![](https://parvasinewspaper.com/wp-content/uploads/2020/11/4-8-300x214.jpg)
ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਦਾ ਆਨਰੇਰੀ ਮੁੱਖ ਸਕੱਤਰ ਲਗਾਇਆ
ਅੰਮ੍ਰਿਤਸਰ/ਬਿਊਰੋ ਨਿਊਜ਼
ਬੀਬੀ ਜਗੀਰ ਕੌਰ ਤੀਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਅੰਮ੍ਰਿਤਸਰ ਵਿਚ ਤੇਜਾ ਸਿੰਘ ਸਮੁੰਦਰੀ ਹਾਲ ‘ਚ ਹੋਈ ਵੋਟਿੰਗ ਦੌਰਾਨ ਬੀਬੀ ਜਗੀਰ ਕੌਰ ਨੂੰ ਕੁੱਲ 143 ਵਿਚੋਂ 122 ਵੋਟਾਂ ਪਈਆਂ। ਇਸੇ ਦੌਰਾਨ ਉਨ੍ਹਾਂ ਦੇ ਵਿਰੋਧੀ ਮਿੱਠੂ ਸਿੰਘ ਕਾਹਨੇਕੇ ਨੂੰ ਸਿਰਫ 20 ਵੋਟਾਂ ਪਈਆਂ। ਸੁਰਜੀਤ ਸਿੰਘ ਭਿੱਟੇਵਿਡ ਨੂੰ ਸ਼੍ਰੋਮਣੀ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ ਅਤੇ ਭਗਵੰਤ ਸਿੰਘ ਸਿਆਲਕਾ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਦਾ ਆਨਰੇਰੀ ਮੁੱਖ ਸਕੱਤਰ ਲਗਾਇਆ ਗਿਆ ਹੈ। ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਵੀ ਹੈ ਅਤੇ ਉਹ 1999 ਤੋਂ 2000 ਅਤੇ 2004 ਤੋਂ 2005 ਤੱਕ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਮੰਤਰੀ ਵੀ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਅਤੇ ਇਸ ਵਾਰ ਉਨ੍ਹਾਂ ਦੀ ਛੁੱਟੀ ਕਰ ਦਿੱਤੀ ਗਈ ਹੈ।