ਮੈਡੀਕਲ ਸਟੋਰ ਸੰਚਾਲਕ ਕੋਲੋਂ ਲਾਇਸੈਂਸ ਜਾਰੀ ਕਰਨ ਬਦਲੇ ਰਿਸ਼ਵਤ ਮੰਗਣ ਦਾ ਆਰੋਪ
ਅੰਮ੍ਰਿਤਸਰ/ਬਿਊਰੋ ਨਿਊਜ਼ : ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੀ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ ਅਤੇ ਇਕ ਦਰਜਾ ਚਾਰ ਮੁਲਾਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬਬਲੀਨ ਕੌਰ ‘ਤੇ ਆਪਣੇ ਅਧੀਨ ਕੰਮ ਕਰਨ ਵਾਲੇ ਦਰਜਾ ਚਾਰ ਮੁਲਾਜ਼ਮ ਰਾਹੀਂ ਮੈਡੀਕਲ ਸਟੋਰ ਸੰਚਾਲਕ ਕੋਲੋਂ ਲਾਇਸੰਸ ਜਾਰੀ ਕਰਨ ਬਦਲੇ ਰਿਸ਼ਵਤ ਮੰਗਣ ਦਾ ਆਰੋਪ ਹੈ। ਇਸ ਸਬੰਧੀ ਜਦੋਂ ਪੁਲਿਸ ਨੇ ਦਰਜਾ ਚਾਰ ਕਰਮਚਾਰੀ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਡਰੱਗ ਇੰਸਪੈਕਟਰ ਬਬਲੀਨ ਕੌਰ ਦਾ ਨਾਂ ਲਿਆ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਬਬਲੀਨ ਕੌਰ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਡਰੱਗ ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰਨ ਲਈ ਅੰਮ੍ਰਿਤਸਰ ਸਥਿਤ ਉਸ ਦੇ ਘਰ ਪਹੁੰਚੀ ਪ੍ਰੰਤੂ ਉਹ ਉਥੇ ਨਹੀਂ ਮਿਲੀ। ਪੁਲਿਸ ਨੂੰ ਜਾਣਕਾਰੀ ਪ੍ਰਾਪਤ ਹੋਈ ਕਿ ਡਰੱਗ ਇੰਸਪੈਕਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਲੁਕੀ ਹੋਈ ਹੈ। ਸੂਚਨਾ ਦੇ ਆਧਾਰ ‘ਤੇ ਪੰਜਾਬ ਪੁਲਿਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਰੇਡ ਕੀਤੀ ਅਤੇ ਪੁਲਿਸ ਨੇ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਤੋਂ ਬਾਅਦ ਪੁਲਿਸ ਪੁੱਛਗਿੱਛ ਲਈ ਉਸ ਆਪਣੇ ਨਾਲ ਗੁਰਦਾਸਪੁਰ ਲੈ ਗਈ।