ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਉਤਰ ਭਾਰਤ ’ਚ ਠੰਢ ਦਾ ਕਹਿਰ
ਸ਼ਿਮਲੇ ਨਾਲੋਂ ਜ਼ਿਆਦਾ ਠੰਢਾ ਰਿਹਾ ਪੰਜਾਬ, ਹਰਿਆਣ ਅਤੇ ਚੰਡੀਗੜ੍ਹ
ਅੰਮਿ੍ਰਤਸਰ/ਬਿਊਰੋ ਨਿਊਜ਼ :
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਪੂਰਾ ਉਤਰ ਭਾਰਤ ਠੰਢ ਦੀ ਜਕੜ ਵਿਚ ਹੈ। ਉਤਰ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਕਾਫੀ ਹੇਠਾਂ ਚਲਾ ਗਿਆ ਹੈ। ਦਿੱਲੀ ਸਮੇਤ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਨਾਲੋਂ ਵੀ ਘੱਟ ਦਰਜ ਕੀਤਾ ਗਿਆ ਹੈ ਜਿੱਥੇ ਅੱਜ ਘੱਟੋ-ਘੱਟ ਤਾਪਮਾਨ 8 ਡਿਗਰੀ ਸੀ। ਪੰਜਾਬ ਵਿੱਚ ਅੰਮਿ੍ਰਤਸਰ ਸਭ ਤੋਂ ਠੰਢਾ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਹਰਿਆਣਾ ਵਿੱਚ ਨਾਰਨੌਲ ਸਭ ਤੋਂ ਠੰਢਾ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 2.2 ਡਿਗਰੀ ਸੈਲਸੀਅਸ ਰਿਹਾ। ਉੱਧਰ ਦਿੱਲੀ ਵਿੱਚ ਅੱਜ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਦਰਜ ਕੀਤਾ ਗਿਆ ਜਿੱਥੇ ਘੱਟੋ ਘੱਟ ਤਾਪਮਾਨ 3.9 ਡਿਗਰੀ ਸੀ। ਪੰਜਾਬ ਵਿੱਚ ਲੋਹੜੀ ਮੌਕੇ ਵੀ ਠੰਢ ਦਾ ਕਹਿਰ ਜਾਰੀ ਰਿਹਾ ਅਤੇ ਲੋਹੜੀ ਵਾਲੇ ਦਿਨ ਦੀ ਸ਼ੁਰੂਆਤ ਸੰਘਣੀ ਧੁੰਦ ਦੇ ਨਾਲ ਹੋਈ। ਸ਼ਨੀਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ ਸਮੇਤ ਚੰਡੀਗੜ੍ਹ ਵਿਚ ਸੰਘਣੀ ਧੁੰਦ ਛਾਈ ਰਹੀ। ਮੌਸਮ ਵਿਭਾਗ ਦੇ ਚਿਤਾਵਨੀ ਦਿੱਤੀ ਹੈ ਕਿ ਆਉਂਦੇ ਚਾਰ-ਪੰਜ ਦਿਨ ਇਸੇ ਤਰ੍ਹਾਂ ਸੀਤ ਲਹਿਰ ਜਾਰੀ ਰਹੇਗੀ।