Breaking News
Home / ਪੰਜਾਬ / ਸ੍ਰੀਨਗਰ ਤੋਂ ਜੰਮੂ ਜਾਣ ਵਾਲੀ ਫਲਾਈਟ ਪਾਕਿਸਤਾਨੀ ਏਅਰਸਪੇਸ ’ਚ ਜਾ ਪਹੁੰਚੀ

ਸ੍ਰੀਨਗਰ ਤੋਂ ਜੰਮੂ ਜਾਣ ਵਾਲੀ ਫਲਾਈਟ ਪਾਕਿਸਤਾਨੀ ਏਅਰਸਪੇਸ ’ਚ ਜਾ ਪਹੁੰਚੀ

ਦੋ ਹਫਤਿਆਂ ਵਿਚ ਇਹ ਦੂਜਾ ਮਾਮਲਾ
ਅੰਮਿ੍ਰਤਸਰ/ਬਿਊਰੋ ਨਿਊਜ਼
ਸ੍ਰੀਨਗਰ ਤੋਂ ਜੰਮੂ ਜਾਣ ਵਾਲੀ ਫਲਾਈਟ ਖਰਾਬ ਮੌਸਮ ਦੇ ਚੱਲਦਿਆਂ ਐਤਵਾਰ ਸ਼ਾਮ ਨੂੰ ਪਾਕਿਸਤਾਨੀ ਏਅਰਸਪੇਸ ’ਚ ਜਾ ਪਹੁੰਚੀ। ਇੰਡੀਗੋ ਦੀ ਸ੍ਰੀਨਗਰ-ਜੰਮੂ ਫਲਾਈਟ 6ਈ-2124 ਨੂੰ ਦੋ ਵਾਰ ਪਾਕਿਸਤਾਨ ਦੇ ਏਅਰਸਪੇਸ ਵਿਚ ਦਾਖਲ ਹੋਣਾ ਪਿਆ। ਇਸ ਤੋਂ ਬਾਅਦ ਫਲਾਈਟ ਦੀ ਅੰਮਿ੍ਰਤਸਰ ਵਿਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇੰਡੀਗੋ ਫਲਾਈਟ ਦਾ ਪਾਕਿਸਤਾਨ ਏਅਰਸਪੇਸ ਵਿਚ ਦਾਖਲ ਹੋਣ ਦਾ ਦੋ ਹਫਤਿਆਂ ਵਿਚ ਇਹ ਦੂਜਾ ਮਾਮਲਾ ਹੈ। ਇਹ ਘਟਨਾ ਐਤਵਾਰ ਦੀ ਹੈ। ਸ਼ਾਮ ਚਾਰ ਕੁ ਵਜੇ ਦੇ ਕਰੀਬ ਸ੍ਰੀਨਗਰ ਤੋਂ ਇੰਡੀਗੋ ਦੀ ਫਲਾਈਟ ਸੰਖਿਆ 6ਈ-2124 ਨੇ ਜੰਮੂ ਲਈ ਉਡਾਨ ਭਰੀ ਸੀ। ਕੁਝ ਮਿੰਟਾਂ ਬਾਅਦ ਇਹ ਫਲਾਈਟ ਮੌਸਮ ਖਰਾਬ ਹੋਣ ਦੇ ਕਾਰਨ ਜੰਮੂ ਕਸ਼ਮੀਰ ਦੇ ਕੋਟੇ ਜਮੈਲ ਦੇ ਰਸਤੇ ਪਾਕਿਸਤਾਨ ਵਿਚ ਦਾਖਲ ਹੋ ਗਈ। ਤਕਰੀਬਨ 5 ਮਿੰਟ ਤੱਕ ਇਹ ਫਲਾਈਟ ਪਾਕਿਸਤਾਨ ਏਅਰਸਪੇਸ ਵਿਚ ਰਹੀ ਅਤੇ ਸਿਆਲਕੋਟ ਹੁੰਦੇ ਹੋਏ ਜੰਮੂ ਵੱਲ ਵਧ ਗਈ। ਜੰਮੂ ਵਿਚ ਵੀ ਮੌਸਮ ਖਰਾਬ ਸੀ ਅਤੇ ਇਸ ਕਰਕੇ ਉਥੇ ਵੀ ਇਹ ਫਲਾਈਟ ਲੈਂਡ ਨਹੀਂ ਕਰ ਸਕੀ। ਸ਼ਾਮ ਸਵਾ ਚਾਰ ਵਜੇ ਦੇ ਕਰੀਬ ਇਹ ਫਲਾਈਟ ਦੁਬਾਰਾ ਫਿਰ ਪਾਕਿਸਤਾਨ ਦੇ ਖੇਤਰ ਵਿਚ ਦਾਖਲ ਹੋ ਗਈ। ਇਸ ਤੋਂ ਬਾਅਦ ਇੰਡੀਗੋ ਦੀ ਇਸ ਫਲਾਈਟ ਨੂੰ ਅੰਮਿ੍ਰਤਸਰ ਵਿਚ ਲੈਂਡ ਕਰਵਾਇਆ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲੰਘੀ 10 ਜੂਨ ਨੂੰ ਵੀ ਇੰਡੀਗੋ ਦੀ ਫਲਾਈਟ ਪਾਕਿਸਤਾਨ ਦੇ ਏਅਰਸਪੇਸ ਵਿਚ ਦਾਖਲ ਹੋ ਗਈ ਸੀ। ਇਸ ਫਲਾਈਟ ਨੇ ਅੰਮਿ੍ਰਤਸਰ ਤੋਂ ਅਹਿਮਦਾਬਾਦ ਲਈ ਉਡਾਣ ਭਰੀ ਸੀ ਅਤੇ ਖਰਾਬ ਮੌਸਮ ਦੇ ਚੱਲਦਿਆਂ ਪਾਕਿਸਤਾਨੀ ਖੇਤਰ ਵਿਚ ਚਲੀ ਗਈ ਸੀ ਅਤੇ ਇਹ ਜਹਾਜ਼ ਕਰੀਬ 31 ਮਿੰਟ ਪਾਕਿਸਤਾਨ ਦੇ ਏਅਰਸਪੇਸ ਵਿਚ ਰਿਹਾ ਸੀ।

 

Check Also

ਦਿੱਲੀ ਏਅਰਪੋਰਟ ਤੋਂ ਪਰਤ ਰਹੇ ਬਜ਼ੁਰਗ ਜੋੜੇ ’ਤੇ ਹੋਇਆ ਹਮਲਾ

ਮਲੋਟ/ਬਿਊਰੋ ਨਿਊਜ਼ : ਦਿੱਲੀ ਏਅਰਪੋਰਟ ਤੋਂ ਵਾਪਸ ਪਰਤ ਰਹੇ ਪੰਜਾਬ ਦੇ ਮਲੋਟ ਦੇ ਰਹਿਣ ਵਾਲੇ …