ਨਵੀਂ ਦਿੱਲੀ/ਬਿਊਰੋ ਨਿਊਜ਼ : ਸੋਧੇ ਹੋਏ ਨਾਗਰਿਕਤਾ ਐਕਟ ਦਾ ਸੇਕ ਉੱਤਰ-ਪੂਰਬ ਤੋਂ ਬਾਅਦ ਮੁਲਕ ਦੀ ਰਾਜਧਾਨੀ ਦਿੱਲੀ ‘ਚ ਪਹੁੰਚ ਗਿਆ ਹੈ। ਦਿੱਲੀ ‘ਚ ਪ੍ਰਦਰਸ਼ਨਕਾਰੀ ਨਿਊ ਫਰੈਂਡਜ਼ ਕਲੋਨੀ ‘ਚ ਪੁਲਿਸ ਨਾਲ ਭਿੜ ਗਏ ਅਤੇ ਚਾਰ ਬੱਸਾਂ ਤੇ ਦੋ ਪੁਲਿਸ ਵਾਹਨਾਂ ਨੂੰ ਅੱਗ ਲਗਾ ਦਿੱਤੀ। 40 ਦੇ ਕਰੀਬ ਵਿਅਕਤੀ ਜਿਨ੍ਹਾਂ ‘ਚ ਵਿਦਿਆਰਥੀ, ਪੁਲਿਸ ਮੁਲਾਜ਼ਮ ਅਤੇ ਫਾਇਰ ਕਾਮੇ ਸ਼ਾਮਲ ਹਨ, ਜ਼ਖ਼ਮੀ ਹੋ ਗਏ। ਜੇਐੱਨਯੂ ਵਿਦਿਆਰਥੀ, ਪੁਲਿਸ ਵੱਲੋਂ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਖਿਲਾਫ ਕੀਤੀ ਕਾਰਵਾਈ ਦਾ ਵਿਰੋਧ ਕਰ ਰਹੇ ਸਨ। ਇਸ ਤੋਂ ਪਹਿਲਾਂ ਪੁਲਿਸ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਅੰਦਰ ਦਾਖ਼ਲ ਹੋ ਗਈ ਅਤੇ ਵਿਦਿਆਰਥੀਆਂ ਨੂੰ ਜਬਰੀ ਬਾਹਰ ਕੱਢਿਆ ਗਿਆ। ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਪੁਲਿਸ ਮੁਤਾਬਕ ਦਿੱਲੀ ‘ਚ ਅੱਗਜ਼ਨੀ ਮਗਰੋਂ ਇਹ ਵਿਦਿਆਰਥੀ ਯੂਨੀਵਰਸਿਟੀ ਅੰਦਰ ਦਾਖ਼ਲ ਹੋ ਗਏ ਸਨ ਅਤੇ ਹਿੰਸਾ ਇਥੋਂ ਹੀ ਭੜਕੀ ਸੀ। ਦਿੱਲੀ ‘ਚ ਐੱਨਐੱਸਯੂਆਈ ਦੇ ਕੌਮੀ ਸਕੱਤਰ ਐੱਸ ਫਾਰੂਕੀ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀ ਜਦੋਂ ਮਥੁਰਾ ਰੋਡ ‘ਤੇ ਸ਼ਾਂਤੀਪੂਰਬਕ ਧਰਨਾ ਦੇ ਰਹੇ ਸਨ ਤਾਂ ਪੁਲਿਸ ਨੇ ਧੱਕਾ ਕੀਤਾ ਜਿਸ ਦਾ ਉਨ੍ਹਾਂ ਵਿਰੋਧ ਕੀਤਾ। ਜਾਮੀਆ ਮਿਲੀਆ ਇਸਲਾਮੀਆ ਵਿਦਿਆਰਥੀਆਂ ਦੇ ਇਕ ਗੁੱਟ ਨੇ ਕਿਹਾ ਕਿ ਉਨ੍ਹਾਂ ਦਾ ਅੱਗਜ਼ਨੀ ਅਤੇ ਹਿੰਸਾ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਥਾਨਕ ਅਨਸਰਾਂ ਨੇ ਪ੍ਰਦਰਸ਼ਨ ‘ਚ ਸ਼ਾਮਲ ਹੋ ਕੇ ਇਸ ‘ਚ ਅੜਿੱਕਾ ਡਾਹਿਆ। ਫਾਰੂਕੀ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਉਨ੍ਹਾਂ ਕਿਹਾ ਕਿ ਪੁਲਿਸ ਜਾਣ ਬੁਝ ਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਜਮਾ ਅਖ਼ਤਰ ਨੇ ਪੁਲਿਸ ਕਾਰਵਾਈ ਦੀ ਨਿਖੇਧੀ ਕੀਤੀ ਹੈ।
ਪੱਛਮੀ ਬੰਗਾਲ ‘ਚ ਭੀੜ ਨੇ ਨਿੱਜੀ ਤੇ ਸਰਕਾਰੀ ਵਾਹਨਾਂ ਨੂੰ ਕੀਤਾ ਅੱਗ ਹਵਾਲੇ
ਗੁਹਾਟੀ : ਪੱਛਮੀ ਬੰਗਾਲ ਤੇ ਉੱਤਰ-ਪੂਰਬ ਵਿੱਚ ਸੋਧੇ ਹੋਏ ਨਾਗਰਿਕਤਾ ਕਾਨੂੰਨ ਖਿਲਾਫ ਹੋ ਰਹੇ ਰੋਸ ਮੁਜ਼ਾਹਰੇ ਤੇ ਹਿੰਸਕ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਈ ਥਾਈਂ ਵਾਹਨਾਂ ਨੂੰ ਅੱਗ ਲਾ ਦਿੱਤੀ ਅਤੇ ਸਰਕਾਰੀ ਤੇ ਨਿੱਜੀ ਵਾਹਨਾਂ ਦੀ ਭੰਨਤੋੜ ਕੀਤੀ। ਪੱਛਮੀ ਬੰਗਾਲ ਵਿੱਚ ਪ੍ਰਦਰਸ਼ਨਕਾਰੀਆਂ ਨੇ ਮੁਸਲਿਮ ਬਹੁਗਿਣਤੀ ਵਾਲੇ ਮੁਰਸ਼ਿਦਾਬਾਦ ਵਿੱਚ ਇਕ ਟੌਲ ਪਲਾਜ਼ਾ ਨੂੰ ਨਿਸ਼ਾਨਾ ਬਣਾਉਂਦਿਆਂ ਅੱਗ ਲਾ ਦਿੱਤੀ। ਇਸੇ ਤਰ੍ਹਾਂ ਹਾਵੜਾ ਜ਼ਿਲ੍ਹੇ ਵਿੱਚ ਹਿੰਸਾ ‘ਤੇ ਉਤਾਰੂ ਹਜੂਮ ਨੇ ਸੰਕਰੇਲ ਰੇਲਵੇ ਸਟੇਸ਼ਨ ਦੇ ਇਕ ਹਿੱਸੇ ਨੂੰ ਅੱਗ ਹਵਾਲੇ ਕਰ ਦਿੱਤਾ। ਸੈਂਕੜੇ ਲੋਕਾਂ ਨੇ ਸੋਧੇ ਹੋਏ ਨਾਗਰਿਕਤਾ ਐਕਟ ਦਾ ਵਿਰੋਧ ਕਰਦਿਆਂ ਸੜਕਾਂ ਜਾਮ ਕੀਤੀਆਂ ਤੇ ਕੁਝ ਦੁਕਾਨਾਂ ਨੂੰ ਅੱਗ ਲਾ ਦਿੱਤੀ। ਹਿੰਸਾ ਕਰਕੇ ਹਾਵੜਾ ਤੇ ਸਿਆਲਦਾਹ ਸੈਕਸ਼ਨਾਂ ‘ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਭੜਕੇ ਹੋਏ ਪ੍ਰਦਰਸ਼ਨਕਾਰੀਆਂ ਨੇ ਕੌਮੀ ਹਾਈਵੇਅ ਨੰਬਰ 2 ਨੂੰ ਕੌਮੀ ਹਾਈਵੇਅ ਨੰਬਰ 6 ਨਾਲ ਜੋੜਦੇ ਕੋਨਾ ਐਕਸਪ੍ਰੈੱਸ ‘ਤੇ ਨਿੱਜੀ ਵਾਹਨਾਂ ਤੇ ਸਰਕਾਰੀ ਬੱਸਾਂ ਨੂੰ ਅੱਗ ਲਾ ਦਿੱਤੀ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …