ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਭੇਜਿਆ ਚੌਥਾ ਸੰਮਨ
18 ਜਨਵਰੀ ਨੂੰ ਪੁੱਛਗਿੱਛ ਲਈ ਸੱਦਿਆ
ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਸ਼ਰਾਬ ਘੁਟਾਲਾ ਮਾਮਲੇ ’ਚ ਪੁੱਛਗਿੱਛ ਕਰਨ ਲਈ ਈਡੀ ਨੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਫਿਰ ਤੋਂ ਸੰਮਨ ਭੇਜਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ 18 ਜਨਵਰੀ ਨੂੰ ਪੁੱਛਗਿੱਛ ਲਈ ਸੱਦਿਆ ਹੈ ਅਤੇ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਭੇਜਿਆ ਗਿਆ ਇਹ ਚੌਥਾ ਸੰਮਨ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 2 ਨਵੰਬਰ, 21 ਦਸੰਬਰ ਅਤੇ 3 ਜਨਵਰੀ ਨੂੰ ਪੁੱਛਗਿੱਛ ਲਈ ਈਡੀ ਵੱਲੋਂ ਸੱਦਿਆ ਗਿਆ ਸੀ। ਪ੍ਰੰਤੂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿੰਨੋਂ ਵਾਰ ਜਾਂਚ ਏਜੰਸੀ ਸਾਹਮਣੇ ਪੇਸ਼ ਨਹੀਂ ਹੋਏ ਸਨ। ਕੇਜਰੀਵਾਲ ਵੱਲੋਂ ਲੰਘੀ ਤਿੰਨ ਜਨਵਰੀ ਨੂੰ ਈਡੀ ਨੂੰ ਕਿਹਾ ਸੀ ਕਿ ਉਹ ਰਾਜ ਸਭਾ ਅਤੇ ਗਣਤੰਤਰ ਦਿਵਸ ਦੀਆਂ ਤਿਆਰੀਆਂ ’ਚ ਰੁੱਝੇ ਹੋਏ ਹਨ ਅਤੇ ਈਡੀ ਨੇ ਉਨ੍ਹਾਂ ਕੋਲੋਂ ਜੋ ਵੀ ਪੁੱਛਣਾ ਹੈ ਉਹ ਲਿਖਤੀ ਰੂਪ ’ਚ ਭੇਜ ਦੇਣ। ਜਦਕਿ ਇਸ ਤੋਂ ਪਹਿਲਾ 2 ਨੰਬਰ ਨੂੰ ਕੇਜਰੀਵਾਲ ਨੇ ਈਡੀ ਦੇ ਸੰਮਨਾਂ ਨੂੰ ਗੈਰਕਾਨੂੰਨੀ ਦੱਸਿਆ ਸੀ। 21 ਦਸੰਬਰ ਨੂੰ ਸੰਮਨ ਮਿਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ 10 ਦਿਨਾਂ ਦੇ ਲਈ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਪਾਸਨਾ ਕੇਂਦਰ ਵਿਚ ਚਲੇ ਗਏ ਸਨ। ਹੁਣ ਦੇਖਣਾ ਇਹ ਹੈ ਕਿ ਅਰਵਿੰਦ ਕੇਜਰੀਵਾਲ 18 ਜਨਵਰੀ ਨੂੰ ਈਡੀ ਦੇ ਸਾਹਮਣੇ ਪੇਸ਼ ਹੁੰਦੇ ਹਨ ਜਾਂ ਨਹੀਂ।