Breaking News
Home / ਭਾਰਤ / ਨਾਗਰਿਕਤਾ ਕਾਨੂੰਨ ਖਿਲਾਫ ਭਾਰਤ ‘ਚ ਜ਼ਬਰਦਸਤ ਵਿਰੋਧ

ਨਾਗਰਿਕਤਾ ਕਾਨੂੰਨ ਖਿਲਾਫ ਭਾਰਤ ‘ਚ ਜ਼ਬਰਦਸਤ ਵਿਰੋਧ

ਦਿੱਲੀ ‘ਚ ਵਿਦਿਆਰਥੀਆਂ ‘ਤੇ ਢਾਹਿਆ ਗਿਆ ਸਰਕਾਰੀ ਤਸ਼ੱਦਦ
ਨਵੀਂ ਦਿੱਲੀ : ਭਾਰਤ ਵਿਚ ਨਾਗਰਿਕਤਾ ਸੋਧ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਹੋ ਗਿਆ ਅਤੇ ਇਸ ਤੋਂ ਬਾਅਦ ਇਸ ਬਿੱਲ ‘ਤੇ ਰਾਸ਼ਟਰਪਤੀ ਦੀ ਮੋਹਰ ਲੱਗ ਗਈ ਅਤੇ ਇਹ ਹੁਣ ਕਾਨੂੰਨ ਬਣ ਗਿਆ ਹੈ। ਨਾਗਰਿਕਤਾ ਕਾਨੂੰਨ ਨਾਲ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਆਉਣ ਵਾਲੇ ਹਿੰਦੂ, ਸਿੱਖ, ਇਸਾਈ, ਜੈਨੀ ਅਤੇ ਬੋਧੀਆਂ ਨੂੰ ਭਾਰਤ ਵਿਚ ਨਾਗਕਿਰਤਾ ਮਿਲ ਸਕੇਗੀ। ਇਸ ਕਾਨੂੰਨ ਦਾ ਮੁਸਲਿਮ ਤੇ ਹੋਰ ਭਾਈਚਰਿਆਂ ਨੇ ਭਾਰਤ ਦੇ ਕਈ ਹਿੱਸਿਆਂ ਵਿਚ ਜ਼ਬਰਦਸਤ ਵਿਰੋਧ ਕੀਤਾ। ਨਵੀਂ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੇ ਇਸ ਕਾਨੂੰਨ ਖਿਲਾਫ ਪ੍ਰਦਰਸ਼ਨ ਕੀਤੇ। ਇਸ ਦੌਰਾਨ ਪੁਲਿਸ ਨੇ ਯੂਨੀਵਰਸਿਟੀ ਵਿਚ ਦਾਖਲ ਹੋ ਕੇ ਵਿਦਿਆਰਥੀਆਂ ‘ਤੇ ਅੰਨ੍ਹਾ ਤਸ਼ੱਦਦ ਕਰਦਿਆਂ ਮਾਰਕੁੱਟ ਕੀਤੀ। ਜਿਸ ਖਿਲਾਫ ਹੁਣ ਦੇਸ਼ ਦੀਆਂ ਹੋਰ ਯੂਨੀਵਰਸਿਟੀਆਂ ਵੀ ਜਾਮੀਆ ਯੂਨੀਵਰਸਿਟੀਆਂ ਦੇ ਹੱਕ ਵਿਚ ਨਿੱਤਰ ਆਈਆਂ ਹਨ। ਇਸ ਦੇ ਚੱਲਦਿਆਂ 14 ਰਾਜਾਂ ਦੇ 50 ਤੋਂ ਜ਼ਿਆਦਾ ਕੈਂਪਸ ਵਿਚ ਵਿਦਿਆਰਥੀ ਭੜਕ ਗਏ ਅਤੇ ਇਹ ਵੀ ਜਾਣਕਾਰੀ ਮਿਲੀ ਕਿ ਯੂਪੀ ਵਿਚ ਪ੍ਰਦਸ਼ਨਕਾਰੀਆਂ ਨੇ ਇਕ ਥਾਣੇ ਨੂੰ ਵੀ ਅੱਗ ਲਗਾ ਦਿੱਤੀ। ਜ਼ਿਕਰਯੋਗ ਹੈ ਕਿ ਦਿੱਲੀ ਸਥਿਤ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਖਿਲਾਫ ਪੁਲਿਸ ਕਾਰਵਾਈ ਤੇ ਵਿਵਾਦਤ ਨਾਗਰਿਕਤਾ ਸੋਧ ਐਕਟ ਵਿਰੁੱਧ ਰੋਸ ਹੁਣ ਮੁਲਕ ਦੇ ਹੋਰਨਾਂ ਕੈਂਪਸਾਂ ਵਿਚ ਵੀ ਫ਼ੈਲ ਗਿਆ ਹੈ। ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਤੇ ਸਿਵਲ ਸੁਸਾਇਟੀ ਕਾਰਕੁਨ ਵੀ ਵਿਦਿਆਰਥੀਆਂ ਦਾ ਸਮਰਥਨ ਕਰ ਰਹੇ ਹਨ। ਕੌਮੀ ਰਾਜਧਾਨੀ ਦੀ ‘ਨਿਊ ਫਰੈਂਡਜ਼ ਕਲੋਨੀ’ ਵਿਚ ਹਿੰਸਾ ਹੋਣ ਤੋਂ ਬਾਅਦ ਪੁਲਿਸ ਦੀ ਕਾਰਵਾਈ ਤੇ ਐਕਟ ਖਿਲਾਫ ਰੋਹ ਕੇਰਲ ਤੋਂ ਲੈ ਕੇ ਪੱਛਮੀ ਬੰਗਾਲ ਅਤੇ ਤਿਲੰਗਾਨਾ ਤੋਂ ਉੱਤਰ ਪ੍ਰਦੇਸ਼ ਤੱਕ ਫ਼ੈਲ ਗਿਆ ਹੈ।
ਜਾਮੀਆ ਦੀ ਲਾਇਬਰੇਰੀ ‘ਚ ਪੁਲਿਸ ਵੱਲੋਂ ਅੱਥਰੂ ਗੈਸ ਦੀ ਵਰਤੋਂ ਤੇ ਕੈਂਪਸ ‘ਚ ਬਿਨਾਂ ਇਜਾਜ਼ਤ ਪੁਲਿਸ ਦੇ ਦਾਖ਼ਲ ਹੋਣ ਮਗਰੋਂ ਹਜ਼ਾਰਾਂ ਵਿਦਿਆਰਥੀ ਇਸ ਮਾਮਲੇ ਦੀ ਜਾਂਚ ਦੀ ਮੰਗ ਲੈ ਕੇ ਸੜਕਾਂ ‘ਤੇ ਨਿਕਲ ਆਏ ਹਨ।
ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ‘ਚ ਵਿਆਪਕ ਪੱਧਰ ‘ਤੇ ਹਿੰਸਾ ਹੋਈ ਹੈ। ਲਖ਼ਨਊ ਦੇ ਨਦਵਾਤੁੱਲ ਉਲਾਮਾ ਮਦਰੱਸੇ ‘ਚ ਵਿਦਿਆਰਥੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐੱਮਯੂ) ਤੇ ਜਾਮੀਆ ਦੇ ਵਿਦਿਆਰਥੀਆਂ ਦੀ ਹਮਾਇਤ ‘ਚ ਰੋਸ ਪ੍ਰਗਟਾਉਂਦਿਆਂ ਸੜਕਾਂ ‘ਤੇ ਨਿਕਲ ਆਏ। ਇਸ ਦੌਰਾਨ ਜਦ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਦਰੱਸੇ ਦੇ ਗੇਟ ‘ਤੇ ਖੜ੍ਹੇ ਪੁਲਿਸ ਕਰਮੀਆਂ ਵੱਲ ਵਿਦਿਆਰਥੀਆਂ ਨੇ ਪੱਥਰ ਸੁੱਟੇ। ਲਖ਼ਨਊ ਦੇ ਐੱਸਐੱਸਪੀ ਨੇ ਸਥਿਤੀ ਨੂੰ ਕਾਬੂ ਹੇਠ ਦੱਸਿਆ ਹੈ। ਏਐੱਮਯੂ ਵਿਚ 21 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਤਿੰਨ ਸੰਵੇਦਨਸ਼ੀਲ ਜ਼ਿਲ੍ਹੇ ਅਲੀਗੜ੍ਹ, ਸਹਾਰਨਪੁਰ ਤੇ ਮੇਰਠ ‘ਚ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ। ਯੂਪੀ ਪੁਲਿਸ ਦੇ ਮੁਖੀ ਓ.ਪੀ. ਸਿੰਘ ਨੇ ਕਿਹਾ ਕਿ ਏਐੱਮਯੂ ‘ਚ ਐਤਵਾਰ ਰਾਤ ਨੂੰ ਪੁਲਿਸ ਤੇ ਵਿਦਿਆਰਥੀਆਂ ਵਿਚਾਲੇ ਹੋਏ ਟਕਰਾਅ ਮਗਰੋਂ ‘ਵਰਸਿਟੀ ਨੂੰ 5 ਜਨਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਨੇ 56 ਤੋਂ ਵੱਧ ਜਣਿਆਂ ਖਿਲਾਫ ਐੱਫਆਈਆਰ ਦਰਜ ਕੀਤੀ ਹੈ। ਏਐੱਮਯੂ ਦੇ ਹੋਸਟਲ ਖ਼ਾਲੀ ਕਰਵਾਏ ਜਾ ਰਹੇ ਹਨ। ਯੂਨੀਵਰਸਿਟੀ ਅਧਿਕਾਰੀਆਂ ਮੁਤਾਬਕ ਹਿੰਸਕ ਪ੍ਰਦਰਸ਼ਨਾਂ ਵਿਚ ਕਰੀਬ 60 ਵਿਦਿਆਰਥੀ ਜ਼ਖ਼ਮੀ ਹੋਏ ਹਨ। ਏਐੱਮਯੂ ਨੂੰ ਪੁਲਿਸ ਨੇ ‘ਸੀਲ’ ਕਰ ਦਿੱਤਾ ਹੈ ਤੇ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ। ਏਐੱਮਯੂ ਦੇ ਰਜਿਸਟਰਾਰ ਅਬਦੁੱਲ ਹਮੀਦ ਨੇ ਕਿਹਾ ਕਿ ਪੁਲਿਸ ਐਤਵਾਰ ਰਾਤ ਕੈਂਪਸ ਵਿਚ ਦਾਖ਼ਲ ਹੋਈ ਤੇ ਅੰਦਰ ਹੀ ਹਿੰਸਕ ਟਕਰਾਅ ਹੋਇਆ। ਅੱਥਰੂ ਗੈਸ ਨਾਲ ਜ਼ਿਆਦਾਤਰ ਵਿਦਿਆਰਥੀ ਫੱਟੜ ਹੋਏ ਹਨ। ਜਾਮੀਆ ਵਿਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਹੀ ਏਐੱਮਯੂ ਵਿਚ ਹਿੰਸਕ ਟਕਰਾਅ ਹੋਇਆ ਹੈ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …