259 ਉਮੀਦਵਾਰਾਂ ਦੀ ਕਿਸਮਤ ਅੱਜ ਵੋਟਿੰਗ ਮਸ਼ੀਨਾਂ ’ਚ ਹੋਵੇਗੀ ਬੰਦ, ਨਤੀਜੇ 2 ਮਾਰਚ ਨੂੰ
ਅਗਰਤਲਾ/ਬਿਊਰੋ ਨਿਊਜ਼ : 60 ਸੀਟਾਂ ਵਾਲੀ ਤਿ੍ਰਪੁਰਾ ਵਿਧਾਨ ਸਭਾ ਲਈ ਅੱਜ ਵੀਰਵਾਰ ਨੂੰ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਸੂਬੇ ’ਚ ਕੁੱਲ 3337 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਵਿਚੋਂ 1100 ਬੂਥ ਸੰਵੇਦਨਸ਼ੀਲ ਹਨ ਜਦਕਿ 28 ਬੂਥ ਅਤਿ ਸੰਵੇਦਨਸ਼ੀਲ ਹਨ। ਇਨ੍ਹਾਂ ਸਾਰੇ ਪੋਲਿੰਗ ਬੂਥਾਂ ’ਤੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਮੀਂ 4 ਵਜੇ ਤੱਕ ਵੋਟਿੰਗ ਹੋਵੇਗੀ, ਜਦਕਿ 11 ਵਜੇ ਤੱਕ 31 ਫੀਸਦੀ ਵੋਟਿੰਗ ਹੋ ਚੁੱਕੀ ਹੈ। ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਸਮੇਤ ਸਮੂਹ ਵੋਟਰਾਂ ਨੂੰ ਰਿਕਾਰਡ ਵੋਟਿੰਗ ਕਰਨ ਦੀ ਅਪੀਲ ਕੀਤੀ। ਇਕ ਚਰਣ ’ਚ ਹੋਣ ਵਾਲੀ ਇਸ ਚੋਣ ਦੌਰਾਨ ਸੂਬੇ ਦੇ 28.13 ਲੱਖ ਵੋਟਰ 259 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਮੁੱਖ ਚੋਣ ਕਮਿਸ਼ਨ ਵੱਲੋਂ ਨਿਰਪੱਖ ਚੋਣਾਂ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੂਬੇ ਅੰਦਰ ਚੋਣ ਪ੍ਰਚਾਰ ਦੇ ਖਤਮ ਹੁੰਦਿਆਂ ਹੀ ਧਾਰਾ 144 ਲਗਾ ਦਿੱਤੀ ਗਈ ਸੀ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਤਿ੍ਰਪੁਰਾ ਵਿਧਾਨ ਸਭਾ ਲਈ ਅੱਜ ਪਾਈਆਂ ਜਾ ਰਹੀਆਂ ਵੋਟਾਂ ਦੇ ਨਤੀਜੇ 2 ਮਾਰਚ ਨੂੰ ਆਉਣਗੇ।