Breaking News
Home / ਪੰਜਾਬ / ਲੁਧਿਆਣਾ ‘ਚ ਕਿਸਾਨਾਂ ਅਤੇ ਮਜ਼ਦੂਰਾਂ ਦਾ ਹੋਇਆ ਵੱਡਾ ਇਕੱਠ

ਲੁਧਿਆਣਾ ‘ਚ ਕਿਸਾਨਾਂ ਅਤੇ ਮਜ਼ਦੂਰਾਂ ਦਾ ਹੋਇਆ ਵੱਡਾ ਇਕੱਠ

ਕਿਸਾਨਾਂ ਤੇ ਮਜ਼ਦੂਰਾਂ ਦਾ ਏਕਾ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕਰੇਗਾ : ਬਲਬੀਰ ਸਿੰਘ ਰਾਜੇਵਾਲ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਦੀ ਦਾਣਾ ਮੰਡੀ ‘ਚ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ ਐਸ.ਆਰ. ਲੱਧੜ ਦੀ ਦੇਖ-ਰੇਖ ‘ਚ ਕਿਸਾਨ, ਮਜ਼ਦੂਰ ਤੇ ਕਿਰਤੀ ਮਹਾਂਪੰਚਾਇਤ ਕਰਵਾਈ ਗਈ। ਜਿਸ ‘ਚ ਪੁੱਜੇ ਆਗੂਆਂ ਨੇ ਜਿੱਥੇ ਕੇਂਦਰ ਸਰਕਾਰ ਦੇ ਤਿੰਨੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ, ਉੱਥੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਛੱਡ ਕੇ ਬਾਕੀ ਆਗੂਆਂ ਨੇ ਪੰਜਾਬ ਵਿਧਾਨ ਸਭਾ ਦੀ 2022 ‘ਚ ਹੋਣ ਵਾਲੀ ਵਿਧਾਨ ਸਭਾ ਚੋਣ ਲੜਨ ਤੇ ਸੱਤਾ ਪ੍ਰਾਪਤ ਕਰਨ ‘ਤੇ ਜ਼ੋਰ ਦਿੱਤਾ। ਲੁਧਿਆਣਾ ਵਿਖੇ ਹੋਈ ਮਹਾਂਪੰਚਾਇਤ ‘ਚ ਵੱਡੀ ਗਿਣਤੀ ‘ਚ ਦਲਿਤ ਭਾਈਚਾਰੇ ਨੇ ਪੁੱਜ ਕੇ ਪਹਿਲੀ ਵਾਰ ਕਿਸਾਨ ਸੰਘਰਸ਼ ਨੂੰ ਆਪਣੀ ਹਮਾਇਤ ਦਿੱਤੀ।
ਮਹਾਂਪੰਚਾਇਤ ‘ਚ ਵਿਸ਼ੇਸ਼ ਤੌਰ ‘ਤੇ ਪੁੱਜੀ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਪ੍ਰਬੰਧਕਾਂ ਵਲੋਂ ਸੋਨੇ ਦਾ ਤਗਮਾ ਤੇ ਸਨਮਾਨ ਚਿੰਨ੍ਹਾਂ ਦੇ ਨਾਲ ਸਨਮਾਨਿਤ ਕੀਤਾ।
ਮਹਾਂਪੰਚਾਇਤ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਸ਼ ਦੀ ਸਰਕਾਰ ਨੂੰ ਕਿਸਾਨਾਂ ਤੇ ਮਜ਼ਦੂਰਾਂ ਦਾ ਗੱਠਜੋੜ ਹੀ ਹਰਾ ਸਕਦਾ ਹੈ ਅਤੇ ਦੋਵੇਂ ਧਿਰਾਂ ਦਾ ਏਕਾ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਨੂੰ ਮਜ਼ਬੂਤ ਕਰੇਗਾ। ਸੁਪਰੀਮ ਕੋਰਟ ਦੇ ਵਕੀਲ ਭਾਨੂੰ ਪ੍ਰਤਾਪ ਸਿੰਘ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਜਿੱਥੇ ਉਹ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸੰਘਰਸ਼ ਕਰ ਰਹੇ ਹਨ, ਉੱਥੇ ਉਹ ਕਿਰਤ ਕਾਨੂੰਨਾਂ ਨੂੰ ਵੀ ਰੱਦ ਕਰਨ ਨੂੰ ਆਪਣੀਆਂ ਮੰਗਾਂ ‘ਚ ਸ਼ਾਮਿਲ ਕਰਨ।
ਇਸ ਮੌਕੇ ਉੱਤਰ ਪ੍ਰਦੇਸ਼ ਤੋਂ ਆਏ ਮਜ਼ਦੂਰ ਆਗੂ ਬੰਸੀ ਲਾਲ ਪ੍ਰੇਮੀ, ਸੁਪਰੀਮ ਕੋਰਟ ਦੇ ਵਕੀਲ ਰਾਜਿੰਦਰ ਸ਼ਾਹ, ਸੇਵਾਮੁਕਤ ਫ਼ੌਜੀ ਕੈਪਟਨ ਚੰਨਣ ਸਿੰਘ, ਮਜ਼ਦੂਰ ਆਗੂ ਨੌਦੀਪ ਕੌਰ, ਐਸ.ਆਰ. ਲੱਧੜ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਲਛਮਣ ਸਿੰਘ ਸੇਵਾਵਾਲ, ਸੇਵਾਮੁਕਤ ਅਧਿਕਾਰੀ ਜਗਜੀਤ ਸਿੰਘ, ਪ੍ਰੋਫੈਸਰ ਮਨਜੀਤ ਸਿੰਘ, ਕੈਪਟਨ ਗੁਰਮੀਤ ਸਿੰਘ (ਨੇਵੀ), ਕੈਪਟਨ ਚੰਨਣ ਸਿੰਘ ਸਿੱਧੂ, ਕਰਨਲ ਵਿਰਕ, ਬੀਬੀ ਸੁਖਵਿੰਦਰ ਕੌਰ, ਤਰਨਜੀਤ ਸਿੰਘ ਨਿਮਾਣਾ, ਕਰਮਜੀਤ ਸਿੰਘ ਨਾਰੰਗਵਾਲ ਤੇ ਰਣਜੀਤ ਸਿੰਘ ਲੱਧੜ (ਲੈਕਚਰਾਰ) ਨੇ ਵੀ ਮਹਾਂਪੰਚਾਇਤ ਨੂੰ ਸੰਬੋਧਨ ਕੀਤਾ।

Check Also

ਭਾਜਪਾ ਆਗੂ ਵਿਜੇ ਸਾਂਪਲਾ ਸ਼ੋ੍ਰਮਣੀ ਅਕਾਲੀ ਦਲ ’ਚ ਨਹੀਂ ਹੋਣਗੇ ਸ਼ਾਮਲ

ਵਰਕਰਾਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਲਿਆ ਫੈਸਲਾ ਹੁਸ਼ਿਆਰਪੁਰ/ਬਿਊਰੋ : ਹੁਸ਼ਿਆਰਪੁਰ ਲੋਕ ਸਭਾ ਹਲਕੇ …