35 ਸਾਲ ਬਾਅਦ ਯੂਨੀਵਰਸਿਟੀਆਂ ਤੇ ਕਾਲਜਾਂ ‘ਚ ਹੋਣਗੀਆਂ ਸਟੂਡੈਂਟ ਚੋਣਾਂ
1984 ‘ਚ ਅਪਰੇਸ਼ਨ ਬਲੂ ਸਟਾਰ ਤੋਂ ਬਾਅਦ ਪੰਜਾਬ ‘ਚ ਬੰਦ ਹੋ ਗਈਆਂ ਸਨ ਚੋਣਾਂ
ਚੰਡੀਗੜ੍ਹ/ਬਿਊਰੋ ਨਿਊਜ਼ : 35 ਸਾਲ ਬਾਅਦ ਇਕ ਵਾਰ ਫਿਰ ਕਾਲਜਾਂ ਵਿਚ ਸੁਣਾਈ ਦੇਵੇਗਾ ਸਟੂਡੈਂਟ ਯੂਨੀਅਨ ਜ਼ਿੰਦਾਬਾਦ੩੩੩…! 1984 ਤੋਂ ਬੰਦ ਪਈਆਂ ਸਟੂਡੈਂਟ ਚੋਣਾਂ ਨੂੰ ਕੈਪਟਨ ਸਰਕਾਰ ਨੇ ਇਸ ਸਾਲ ਤੋਂ ਕਰਵਾਉਣ ਦਾ ਫੈਸਲਾ ਕੀਤਾ ਹੈ। ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਧੰਨਵਾਦ ਮਤਾ ਪੇਸ਼ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਗਾਮੀ ਅਕਾਦਮਿਕ ਸੈਸ਼ਨ ਵਿਚ ਸੂਬੇ ‘ਚ ਸਟੂਡੈਂਟ ਚੋਣਾਂ ਕਰਵਾਈਆਂ ਜਾਣਗੀਆਂ। ਸੂਤਰਾਂ ਅਨੁਸਾਰ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸਤੰਬਰ ਵਿਚ ਸਟੂਡੈਂਟ ਚੋਣਾਂ ਕਰਵਾਏ ਜਾਣ ਦੀ ਸੰਭਾਵਨਾ ਹੈ। ਪੰਜਾਬ ਵਿਚ 1984 ਵਿਚ ਹੋਏ ਅਪਰੇਸ਼ਨ ਬਲੂ ਸਟਾਰ ਤੋਂ ਬਾਅਦ ਸਟੂਡੈਂਟ ਚੋਣਾਂ ਨਹੀਂ ਕਰਵਾਈਆਂ ਗਈਆਂ। ਤਦ ਗ੍ਰਹਿ ਮੰਤਰਾਲੇ ਦਾ ਕਹਿਣਾ ਸੀ ਕਿ ਸੂਬੇ ਵਿਚ ਸਟੂਡੈਂਟ ਚੋਣਾਂ ਕਰਵਾਉਣਾ ਠੀਕ ਨਹੀਂ ਹੈ। ਇਸ ਨਾਲ ਮਾਹੌਲ ਖਰਾਬ ਹੋ ਸਕਦਾ ਹੈ। ਇਸਦੇ ਚੱਲਦੇ ਪਿਛਲੇ 35 ਸਾਲ ਤੋਂ ਸਟੂਡੈਂਟ ਚੋਣਾਂ ਬੰਦ ਸਨ। ਹਾਲਾਂਕਿ ਹੁਣ ਵੀ ਸਟੂਡੈਂਟ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਲੋਕਾਂ ਦੇ ਵਿਚਾਰ ਵੱਖ-ਵੱਖ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਰਾਜਨੀਤੀ ਨੂੰ ਸਮਝਣ ਅਤੇ ਵਿਦਿਆਰਥੀਆਂ ਨੂੰ ਰਾਜਨੀਤਕ ਤੌਰ ‘ਤੇ ਜਾਗਰੂਕ ਕਰਨ ਲਈ ਸਟੂਡੈਂਟ ਚੋਣਾਂ ਜ਼ਰੂਰੀ ਹਨ। ਉਥੇ, ਕੁਝ ਲੋਕ ਮੰਨਦੇ ਹਨ ਕਿ ਸਟੂਡੈਂਟ ਚੋਣਾਂ ਵਿਦਿਆਰਥੀਆਂ ਦੇ ਅਕਾਦਮਿਕ ਕਰੀਅਰ ਵਿਚ ਹਿੰਸਾ ਦਾ ਮਾਹੌਲ ਪੈਦਾ ਕਰਨ ਲਈ ਜ਼ਿੰਮੇਵਾਰ ਹਨ।
ਇਹ ਜਾਨਣਾ ਵੀ ਜ਼ਰੂਰੀ : 1977 ਵਿਚ ਪਹਿਲੀ ਚੋਣ, 1978 ਵਿਚ ਸ਼ੁਰੂ ਹੋਈ ਵੋਟਿੰਗ
ਪਹਿਲੀ ਚੋਣ ਵਿਚ ਸਰਬਸੰਮਤੀ ਨਾਲ ਚੁਣੇ ਗਏ ਸਨ ਅਹੁਦੇਦਾਰ
