ਪਾਰਟੀ ਵਿਚ ਸਿੱਧੂ ਨੂੰ ਮਿਲ ਸਕਦਾ ਅਹਿਮ ਅਹੁਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਪਹੁੰਚ ਕੇ ਰਾਹੁਲ ਗਾਂਧੀ ਅਤੇ ਪਿ੍ਰਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਰੋਡ ਰੇਜ ਦੇ ਮਾਮਲੇ ਵਿੱਚ ਆਪਣੀ ਸਜ਼ਾ ਪੂਰੀ ਕਰਨ ਵਾਲੇ ਨਵਜੋਤ ਸਿੱਧੂ ਨੂੰ ਪਹਿਲੀ ਅਪਰੈਲ ਨੂੰ ਪਟਿਆਲਾ ਦੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਉਨ੍ਹਾਂ ਕੇਂਦਰ ’ਤੇ ਸਿਆਸੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਜ਼ੰਜੀਰਾਂ ਵਿੱਚ ਹੈ ਅਤੇ ਸੰਸਥਾਵਾਂ ਗੁਲਾਮ ਹੋ ਗਈਆਂ ਹਨ। ਉਨ੍ਹਾਂ ਗਾਂਧੀ ਭੈਣ-ਭਰਾ ਨਾਲ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ। ਇਸੇ ਦੌਰਾਨ ਨਵਜੋਤ ਸਿੱਧੂ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਵੀ ਮੁਲਾਕਾਤ ਕੀਤੀ ਹੈ। ਪੰਜਾਬ ਵਿੱਚ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੂੰ ਆਮ ਆਦਮੀ ਪਾਰਟੀ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਾਹੁਲ ਗਾਂਧੀ ਅਤੇ ਪਿ੍ਰਯੰਕਾ ਗਾਂਧੀ ਦੇ ਕਹਿਣ ’ਤੇ ਹੀ ਨਵਜੋਤ ਸਿੱਧੂ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਕਾਂਗਰਸ ਪਾਰਟੀ ਵਿਚ ਵੱਡਾ ਸਿਆਸੀ ਅਹੁਦਾ ਮਿਲ ਸਕਦਾ ਹੈ। ਜਿਸ ਨੂੰ ਲੈ ਕੇ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂਆਂ ਵਿਚ ਵੀ ਹਲਚਲ ਵਾਲਾ ਮਾਹੌਲ ਬਣਿਆ ਹੋਇਆ ਹੈ। ਚਰਚਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਪਾਰਟੀ ਵਲੋਂ ਕੋਈ ਵੱਡਾ ਅਹੁਦਾ ਦਿੱਤਾ ਜਾ ਸਕਦਾ ਹੈ।