Breaking News
Home / ਪੰਜਾਬ / ਕੇਜਰੀਵਾਲ ਨੇ ਪੰਜਾਬ ਲਈ ਹੋਰ ਗਾਰੰਟੀਆਂ ਦਾ ਕੀਤਾ ਐਲਾਨ

ਕੇਜਰੀਵਾਲ ਨੇ ਪੰਜਾਬ ਲਈ ਹੋਰ ਗਾਰੰਟੀਆਂ ਦਾ ਕੀਤਾ ਐਲਾਨ

ਕਰਤਾਰਪੁਰ ਤੋਂ ਮਹਿਲਾ ਸ਼ਕਤੀਕਰਨ ਮੁਹਿੰਮ ਸ਼ੁਰੂ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੁਆਬੇ ਦੇ ਦੋ ਜ਼ਿਲ੍ਹੇ ਜਲੰਧਰ ਤੇ ਹੁਸ਼ਿਆਰਪੁਰ ਦਾ ਦੌਰਾ ਕੀਤਾ ਅਤੇ ਪੰਜਾਬ ਵਾਸੀਆਂ ਨੂੰ ਪਾਰਟੀ ਵੱਲੋਂ ਦੋ ਹੋਰ ਗਾਰੰਟੀਆਂ ਦਿੱਤੀਆਂ। ਉਨ੍ਹਾਂ ਕਰਤਾਰਪੁਰ ‘ਚ ਮਹਿਲਾ ਸ਼ਕਤੀਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਦਕਿ ਹੁਸ਼ਿਆਰਪੁਰ ‘ਚ ਐੱਸਸੀ ਭਾਈਚਾਰੇ ਦੇ ਰੂਬਰੂ ਹੋਏ। ਜ਼ਿਲ੍ਹਾ ਜਲੰਧਰ ਦੇ ਹਲਕਾ ਕਰਤਾਰਪੁਰ ਦੇ ਪਿੰਡ ਸਰਾਏ ਖਾਸ ‘ਚ ਮਹਿਲਾ ਸਸ਼ਕਤੀਕਰਨ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੇਜਰੀਵਾਲ ਨੇ ਪੰਜਾਬ ਦੀਆਂ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਦੀ ਤੀਜੀ ਗਾਰੰਟੀ ਦਿੱਤੀ ਤੇ ਇਸ ਲਈ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਨਾਲ ‘ਆਪ’ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਹਾਜ਼ਰ ਸਨ। ਕੇਜਰੀਵਾਲ ਨੇ ਪਾਰਟੀ ਵੱਲੋਂ ਰਜਿਸਟ੍ਰੇਸ਼ਨ ਲਈ ਜਾਰੀ ਨੰਬਰ ‘ਤੇ ਮਿਸਡ ਕਾਲ ਕਰਕੇ ਇਲਾਕੇ ਦੀਆਂ ਮਹਿਲਾਵਾਂ ਦੀ ਤੀਜੀ ਗਾਰੰਟੀ ਲਈ ਰਜਿਸਟ੍ਰੇਸ਼ਨ ਕੀਤੀ ਤਾਂ ਜੋ ਸੂਬੇ ਵਿਚ ‘ਆਪ’ ਦੀ ਸਰਕਾਰ ਬਣਨ ‘ਤੇ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪ੍ਰਾਪਤ ਹੋਵੇ। ਇਕੱਠ ਦੌਰਾਨ ਔਰਤਾਂ ਵੱਡੀ ਗਿਣਤੀ ‘ਚ ਹਾਜ਼ਰ ਸਨ ਤੇ ਉਹ ‘ਆਪ’ ਵੱਲੋਂ ਸ਼ੁਰੂ ਕੀਤੀ ਗਈ ਰਜਿਸਟ੍ਰੇਸ਼ਨ ਵਿਚ ਹਿੱਸਾ ਲੈ ਰਹੀਆਂ ਸਨ। ਪਿੰਡ ਸਰਾਏ ਖ਼ਾਸ ਵਿੱਚ ਕਰਾਏ ਸਮਾਗਮ ‘ਚ ਅਰਵਿੰਦ ਕੇਜਰੀਵਾਲ ਨੇ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਦੇਸ਼ ਦੀਆਂ ਮਹਿਲਾਵਾਂ ਬਹੁਤ ਮਿਹਨਤੀ ਹਨ। ‘ਆਪ’ ਦੀ ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਦੀਆਂ ਮਾਵਾਂ-ਭੈਣਾਂ ਨੂੰ 1000 ਰੁਪਏ ਦੇਣ ਨਾਲ ਉਹ ਹੋਰ ਮਜ਼ਬੂਤ ਹੋਣਗੀਆਂ। ਅਰਵਿੰਦ ਕੇਜਰੀਵਾਲ ਨੇ ਆਰੋਪ ਲਾਇਆ ਕਿ ਪੰਜਾਬ ‘ਚ 20 ਹਜ਼ਾਰ ਕਰੋੜ ਦਾ ਰੇਤਾ ਚੋਰੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਬਣਾ ਕੇ ਰੇਤ ਦੀ 20 ਹਜ਼ਾਰ ਕਰੋੜ ਦੀ ਚੋਰੀ ਬੰਦ ਕਰਾਉਣਗੇ ਅਤੇ ਇਸ ਪੈਸੇ ਵਿੱਚੋਂ ਹੀ ਮਾਵਾਂ-ਭੈਣਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਪ੍ਰਬੰਧ ਕਰਨਗੇ। ਇਸ ਮਗਰੋਂ ਕੇਜਰੀਵਾਲ ਹੁਸ਼ਿਆਰਪੁਰ ਪਹੁੰਚੇ ਜਿੱਥੇ ਉਨ੍ਹਾਂ ਅਨੁਸੂਚਿਤ ਜਾਤੀ ਭਾਈਚਾਰੇ ਲਈ ਚਾਰ ਗਾਰੰਟੀਆਂ ਦਾ ਐਲਾਨ ਕੀਤਾ। ਉਨ੍ਹਾਂ ਵਾਅਦਾ ਕੀਤਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਅਨੁਸੂਚਿਤ ਜਾਤੀ ਪਰਿਵਾਰਾਂ ਦੇ ਹਰੇਕ ਬੱਚੇ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਜਿਹੜੇ ਨੌਜਵਾਨ ਇੰਜਨੀਅਰਿੰਗ, ਮੈਡੀਕਲ ਜਾਂ ਹੋਰ ਕੋਈ ਕਿੱਤਾਮੁਖੀ ਕੋਰਸ ਕਰਨਾ ਚਾਹੁਣਗੇ, ਉਨ੍ਹਾਂ ਨੂੰ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ। ਜਿਹੜੇ ਨੌਜਵਾਨ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਲਈ ਵਿਦੇਸ਼ ਜਾਣਾ ਚਾਹੁਣਗੇ, ਉਸ ਦਾ ਸਾਰਾ ਖਰਚਾ ਸਰਕਾਰ ਦੇਵੇਗੀ। ਪਰਿਵਾਰ ਦਾ ਕੋਈ ਵੀ ਮੈਂਬਰ ਜੇਕਰ ਬਿਮਾਰ ਹੁੰਦਾ ਹੈ ਤਾਂ ਉਸ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਮਹਿਲਾਵਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦੀ ਗਾਰੰਟੀ ਵੀ ਦੁਹਰਾਈ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ, ਕੁੰਵਰ ਵਿਜੈ ਪ੍ਰਤਾਪ ਸਿੰਘ ਤੇ ਬਲਕਾਰ ਸਿੰਘ ਵੀ ਮੌਜੂਦ ਸਨ।
ਚੰਨੀ ਦੇ ਹਲਕੇ ‘ਚ ਹੁੰਦੀ ਹੈ ਰੇਤੇ ਦੀ ਨਾਜਾਇਜ਼ ਮਾਈਨਿੰਗ: ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਆਰੋਪ ਲਾਇਆ ਕਿ ਉਨ੍ਹਾਂ ਦੇ ਹਲਕੇ ਵਿਚ ਰੇਤੇ ਦੀ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਚੱਲ ਰਿਹਾ ਹੈ। ਇਸ ਦੀ ਜਾਂਚ ਹੋਵੇ ਅਤੇ ਕੇਸ ਦਰਜ ਹੋਣਾ ਚਾਹੀਦਾ ਹੈ। ਕੇਜਰੀਵਾਲ ਨੇ ਆਖਿਆ ਕਿ ਇਸ ਸਬੰਧ ‘ਚ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵੀ ਆਰੋਪ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਰੇਤ ਦੀ ਗ਼ੈਰ-ਕਾਨੂੰਨੀ ਮਾਈਨਿੰਗ ਦੇ ਕਾਰੋਬਾਰ ਵਿੱਚ ਕਈ ਮੰਤਰੀ ਤੇ ਵਿਧਾਇਕ ਵੀ ਸ਼ਾਮਲ ਹਨ।

Check Also

ਲੁਧਿਆਣਾ ’ਚ ਸਿਆਸੀ ਵਿਰੋਧੀਆਂ ’ਤੇ ਭੜਕੇ ਸੁਖਬੀਰ ਬਾਦਲ

ਕਿਹਾ : ਪੰਜਾਬ ’ਚ ਵਿਕਾਸ ਸਿਰਫ ਅਕਾਲੀ ਦਲ ਨੇ ਹੀ ਕਰਵਾਇਆ ਲੁਧਿਆਣਾ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ …