁਮਾਰ ਜਾਖੜ, ਬਿਕਰਮ ਸਿੰਘ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ, ਰਵਨੀਤ ਸਿੰਘ ਬਿੱਟੂ, ਗੁਰਪ੍ਰੀਤ ਸਿੰਘ ਘੁੱਗੀ, ਹਿੰਮਤ ਸਿੰਘ ਸ਼ੇਰਗਿੱਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਮੁਹੰਮਦ ਸਦੀਕ, ਜਰਨੈਲ ਸਿੰਘ ਆਦਿ ਸ਼ਾਮਲ ਹਨ।
ਲੰਬੀ : ਤਿਕੋਣੇ ਫਸਵੇਂ ਮੁਕਾਬਲੇ ਵਿੱਚ ਲੰਬੀ ਹਲਕੇ ਵਿੱਚ ਵੋਟ ਫ਼ੀਸਦੀ 85.06 ਰਿਹਾ, ਜਦੋਂ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟ ਫ਼ੀਸਦ 86 ਰਿਹਾ ਸੀ। ਹਲਕੇ ਦੇ ਪਿੰਡ ਕਿੱਲਿਆਂਵਾਲੀ ਵਿੱਚ ਚੋਣ ਬੂਥ ‘ਤੇ ਕਤਾਰ ਵਿੱਚ ਖੜ੍ਹੇ ਲੋਕਾਂ ਨੂੰ ਵੋਟ ਪਾਉਣ ਦਾ ਨਿਸ਼ਾਨ ਵਿਖਾਉਣ ਦੇ ਵਿਵਾਦ ਵਿੱਚ ਅਕਾਲੀ-ਕਾਂਗਰਸੀ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਵਿੱਚ ਅਕਾਲੀ ਵਰਕਰ ਕੁਲਵਿੰਦਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ। ਹਲਕੇ ਦੇ ਚਰਚਿਤ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੇ ਪਿੰਡ ਵਿੱਚ ਚੋਣ ਅਮਲੇ ਨੇ ਪੂਰੀ ਸਖ਼ਤੀ ਰੱਖੀ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …