ਅੰਬਾਲਾ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਰਗੀ ਘਟਨਾ ਅੱਜ ਹਰਿਆਣਾ ਦੇ ਨਰਾਇਣਗੜ੍ਹ ਵਿਚ ਵੀ ਸਾਹਮਣੇ ਆਈ ਹੈ। ਕੁਰੂਕਸ਼ੇਤਰ ਤੋਂ ਭਾਜਪਾ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਦੇ ਕਾਫਲੇ ਦੀ ਗੱਡੀ ਨੇ ਖੇਤੀ ਕਾਨੂੰਨਾਂ ਖਿਲਾਫ ਕਾਲੇ ਝੰਡੇ ਦਿਖਾ ਰਹੇ ਇਕ ਕਿਸਾਨ ਭਵਨਪ੍ਰੀਤ ਸਿੰਘ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀ ਹੋਏ ਕਿਸਾਨ ਭਵਨਪ੍ਰੀਤ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਕਿਸਾਨਾਂ ਦਾ ਆਰੋਪ ਹੈ ਕਿ ਭਵਨਪ੍ਰੀਤ ਨੂੰ ਜਾਣਬੁੱਝ ਕੇ ਟੱਕਰ ਮਾਰੀ ਗਈ ਹੈ। ਧਿਆਨ ਰਹੇ ਕਿ ਨਾਇਬ ਸਿੰਘ ਸੈਣੀ ਨਰਾਇਣਗੜ੍ਹ ’ਚ ਇਕ ਸਮਾਗਮ ਵਿਚ ਸ਼ਾਮਲ ਪਹੁੰਚੇ ਸਨ ਅਤੇ ਉਨ੍ਹਾਂ ਦਾ ਕਿਸਾਨਾਂ ਨੇ ਕਾਲੇ ਝੰਡੇ ਲੈ ਕੇ ਵਿਰੋਧ ਵੀ ਕੀਤਾ। ਜ਼ਖ਼ਮੀ ਕਿਸਾਨ ਭਵਨਪ੍ਰੀਤ ਨੇ ਕਿਹਾ ਕਿ ਉਹ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਪਹੁੰਚਿਆ ਸੀ। ਉਹ ਹੱਥ ਵਿਚ ਕਾਲਾ ਝੰਡਾ ਲਈ ਸੜਕ ਕਿਨਾਰੇ ਖੜ੍ਹਾ ਸੀ ਅਤੇ ਇਸ ਦੌਰਾਨ ਸੰਸਦ ਮੈਂਬਰ ਦੇ ਕਾਫਲੇ ਦੀ ਗੱਡੀ ਨੇ ਜਾਣਬੁੱਝ ਕੇ ਉਸ ਨੂੰ ਟੱਕਰ ਮਾਰ ਦਿੱਤੀ। ਭਵਨਪ੍ਰੀਤ ਨੇ ਕਿਹਾ ਕਿ ਭਾਜਪਾ ਆਗੂ ਲਖੀਮਪੁਰ ਵਰਗੀ ਘਟਨਾ ਫਿਰ ਦੁਹਰਾਉਣਾ ਚਾਹੁੰਦੇ ਹਨ। ਕਿਸਾਨਾਂ ਨੇ ਭਾਜਪਾ ਦੇ ਸੰਸਦ ਮੈਂਬਰ ਅਤੇ ਉਸਦੇ ਡਰਾਈਵਰ ਵਿਰੁੱਧ ਨਰਾਇਣਗੜ੍ਹ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਨੇ 10 ਅਕਤੂਬਰ ਤੱਕ ਕੋਈ ਕਾਰਵਾਈ ਨਾ ਕੀਤੀ ਤਾਂ ਥਾਣੇ ਦਾ ਘਿਰਾਓ ਕੀਤਾ ਜਾਵੇਗਾ।