ਕਿਹਾ : ਇਸ ਨਾਲ ਸੂਬੇ ਦੀ ਆਰਥਿਕਤਾ ਨੂੰ ਮਿਲੇਗਾ ਹੁਲਾਰਾ
ਅੰਮ੍ਰਿਤਸਰ : ਅੰਮ੍ਰਿਤਸਰ ‘ਚ ਕੌਮਾਂਤਰੀ ਪਾਇਟੈਕਸ ਵਪਾਰ ਮੇਲੇ ਦੇ ਸਮਾਪਤੀ ਸਮਾਗਮ ਵਿੱਚ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਿੱਤੇ ਦੀ ਖੁਸ਼ਹਾਲੀ ਲਈ ਕੇਂਦਰ ਸਰਕਾਰ ਤੋਂ ਸਰਹੱਦ ਰਸਤੇ ਪਾਕਿਸਤਾਨ ਨਾਲ ਦੁਵੱਲਾ ਵਪਾਰ ਮੁੜ ਸ਼ੁਰੂ ਕਰਨ ਦੀ ਵਕਾਲਤ ਕੀਤੀ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਇਕ ਪੱਤਰ ਭੇਜਿਆ ਜਾਵੇਗਾ ਤੇ ਮੁੱਖ ਮੰਤਰੀ ਵੀ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਜਾਣਗੇ। ਇਸ ਮੌਕੇ ਚੰਨੀ ਨੇ ਆਖਿਆ ਕਿ ਜੇ ਸਮੁੰਦਰ ਰਸਤੇ ਪਾਕਿਸਤਾਨ ਨਾਲ ਦੁਵੱਲਾ ਵਪਾਰ ਹੋ ਸਕਦਾ ਹੈ ਤਾਂ ਸੜਕ ਰਸਤੇ ਕਿਉਂ ਨਹੀਂ। ਅਟਾਰੀ-ਵਾਹਗਾ ਸਰਹੱਦ ਰਸਤੇ ਦੁਵੱਲਾ ਵਪਾਰ ਖੋਲ੍ਹਣ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਪੀਐੱਚਡੀ ਚੈਂਬਰ ਆਫ ਕਾਮਰਸ ਦੀ ਮੰਗ ਸਵੀਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੇ ਪਾਇਟੈਕਸ ਵਪਾਰ ਮੇਲੇ ਲਈ ਦਸ ਏਕੜ ਰਕਬੇ ਵਿਚ ਕਨਵੈਨਸ਼ਨ ਸੈਂਟਰ ਬਣਾਇਆ ਜਾਵੇਗਾ ਅਤੇ ਇਸ ਦਾ ਨੀਂਹ ਪੱਥਰ ਇਸੇ ਹਫਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਪਾਰ ਅਤੇ ਸਨਅਤ ਦੇ ਕਾਰਜਾਂ ਲਈ ‘ਸਿੰਗਲ ਵਿੰਡੋ ਪ੍ਰਣਾਲੀ’ ਲਾਗੂ ਕਰਨ ਲਈ ਜਲਦੀ ਕੰਮ ਸ਼ੁਰੂ ਕੀਤਾ ਜਾਵੇਗਾ। ਇਕ ਅਧਿਕਾਰੀ ਨੂੰ ਇਸ ਸਬੰਧੀ ਸਾਰੀਆਂ ਤਾਕਤਾਂ ਦਿੱਤੀਆਂ ਜਾਣਗੀਆਂ, ਜੋ ਵਪਾਰੀਆਂ ਅਤੇ ਸਨਅਤਕਾਰਾਂ ਦੇ ਸਾਰੇ ਮਾਮਲੇ ਇਕੋ ਥਾਂ ‘ਤੇ ਹੱਲ ਕਰ ਸਕੇ। ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਵਪਾਰ ਤੋਂ ਇਲਾਵਾ ਧਾਰਮਿਕ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਵੀ ਵੱਡੀ ਸੰਭਾਵਨਾ ਹੈ। ਸੂਬੇ ਵਿੱਚ ਸੈਰ ਸਪਾਟਾ ਉਤਸ਼ਾਹਿਤ ਕਰਨ ਲਈ ਮੁੱਢਲੇ ਢਾਂਚੇ ਦਾ ਹੋਰ ਵਿਕਾਸ ਕੀਤਾ ਜਾਵੇਗਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦੁਵੱਲੇ ਵਪਾਰ ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੁਝ ਦਹਾਕੇ ਪਹਿਲਾਂ ਅੰਮ੍ਰਿਤਸਰ ਵੱਡੀ ਵਪਾਰਕ ਮੰਡੀ ਸੀ। ਸੂਬਾ ਹਰ ਪੱਖੋਂ ਖੁਸ਼ਹਾਲ ਸੀ। ਜੇ ਪਾਕਿਸਤਾਨ ਸਮੇਤ ਸਿਲਕ ਰੂਟ ਦੇ 34 ਮੁਲਕਾਂ ਨਾਲ ਵਪਾਰ ਮੁੜ ਸ਼ੁਰੂ ਕੀਤਾ ਜਾਵੇ ਤਾਂ ਇਹ ਖਿੱਤਾ ਮੁੜ ਆਰਥਿਕ ਪੱਖੋਂ ਮਜ਼ਬੂਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਉਹ ਦੋਵੇਂ ਦੋ ਸਰੀਰ ਤੇ ਇਕ ਰੂਹ ਹਨ, ਜਿਨ੍ਹਾਂ ਦਾ ਮੰਤਵ ਪੰਜਾਬ ਨੂੰ ਤਰੱਕੀ ਦੀ ਲੀਹ ‘ਤੇ ਲਿਜਾਣਾ ਹੈ। ਇਸ ਮੌਕੇ ਪੀਐੱਚਡੀ ਚੈਂਬਰ ਦੇ ਆਗੂ ਕਰਨ ਗਲਹੋਤਰਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ, ਪੀਐਚਡੀ ਚੈਂਬਰ ਦੇ ਜੈਦੀਪ ਸਿੰਘ, ਨਵੀਨ ਸੇਠ ਤੇ ਹੋਰ ਹਾਜ਼ਰ ਸਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਪੰਜ ਅਕਾਦਮਿਕ ਚੇਅਰਾਂ ਸਥਾਪਤ
ਅੰਮ੍ਰਿਤਸਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਡਾ. ਬੀ.ਆਰ. ਅੰਬੇਡਕਰ ਚੇਅਰ, ਸੰਤ ਕਬੀਰ, ਬਾਬਾ ਜੀਵਨ ਸਿੰਘ/ਭਾਈ ਜੈਤਾ ਜੀ, ਮੱਖਣ ਸ਼ਾਹ ਲੁਬਾਣਾ ਅਤੇ ਭਗਵਾਨ ਵਾਲਮੀਕਿ ਚੇਅਰ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਚੰਗੀ ਸਿੱਖਿਆ ਹੀ ਕਿਸੇ ਨੂੰ ਗਰੀਬੀ ‘ਚੋਂ ਬਾਹਰ ਕੱਢ ਸਕਦੀ ਹੈ। ਚੰਗੀ ਸਿਖਿਆ ਤੋਂ ਬਿਨਾਂ ਕੋਈ ਵੀ ਸੂਬਾ ਤਰੱਕੀ ਨਹੀਂ ਕਰ ਸਕਦਾ, ਇਸ ਲਈ ਪੰਜਾਬ ਸਰਕਾਰ ਨਵਾਂ ਸਿੱਖਿਆ ਮਾਡਲ ਲੈ ਕੇ ਆ ਰਹੀ ਹੈ, ਜਿਸ ਵਿੱਚ ਸਾਰਿਆਂ ਨੂੰ ਚੰਗੀ ਤੇ ਸਸਤੀ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ ਹੀ ਸਿੱਖਿਆ ਨੂੰ ਰੁਜ਼ਗਾਰਮੁਖੀ ਵੀ ਬਣਾਇਆ ਜਾਵੇਗਾ।