ਮੋਹਾਲੀ ਦੇ ਮੁੱਲਾਂਪੁਰ ’ਚ ਟਾਟਾ ਮੈਮੋਰੀਅਲ ਹਸਪਤਾਲ ਦਾ ਕਰਨਗੇ ਉਦਘਾਟਨ
ਚੰਡੀਗੜ੍ਹ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਪੰਜਾਬ ਦੌਰੇ ’ਤੇ ਆਉਣਗੇ। ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਹਾਲੀ ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਸਥਿਤ ਮੁੱਲਾਂਪੁਰ ਵਿਖੇ ਪਹੁੰਚਣਗੇ, ਜਿੱਥੇ ਉਹ ਟਾਟਾ ਮੈਮੋਰੀਅਲ ਹਸਪਤਾਲ ਦਾ ਉਦਘਾਟਨ ਕਰਨਗੇ। ਇਹ ਹਸਪਤਾਲ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੇ ਨਾਮ ਨਾਲ ਬਣਿਆ ਹੈ। ਹੋਮੀ ਭਾਭਾ ਹਸਪਤਾਲ ਜਿੱਥੇ ਕੈਂਸਰ ਦੇ ਸਸਤੇ ਇਲਾਜ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ, ਉਥੇ ਹੀ ਗੁਆਂਢੀ ਸੂਬਿਆਂ ਦੇ ਕੈਂਸਰ ਮਰੀਜ਼ਾਂ ਲਈ ਵੀ ਇਹ ਵਰਦਾਨ ਸਾਬਤ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੌਰੇ ਨੂੰ ਸੁਰੱਖਿਆ ਦੇ ਲਿਹਾਜ ਨਾਲ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਪ੍ਰਧਾਨ ਮੰਤਰੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਆ ਰਹੇ ਹਨ। ਇਸ ਤੋਂ ਪਹਿਲਾਂ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਸਮੇਂ ਪੰਜਾਬ ਆਏ ਸਨ ਅਤੇ ਉਸ ਸਮੇਂ ਉਨ੍ਹਾਂ ਦੀ ਸੁਰੱਖਿਆ ਵੱਡੀ ਚੂਕ ਹੋ ਗਈ ਸੀ, ਜਿਸ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਪੰਜਾਬ ਦੌਰਾ ਵਿਚਾਲੇ ਹੀ ਛੱਡ ਕੇ ਵਾਪਸ ਪਰਤ ਗਏ ਸਨ। ਪ੍ਰਧਾਨ ਮੰਤਰੀ ਦੀ ਆਮਦ ਦਾ ਪਤਾ ਚਲਦਿਆਂ ਹੀ ਪੰਜਾਬ ਸਰਕਾਰ ਵੀ ਹਰਕਤ ਵਿਚ ਆ ਗਈ ਹੈ। ਪੰਜਾਬ ਦੇ ਚੀਫ਼ ਸੈਕਟਰੀ ਵੀ ਕੇ ਜੰਜੂਆ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।