ਕੰਪਨੀ ਦਾ ਕੰਟਰੈਕਟ ਖਤਮ-ਵਾਹਨ ਚਾਲਕਾਂ ਨੂੰ ਰਾਹਤ
ਚੰਡੀਗੜ੍ਹ/ਬਿਊਰੋ ਨਿਊਜ਼
ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਤਿੰਨ ਟੋਲ ਪਲਾਜ਼ਾ ਲੰਘੀ ਰਾਤ ਤੋਂ ਫਰੀ ਹੋ ਗਏ ਹਨ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਕੰਪਨੀ ਨੂੰ ਕੰਟਰੈਕਟ ਖਤਮ ਹੋਣ ’ਤੇ ਟੋਲ ਦੀ ਐਕਸਟੈਨਸ਼ਨ ਨਹੀਂ ਦਿੱਤੀ। ਜਿਸ ਤੋਂ ਬਾਅਦ ਹੁਸ਼ਿਆਰਪੁਰ ਦੇ ਮਾਨਗੜ੍ਹ, ਨੰਗਲ ਸ਼ਹੀਦਾਂ ਅਤੇ ਨਵਾਂਸ਼ਹਿਰ ਜ਼ਿਲ੍ਹੇ ਵਿਚ ਪੈਂਦਾ ਮਜਾਰੀ ਟੋਲ ਪਲਾਜ਼ਾ ਹੁਣ ਬੰਦ ਹੋ ਗਿਆ ਹੈ। ਇਹ ਟੋਲ ਪਲਾਜ਼ੇ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਰਾਹਤ ਮਿਲੀ ਹੈ। ਉਧਰ ਦੂਜੇ ਪਾਸੇ ਇਕ ਨਵੀਂ ਸਮੱਸਿਆ ਇਨ੍ਹਾਂ ਟੋਲ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਖੜ੍ਹੀ ਹੋ ਗਈ ਹੈ ਅਤੇ ਇਨ੍ਹਾਂ ਟੋਲ ਪਲਾਜ਼ਿਆਂ ਦੇ ਕਰਮਚਾਰੀਆਂ ਦੀ ਨੌਕਰੀ ਖਤਰੇ ਵਿਚ ਪੈ ਗਈ ਹੈ। ਹਾਲਾਂਕਿ ਕੰਪਨੀ ਨੇ ਅਜੇ ਤੱਕ ਕਿਸੇ ਵੀ ਕਰਮਚਾਰੀ ਨੂੰ ਨੌਕਰੀ ਤੋਂ ਹਟਾਇਆ ਨਹੀਂ ਹੈ। ਇਨ੍ਹਾਂ ਬੰਦ ਹੋਏ ਟੋਲ ਪਲਾਜ਼ਿਆਂ ’ਤੇ ਕਰੀਬ 500 ਕਰਮਚਾਰੀ ਕੰਮ ਕਰਦੇ ਹਨ। ਇਨ੍ਹਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਟੋਲ ਪਲਾਜ਼ੇ ਤਾਂ ਸਰਕਾਰ ਨੇ ਬੰਦ ਕਰ ਦਿੱਤੇ, ਪਰ ਇਸ ਕਾਰਨ ਜਿਹੜੇ ਵਿਅਕਤੀਆਂ ਦੀ ਨੌਕਰੀ ਜਾ ਰਹੀ ਹੈ, ਉਨ੍ਹਾਂ ਦੇ ਬਾਰੇ ਵੀ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਹੈ। ਇਨ੍ਹਾਂ ਵਿਅਕਤੀਆਂ ਲਈ ਵੀ ਸਰਕਾਰ ਰੁਜ਼ਗਾਰ ਦਾ ਪ੍ਰਬੰਧ ਕਰੇ। ਇਹ ਟੋਲ ਪਲਾਜ਼ੇ ਬੰਦ ਹੋਣ ਨਾਲ ਵਾਹਨ ਚਾਲਕ ਰਾਹਤ ਵੀ ਮਹਿਸੂੁਸ ਕਰ ਰਹੇ ਹਨ ਅਤੇ ਕਹਿ ਰਹੇ ਕਿ ਸਰਕਾਰ ਨੇ ਟੋਲ ਕੰਪਨੀ ਨੂੰ ਇਕ ਸਾਲ ਦਾ ਵਾਧੂ ਮੁਨਾਫਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਟੋਲ ਪਲਾਜ਼ੇ ਇਕ ਸਾਲ ਪਹਿਲਾਂ ਹੀ ਬੰਦ ਹੋ ਜਾਣੇ ਚਾਹੀਦੇ ਸਨ। ਕਿਉਂਕਿ ਇਸਦਾ ਕੰਟਰੈਕਟ ਤਾਂ ਪਿਛਲੇ ਸਾਲ ਹੀ ਖਤਮ ਹੋ ਚੁੱਕਾ ਸੀ, ਪਰ ਸਰਕਾਰ ਨੇ ਕੰਪਨੀ ਨੂੰ ਇਕ ਸਾਲ ਤੱਕ ਛੋਟ ਦੇ ਦਿੱਤੀ ਸੀ।