ਬਰੈਂਪਟਨ ਸਾਊਥ ਸੂਬਾਈ ਅਸੈਂਬਲੀ ਤੋਂ ਪੀ ਸੀ ਉਨਟਾਰੀਓ ਪਾਰਟੀ ਦੇ ਉਮੀਦਵਾਰ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਜਿਤਾਉਣਾ ਜ਼ਰੂਰੀ
ਜਸਪਾਲ ਸਿੰਘ ਬੱਲ
ਮੈਂ ਬੇਸ਼ੱਕ ਆਪਣੀ ਸਮੁੱਚੀ ਕੈਨੇਡੀਅਨ ਜਿੰਦਗੀ, ਮਿਸੀਸਾਗਾ ਸ਼ਹਿਰ ਦੇ ਵਸਨੀਕ ਵਜੋਂ ਬਤੀਤ ਕੀਤੀ ਹੈ ਪਰ ਇਸ ਦੇ ਬਾਵਜੂਦ, ਬਰੈਂਪਟਨ ਸ਼ਹਿਰ ਅਤੇ ਖਾਸ ਤੌਰ ਉਪਰ ਹਾਈਵੇ 10/ਸਟੀਲ ਦੇ ਇਲਾਕੇ ਨਾਲ ਮੇਰਾ ਬਹੁਤ ਸਬੰਧ ਰਿਹਾ ਹੈ। ਇਸ ਇਲਾਕੇ ਵਿਚ ਪੰਜਾਬੀਆਂ ਦੀ ਭਰਵੀਂ ਵਸੋਂ ਸਦਕਾ ਅਨੇਕਾਂ ਇਲਕੈਸ਼ਨਾਂ ਵਿਚ ਮੈਂ ਸਰਗਰਮੀ ਨਾਲ ਹਿੱਸਾ ਲਿਆ । ਇਨ੍ਹਾਂ ਸਰਗਰਮੀਆਂ ਵਿਚ ਉਮੀਦਵਾਰ ਦੀ ਨੌਮੀਨੇਸ਼ਨ ਇਲਕੈਸ਼ਨ ਤੋਂ ਲੈ ਕੇ ਪਾਰਲੀਮੈਂਟ ਦੀ ਇਲਕੈਸ਼ਨ ਤੱਕ ਸ਼ਾਮਲ ਹਨ
ਅਤੇ ਹਰ ਇਲਕੈਸ਼ਨ ਵਿਚ ਆਪਣੇ ਸੁਭਾਅ ਅਨੁਸਾਰ, ਨਿੱਜੀ ਮਨੋਰਥ ਨੂੰ ਲਾਂਭੇ ਰੱਖਕੇ ਹਮੇਸ਼ਾਂ ਹੀ ਕੈਨੇਡੀਅਨ ਸਮਾਜ ਵਿਚ ਕੌਮੀ ਹਿੱਤਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰਾਂ ਦੇ ਹੱਕ ਵਿਚ ਦਿਨ-ਰਾਤ ਇੱਕ ਕੀਤਾ । ਮੇਰੀ ਸੋਚ ਅਨੁਸਾਰ 7 ਜੂਨ 2018 ਨੂੰ ਚੁਣੀ ਜਾਣ ਵਾਲੀ ਉਨਟਾਰੀਓ ਸੂਬੇ ਦੀ ਅਸੈਂਬਲੀ ਲਈ ਇਸ ਹਲਕੇ ਤੋਂ ਪ੍ਰਭਮੀਤ ਸਿੰਘ ਸਰਕਾਰੀਆ ਇਕ ਅਜਿਹਾ ਉਮੀਦਵਾਰ ਹੈ ਜਿਸ ਨੂੰ ਕਿ ਇਸ ਹਲਕੇ ਨਾਲ ਸਬੰਧਤ ਵੱਖੋ-ਵੱਖਰੇ ਵੋਟਰਾਂ ਦੇ ਵਰਗ ਦਾ ਸਹਿਯੋਗ ਮਿਲਣਾ ਬੇਸ਼ੱਕ ਸੁਭਾਵਿਕ ਹੈ ਪਰ ਇਸ ਦੇ ਬਾਵਜੂਦ ਆਪਣੇ ਸੁਭਾਅ ਅਨੁਸਾਰ ਇਰਾਦੇਆਂ ਨੂੰ ਸਪਸ਼ੱਟ ਪ੍ਰਗਟ ਕਰਨ ਦੀ ਆਦਤ ਅਨੁਸਾਰ ਮੈਂ ਇਸ ਇਲਾਕੇ ਦੇ ਪੰਜਾਬੀ ਵਸਨੀਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ 7 ਜੂਨ 2018 ਨੂੰ ਹੋਣ ਜਾ ਰਹੀ ਇਲਕੈਸ਼ਨ ( ਜਿਸ ਦੇ ਲਈ ਐਡਵਾਂਸ ਪੋਲਿੰਗ ਸ਼ੁਰੂ ਹੋ ਚੁੱਕੀ ਹੈ ) ਵਿਚ ਉਸ ਨੂੰ ਸਹਿਯੋਗ ਦੇ ਕੇ ਜਿਤਾਓ । ਲਿਆਕਤ/ਤਜ਼ਰਬੇ ਅਤੇ ਸਮਾਜ ਲਈ ਕੁਝ ਕਰਨ ਸਕਣ ਦੇ ਜ਼ਜ਼ਬੇ ਨੂੰ ਸਮਰਪਿਤ ਇਹ ਨੌਜਵਾਨ ਦੂਰ-ਅੰਦੇਸ਼ੀ ਅਤੇ ਧੀਰਜ ਵਾਲਾ ਸੁਭਾਅ ਦਾ ਧਾਰਨੀ ਹੈ ਜਿਸ ਸਦਕਾ ਮੇਰਾ ਇਹ ਅੰਦਾਜ਼ਾ ਹੈ ਕਿ ਭਵਿੱਖ ਵਿਚ ਇਹ ਨੌਜਵਾਨ ਸਿਰਫ ਸਾਡੇ ਆਪਣੇ ਭਾਈਚਾਰੇ ਲਈ ਹੀ ਨਹੀਂ ਬਲਕਿ ਸਮੁੱਚੇ ਬਰੈਂਪਟਨ ਸਾਊਥ ਹਲਕੇ ਦੀ ਨੁੰਮਾਇਦਗੀ ਕਰਨ ਤੋਂ ਇਲਾਵਾ ਉਨਟਾਰੀਓ ਦੀ ਸਿਆਸਤ ਵਿਚ ਸਤਿਕਾਰਯੋਗ ਜਗ੍ਹਾ ਬਣਾਵੇਗਾ।
ਪ੍ਰਭਮੀਤ ਸਿੰਘ ਸਰਕਾਰੀਆ ਨੂੰ ਇਸ ਹਲਕੇ ਤੋਂ ਇਸ ਕਰਕੇ ਵੀ ਜਿੱਤਾਉਣਾ ਜਰੂਰੀ ਹੈ ਤਾਂ ਜੋ ਕੁਝ ਲੋਕਾਂ ਵਲੋਂ ਭਾਈਚਾਰੇ ਨੂੰ ਵੋਟਾਂ ਉਨਟਾਰੀਓ ਲਿਬਰਲ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਭੁਗਤਾਉਣ ਲਈ ” ਅਸੀਂ ਲਿਬਰਲ ਹਾਂ, ਸਾਨੂੰ ਲਿਬਰਲ ਨੂੰ ਹੀ ਵੋਟਾਂ ਪਾਉਣੀਆ ਚਾਹੀਦੀਆਂ ਹਨ ” ਦਾ ਵਾਸਤਾ ਸਾਡੇ ਭਾਈਚਾਰੇ ਦੇ ਹਿੱਤਾਂ ਲਈ ਨੁਕਸਾਨਦਾਇਕ ਸਿੱਧ ਹੋਵੇਗਾ। ਤਿੰਨ ਕੁ ਦਹਾਕੇ ਪਹਿਲਾਂ ਜਦੋਂ ਮੈਂ ਭਾਈਚਾਰਕ ਹਿੱਤਾਂ ਦੀ ਰਖਵਾਲੀ ਅਤੇ ਉਨ੍ਹਾਂ ਨੂੰ ਕੈਨੇਡੀਅਨ ਸਮਾਜ ਵਿਚ ਉਠਾਉਣ ਲਈ ਜਦੋ-ਜਹਿਦ ਕਰਨੀ ਸ਼ੁਰੂ ਕੀਤੀ ਸੀ ਤਾਂ ਜਿਨ੍ਹਾਂ ਕੁਝ ਬੁਨਿਆਦੀ ਅਸੂਲਾਂ ਨੂੰ ਆਪਣੀ ਸੋਚ ਵਿਚ ਕੇਂਦਰਤ ਕੀਤਾ ਸੀ, ਉਨ੍ਹਾਂ ਵਿਚੋਂ ਇਹ ਮੁੱਦਾ ਵੀ ਸੀ ਕਿ ਸਾਨੂੰ ਹਰ ਪਾਰਟੀ ਦੇ ਨਾਲ ਸਬੰਧ ਬਣਾ ਕੇ ਰੱਖਣੇ ਚਾਹੀਦੇ ਹਨ ਤਾਂ ਜੋ ਕਿਸੇ ਇਕ ਰਾਜਨੀਤਕ ਪਾਰਟੀ ਨੂੰ ਇਹ ਭੁਲੇਖਾ ਨਾਂ ਪੈ ਜਾਵੇ ਕਿ ਅਸੀਂ ਉਨ੍ਹਾਂ ਦੇ ਅੰਨ੍ਹੇ ਭਗਤ ਬਣੇ ਰਹਿਣਾ ਹੈ । ਕਿਉਂਕਿ ਅਜਿਹਾ ਹੋਣ ਦੀ ਸੂਰਤ ਵਿਚ ਉਹ ਸਾਨੂੰ ‘ਘੜੇ ਦੀ ਮੱਛੀ’ ਸਮਝਦੇ ਹੋਏ, ਸਾਡੇ ਮਸਲਿਆਂ ਤੋਂ ਪਾਸਾ ਹੀ ਵੱਟੀ ਰੱਖਣਗੇ ।
ਪ੍ਰਭਮੀਤ ਸਿੰਘ ਸਰਕਾਰੀਆ ਦੀ ਵਿਰੋਧਤਾ ਕਰਨ ਵਿਚ ਕੁਝ ਅਜਿਹੇ ਲੋਕ ਤਰਲੋ-ਮੱਛੀ ਹੋਏ ਪਏ ਹਨ ਜਿਨ੍ਹਾਂ ਨੂੰ ਇਹ ਖਦਸ਼ਾ ਹੈ ਕਿ ਜੇਕਰ ਉਹ ਇਥੋਂ ਇਲਕੈਸ਼ਨ ਵਿਚ ਜਿੱਤ ਪ੍ਰਾਪਤ ਕਰਕੇ ਕਿਊਨਜ਼ ਪਾਰਕ ਪਹੁੰਚ ਗਿਆ ਤਾਂ ਫਿਰ ਉਹ ਕੈਨੇਡੀਅਨ ਸਮਾਜ ਵਿਚ ਉਨ੍ਹਾਂ ਦੇ ਲਈ ਵਿਰੋਧੀ ਵਜੋਂ ਸਥਾਪਿਤ ਹੋ ਜਾਵੇਗਾ। ਪ੍ਰਭਮੀਤ ਸਿੰਘ ਸਰਕਾਰੀਆ ਨੂੰ ਸਿਆਸੀ ਪਿੜ ਵਿਚ ਆਉਣ ਦੇ ਲਈ ਉਤਸ਼ਾਹਿਤ ਕਰਨ ਲਈ ਜਦੋਂ ਮੈਂ ਉਸ ਨਾਲ ਵਿਚਾਰ ਵਟਾਂਦਰਾ ਕੀਤਾ ਸੀ ਤਾਂ ਮੈਂ ਉਸ ਨੂੰ ਕਿਹਾ ਸੀ ਕਿ ਉਸ ਕੋਲ ਇਕ ਇਤਿਹਸਾਕ ਮੌਕਾ ਹੈ ਜਿਸ ਦੇ ਜ਼ਰੀਏ ਉਹ ਸਮੁੱਚੇ ਭਾਈਚਾਰੇ ਦੇ ਅਕਸ ਨੂੰ ਉਨਟਾਰੀਓ ਦੀ ਸਿਆਸਤ ਵਿਚ ਵਧੀਆ ਬਣਾਉਣ ਦੇ ਲਈ ਇਤਿਹਾਸਕ ਯੋਗਦਾਨ ਪਾ ਸਕਦਾ ਹੈ। ਮੇਰੀ ਸੋਚ ਅਨੁਸਾਰ ਵੱਖੋ-ਵੱਖਰੀਆਂ ਪਾਰਟੀਆਂ ਵਿਚ ਯਤਨਸ਼ੀਲ ਸਾਡੇ ਪੰਜਾਬੀ ਰਾਜਨੀਤਕਾਂ ਨੂੰ ‘ਲੋਕ-ਮੁੱਦਿਆਂ’ ਦੇ ਨਾਲ ਜੋੜੀ ਰੱਖਣ ਲਈ ਪ੍ਰਭਮੀਤ ਸਿੰਘ ਸਰਕਾਰੀਆ ਵਰਗੇ ਉਮੀਦਵਾਰਾਂ ਨੂੰ ਜਿਤਾਉਣਾ ਜਰੂਰੀ ਹੈ। ਬਰੈਂਪਟਨ ਸਾਊਥ ਦੇ ਹਲਕੇ ਦੇ ਵੋਟਰਾਂ ਨਾਲ ਮੇਰਾ ਵਾਅਦਾ ਹੈ ਕਿ ਜੇਕਰ ਜਿੱਤਣ ਤੋਂ ਬਾਅਦ, ਪ੍ਰਭਮੀਤ ਸਿੰਘ ਸਰਕਾਰੀਆ ਵੀ ਹੁਣ ਤੱਕ ਬਰੈਂਪਟਨ ਤੋਂ ਚੁਣੇ ਗਏ ਕੁਝ ਰਾਜਨੀਤਕਾਂ ਦੀ ਤਰ੍ਹਾਂ ਖਾਲਸਾ ਡੇਅ ਪਰੇਡ ਜਾਂ ਲੋਕਾਂ ਦੇ ਘਰ ਸੁਖਮਨੀ ਸਾਹਿਬ ਦੇ ਪਾਠ ਆਦਿ ਵਿਖੇ ਜਾਣ ਲਈ ਟਰੈਵਲ ਐਕਸਪੈਂਸ ਵਸੂਲਣ ਵਰਗੇ ਕੰਮ ਕਰੇਗਾ ਤਾਂ ਮੈਂ ਉਸੇ ਹੀ ਸ਼ਿੱਦਤ ਨਾਲ ਅਜਿਹੀਆਂ ਕਾਰਵਾਈਆਂ ਨੂੰ ਭਾਈਚਾਰੇ ਦੇ ਸਾਹਮਣੇ ਰੱਖਾਂਗਾ ਜਿਵੇਂ ਕਿ ਮੈਂ ਮੌਜੂਦਾ ਐਮ ਪੀ ਪੀ ਅਤੇ ਐਮ ਪੀ ਦੇ ਮੁੱਦੇ ਉਭਾਰਦਾ ਰਹਿੰਦਾ ਹਾਂ ।
(647-990-1795)
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …