1.6 C
Toronto
Thursday, November 27, 2025
spot_img
HomeਕੈਨੇਡਾFrontਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਜਲੰਧਰ ਹਾਈਵੇ...

ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਜਲੰਧਰ ਹਾਈਵੇ ਤੋਂ ਚੁੱਕਿਆ ਧਰਨਾ

ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਜਲੰਧਰ ਹਾਈਵੇ ਤੋਂ ਚੁੱਕਿਆ ਧਰਨਾ

ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਗੰਨੇ ਦਾ ਰੇਟ ਵਧਾਉਣ ਦਾ ਦਿੱਤਾ ਭਰੋਸਾ

ਚੰਡੀਗੜ੍ਹ/ਬਿਊਰੋ ਨਿਊਜ਼ :

ਮੁੱਖ ਮੰਤਰੀ ਭਗਵੰਤ ਨਾਲ ਕਿਸਾਨ ਆਗੂਆਂ ਦੀ ਹੋਈ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਜਲੰਧਰ ਵਿਖੇ ਨੈਸ਼ਨਲ ਹਾਈਵੇ ’ਤੇ ਲਗਾਇਆ ਜਾਮ ਖੋਲ੍ਹ ਦਿੱਤਾ ਹੈ। ਜਦਕਿ ਧਰਨੇ ’ਤੇ ਬੈਠੇ ਕਿਸਾਨਾਂ ਨੇ ਰੇਲਵੇ ਟਰੈਕ ਪਹਿਲਾਂ ਹੀ ਖਾਲੀ ਕਰ ਦਿੱਤਾ ਸੀ। ਕਿਸਾਨ ਆਗੂਆਂ ਨਾਲ ਚੰਡੀਗੜ੍ਹ ਸਥਿਤ ਪੰਜਾਬ ਭਵਨ ’ਚ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵਲੋਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਗਿਆ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਗੰਨਾ ਉਤਪਾਦਕਾਂ ਨੂੰ ਇਕ ਵੱਡੀ ਖ਼ੁਸ਼ਖ਼ਬਰੀ ਮਿਲੇਗੀ। ਉਨ੍ਹਾਂ ਕਿਹਾ ਕਿ ਸਭ ਤੋਂ ਵਧ ਗੰਨੇ ਦਾ ਰੇਟ ਪੰਜਾਬ ਦੇ ਕਿਸਾਨਾਂ ਨੂੰ ਹੀ ਮਿਲੇਗਾ। ਉਨ੍ਹਾਂ ਅੱਗੇ ਕਿਹਾ ਕਿ ਭਲਕੇ ਮਿੱਲ ਮਾਲਕਾਂ ਨੂੰ ਬੁਲਾਇਆ ਜਾਵੇਗਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸਾਨ ਆਗੂਆਂ ਨਾਲ ਬੜੇ ਚੰਗੇ ਮਾਹੌਲ ਵਿਚ ਗੱਲਬਾਤ ਹੋਈ ਹੈ ਅਤੇ ਜੋ ਵੀ ਗੱਲਬਾਤ ਹੋਈ ਹੈ, ਉਸ ’ਤੇ ਸਾਰਿਆਂ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਕਿਸਾਨਾਂ ਨੇ ਸਰਕਾਰ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਹ ਅੱਗੇ ਤੋਂ ਰੇਲਵੇ ਟਰੈਕ ਜਾਂ ਹਾਈਵੇ ਜਾਮ ਨਹੀਂ ਕਰਨਗੇ। ਪਰਾਲੀ ਦੇ ਮੁੱਦੇ ’ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਹੱਲ ਲਈ ਦੇਸ਼ ਦੇ ਪ੍ਰਧਾਨ ਮੰਤਰੀ ਪਹਿਲ ਕਰਨ ਅਤੇ ਇਹ ਮੁੱਦਾ ਸਿਰਫ਼ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਉੱਤਰੀ ਭਾਰਤ ਦਾ ਮੁੱਦਾ ਹੈ। ਉਧਰ ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਗੰਨੇ ਦਾ ਰੇਟ ਵਧਾਉਣ ਦਾ ਵੀ ਭਰੋਸਾ ਦਵਾਇਆ ਹੈ ਅਤੇ 30 ਨਵੰਬਰ ਤੱਕ ਸ਼ੂਗਰ ਮਿੱਲਾਂ ਚਲਾਉਣ ਦਾ ਵਾਅਦਾ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਇਹ ਵਾਅਦਾ ਕੀਤਾ ਗਿਆ ਹੈ ਕਿ ਆਉਣ ਵਾਲੇ ਸੈਸ਼ਨ ਵਿਚ ਗੰਨੇ ਦੇ ਵਧੇ ਹੋਏ ਮੁੱਲ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਜਲੰਧਰ ਵਿਖੇ ਦਿੱਤੇ ਜਾ ਰਹੇ ਧਰਨੇ ਨੂੰ ਖ਼ਤਮ ਕਰਨ ਦਾ ਐਲਾਨ ਵੀ ਕਰ ਦਿੱਤਾ।

RELATED ARTICLES
POPULAR POSTS