ਪੰਜਾਬ ਵਿਚ ਸਟੂਡੈਂਟ ਚੋਣਾਂ 1977 ਵਿਚ ਹੋਈਆਂ। ਉਨ੍ਹਾਂ ਦਿਨਾਂ ਵਿਚ ਸਰਬਸੰਮਤੀ ਨਾਲ ਅਹੁਦੇਦਾਰ ਚੁਣੇ ਜਾਂਦੇ ਸਨ। 1978 ਵਿਚ ਵੋਟਾਂ ਨਾਲ ਪੈਣੀਆਂ ਸ਼ੁਰੂ ਹੋਈਆਂ। ਪ੍ਰੇਮ ਸਿੰਘ ਚੰਦੂਮਾਜਰਾ, ਬ੍ਰਹਮ ਮਹਿੰਦਰਾ ਜਿਹੇ ਨੇਤਾ ਇਨ੍ਹਾਂ ਚੋਣਾਂ ‘ਚੋਂ ਨਿਕਲੇ ਹਨ। 1983 ਤੱਕ ਪੰਜਾਬ ਦੇ ਕਾਲਜ, ਯੂਨੀਵਰਸਿਟੀਆਂ ‘ਚ ਚੋਣਾਂ ਹੁੰਦੀਆਂ ਰਹੀਆਂ। 1984 ਵਿਚ ਪੰਜਾਬ ਵਿਚ ਮਾਹੌਲ ਤਣਾਅਪੂਰਨ ਹੋਇਆ ਅਤੇ ਚੋਣਾਂ ਨਹੀਂ ਹੋ ਸਕੀਆਂ।
ਸੂਬੇ ‘ਚ 6 ਵੱਡੀਆਂ ਯੂਨੀਵਰਸਿਟੀਆਂ, ਜਿਥੋਂ ਦੀਆਂ ਚੋਣਾਂ ਰੱਖਦੀਆਂ ਹਨ ਮਾਅਨੇ
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਮੈਡੀਕਲ ਸਾਇੰਸ (ਕੋਟਕਪੂਰਾ), ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ), ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ (ਲੁਧਿਆਣਾ), ਪੰਜਾਬ ਐਗਰੀਕਲਚਰ ਯੂਨੀਅਨ (ਲੁਧਿਆਣਾ), ਪੰਜਾਬ ਟੈਕਨੀਕਲ ਯੂਨੀਵਰਸਿਟੀ (ਜਲੰਧਰ) ਅਤੇ ਪੰਜਾਬੀ ਯੂਨੀਵਰਸਿਟੀ (ਪਟਿਆਲਾ) ਦੀਆਂ ਚੋਣਾਂ ਪ੍ਰਮੁੱਖ ਹੁੰਦੀਆਂ ਹਨ। ਇਸ ਤੋਂ ਇਲਾਵਾ ਕਰੀਬ 276 ਕਾਲਜ ਵੀ ਹਨ।
ਇਨ੍ਹਾਂ ਤਿੰਨ ਦਲਾਂ ‘ਚ ਹਮੇਸ਼ਾ ਰਹਿੰਦਾ ਮੁੱਖ ਮੁਕਾਬਲਾ
ਪੰਜਾਬ ਵਿਚ ਸਟੂਡੈਂਟ ਚੋਣਾਂ ਹੋਣ ‘ਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ), ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (ਐਸਓਆਈ) ਅਤੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ (ਐਨਐਸਯੂਆਈ) ਵਿਚ ਮੁੱਖ ਮੁਕਾਬਲਾ ਹੋਵੇਗਾ। ਇਨ੍ਹਾਂ ਵਿਚ ਏਬੀਵੀਪੀ ਭਾਜਪਾ, ਐਸਓਆਈ ਅਕਾਲੀ ਦਲ ਦੀ ਅਤੇ ਐਨਐਸਯੂਆਈ ਕਾਂਗਰਸ ਦੀ ਇਕਾਈ ਹੈ।
ਹੁਣ ਤੱਕ ਦੀ ਕਵਾਇਦ : ਲਿੰਗਦੋਹ ਕਮੇਟੀ ਤਾਂ ਬਣੀ ਪਰ ਸਿਫਾਰਸ਼ਾਂ ਨਜ਼ਰਅੰਦਾਜ਼
ਕਰੀਬ 16 ਸਾਲ ਪਹਿਲਾਂ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਸਾਬਕਾ ਚੋਣ ਕਮਿਸ਼ਨਰ ਜੇਮਸ ਮਾਈਕਲ ਲਿੰਗਦੋਹ ਦੀ ਅਗਵਾਈ ਵਿਚ ਗਠਿਤ ਕਮੇਟੀ ਨੇ ਆਪਣੀਆਂ ਸਿਫਾਰਸ਼ਾਂ ਸੁਪਰੀਮ ਕੋਰਟ ਨੂੰ ਸੌਂਪਦੇ ਹੋਏ ਪੰਜਾਬ ਵਿਚ ਸਟੂਡੈਂਟ ਚੋਣਾਂ ਕਰਾਉਣ ਦੀ ਗੱਲ ਕਹੀ ਸੀ। ਇਨ੍ਹਾਂ ਸਿਫਾਰਸ਼ਾਂ ਨੂੰ ਅੱਜ ਤੱਕ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਯੂਜੀਸੀ ਵਲੋਂ ਵੀ ਹਰ ਸਾਲ ਪੱਤਰ ਲਿਖਿਆ ਜਾ ਰਿਹਾ ਹੈ ਕਿ ਚੋਣਾਂ ਕਰਵਾਈਆਂ ਜਾਣ। ਇਸਦੇ ਬਾਵਜੂਦ ਹੁਣ ਤੱਕ ਪੰਜਾਬ ਵਿਚ ਸਟੂਡੈਂਟ ਚੋਣਾਂ ਨਹੀਂ ਕਰਵਾਈਆਂ ਗਈਆਂ ਸਨ।
ਹਰਿਆਣਾ ਸਰਕਾਰ ਨੇ ਵੀ ਹਾਲ ਹੀ ‘ਚ ਕੀਤਾ ਹੈ ਐਲਾਨ
ਹਰਿਆਣਾ ਸਰਕਾਰ ਨੇ ਵੀ ਹਾਲ ਹੀ ਵਿਚ ਐਲਾਨ ਕੀਤਾ ਹੈ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸਟੂਡੈਂਟ ਚੋਣਾਂ ਕਰਵਾਈਆਂ ਜਾਣਗੀਆਂ। ਹਰਿਆਣਾ ਵਿਚ 1993 ਵਿਚ ਕਿਸੇ ਕਾਰਨਾਂ ਕਰਕੇ ਸਟੂਡੈਂਟ ਚੋਣਾਂ ਬੰਦ ਕਰ ਦਿੱਤੀਆਂ ਗਈਆਂ ਸਨ। ਹੁਣ ਸਰਕਾਰ ਨੇ ਐਲਾਨ ਕੀਤਾ ਹੈ ਕਿ 2018-19 ਦੇ ਸੈਸ਼ਨ ਵਿਚ ਸਟੂਡੈਂਟ ਚੋਣਾਂ ਕਰਵਾਈਆਂ ਜਾਣਗੀਆਂ।
ਕਾਲਜ ਚੋਣਾਂ ‘ਚ ਵਿਦਿਆਰਥੀਆਂ ਨੂੰ ਮਿਲਣਗੇ ਹੋਰ ਮੌਕੇ : ਕੰਗ
ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦਾ ਕਹਿਣਾ ਹੈ ਕਿ ਚੋਣਾਂ ਨਾਲ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਹੋਰ ਮੌਕੇ ਮਿਲਣਗੇ। ਇਸ ਨਾਲ ਹਰ ਵਿਦਿਆਰਥੀ ਆਪਣੇ ਅਧਿਕਾਰਾਂ ਨੂੰ ਲੈ ਕੇ ਅਵਾਜ਼ ਉਠਾ ਸਕਦਾ ਹੈ।
ਕਵਾਲਟੀ ਆਫ ਪੌਲੀਟਿਕਸ ਵੀ ਆਵੇਗੀ ਸਾਹਮਣੇ : ਨਾਗਰਾ
ਪੰਜਾਬ ਯੂਨੀਵਰਸਿਟੀ ਦੀ ਪੌਲੀਟਿਕਸ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੁਲਜੀਤ ਸਿੰਘ ਨਾਗਰਾ ਹੁਣ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਵਿਧਾਇਕ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਟੂਡੈਂਟ ਚੋਣਾਂ ਕਰਾਉਣਾ ਚੰਗੀ ਗੱਲ ਹੈ। ਇਸ ਨਾਲ ਕਵਾਲਟੀ ਆਫ ਪੌਲੀਟਿਕਸ ਸਾਹਮਣੇ ਆਵੇਗੀ। ਹਰ ਨੌਜਵਾਨ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …