Breaking News
Home / ਪੰਜਾਬ / ਮੁਹੱਲਾ ਕਲੀਨਿਕਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲੱਗਣ ਤੋਂ ਬਾਅਦ ਭਖੀ ਸਿਆਸਤ

ਮੁਹੱਲਾ ਕਲੀਨਿਕਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲੱਗਣ ਤੋਂ ਬਾਅਦ ਭਖੀ ਸਿਆਸਤ

ਵਿਰੋਧੀ ਬੋਲੇ : ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ’ਚ ਕੋਈ ਫਰਕ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਖੁੱਲ੍ਹੇ ਮੁਹੱਲਾ ਕਲੀਨਿਕਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਗਾਈ ਗਈ ਹੈ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਹਲਚਲ ਸ਼ੁਰੂ ਹੋ ਗਈ ਹੈ। ਵਿਰੋਧੀਆਂ ਨੇ ਭਗਵੰਤ ਮਾਨ ਦੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਤੇ ਬਿਆਨ ਨੂੰ ਲੈ ਕੇ ਉਨ੍ਹਾਂ ਨੂੰ ਘੇਰਿਆ ਹੈ। ਜਿਸ ’ਚ ਭਗਵੰਤ ਮਾਨ ਨੇ ਸਰਕਾਰੀ ਸਕੀਮਾਂ ’ਤੇ ਮੁੱਖ ਮੰਤਰੀ ਦੀ ਫੋਟੋ ਲਗਾਉਣ ਨੂੰ ਲੈ ਕੇ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਚੈਕ ਵੰਡਦੇ ਸਮੇਂ ਵੀ ਮੁੱਖ ਮੰਤਰੀ ਦੀ ਫੋਟੋ ਨਹੀਂ ਆਉਣੀ ਚਾਹੀਦੀ, ਕਿਉਂਕਿ ਇਹ ਲੋਕਾਂ ਦਾ ਪੈਸਾ ਹੁੰਦਾ ਹੈ ਅਤੇ ਲੋਕਾਂ ਕੋਲ ਹੀ ਗਿਆ ਹੁੰਦਾ ਹੈ। ਉਥੇ ਹੀ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਮਾਨ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਿਚ ਕੋਈ ਫਰਕ ਨਹੀਂ। ਵਿਰੋਧੀਆਂ ਨੇ ਭਗਵੰਤ ਮਾਨ ਦੀ ਇਕ ਵੀਡੀਓ ਵਾਇਰਲ ਕੀਤੀ ਹੈ, ਜਿਸ ’ਚ ਉਹ ਸਾਈਕਲ ਦੀ ਟੋਕਰੀ ’ਤੇ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਅਤੇ ਫਤਿਹ ਕਿੱਟ ’ਤੇ ਅਮਰਿੰਦਰ ਸਿੰਘ ਦੀ ਲੱਗੀ ਫੋਟੋ ਦਾ ਮੁੱਦਾ ਚੁੱਕ ਰਹੇ ਹਨ। ਪਿਛਲੀ ਕਾਂਗਰਸ ਸਰਕਾਰ ਸਮੇਂ ਡਿਪਟੀ ਸੀਐਮ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭਗਵੰਤ ਮਾਨ ਅਤੇ ਅਕਾਲੀ ਦਲ ’ਚ ਕੋਈ ਫਰਕ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕ ਕਿਸੇ ਦੀ ਨਿੱਜੀ ਜਗੀਰ ਨਹੀਂ, ਜੋ ਇਸ਼ਤਿਹਾਰਬਾਜ਼ੀ ਲਈ ਇਨ੍ਹਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਸ਼ਬਦਾਂ ਵਿਚ ਹੀ ਉਨ੍ਹਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਸਿਰਫ਼ ਪਗੜੀਆਂ ਹੀ ਬਦਲੀਆਂ ਹਨ ਪ੍ਰੰਤੂ ਹੋਰ ਕੁੱਝ ਵੀ ਨਹੀਂ ਬਦਲਿਆ।

Check Also

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਏਅਰਪੋਰਟ ਤੋਂ ਰਾਤ ਦੀਆਂ ਫਲਾਇਟਾਂ ਵੀ ਹੋਣਗੀਆਂ ਸ਼ੁਰੂ

ਏਅਰਪੋਰਟ ਅਥਾਰਟੀ ਨੇ ਰਾਤ ਦੀਆਂ ਉਡਾਣਾਂ ਲਈ ਪੂਰੀਆਂ ਕੀਤੀਆਂ ਤਿਆਰੀਆਂ ਚੰਡੀਗੜ੍ਹ/ਬਿਊਰੋ ਨਿਊਜ਼ : ਵਿਦੇਸ਼ ਜਾਣ …