Breaking News
Home / ਭਾਰਤ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਤੇ ਕਾਂਗਰਸ ‘ਤੇ ਕੀਤੇ ਤਿੱਖੇ ਸਿਆਸੀ ਹਮਲੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਤੇ ਕਾਂਗਰਸ ‘ਤੇ ਕੀਤੇ ਤਿੱਖੇ ਸਿਆਸੀ ਹਮਲੇ

ਕਿਹਾ : ਕਾਂਗਰਸ ਉੱਤੇ ‘ਸ਼ਹਿਰੀ ਨਕਸਲੀ’ ਕਾਬਜ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਮੁੜ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜੇਕਰ ਕਾਂਗਰਸ ਨਾ ਹੁੰਦੀ ਤਾਂ ਦੇਸ਼ ਵਿੱਚ ਕੋਈ ਐਮਰਜੈਂਸੀ ਨਾ ਲਗਦੀ, ਨਾ ਸਿੱਖਾਂ ਦੀ ਨਸਲਕੁਸ਼ੀ ਹੁੰਦੀ, ਨਾ ਜਾਤ ਅਧਾਰਿਤ ਸਿਆਸਤ ਹੁੰਦੀ ਤੇ ਨਾ ਹੀ ਪੰਡਿਤਾਂ ਨੂੰ ਕਸ਼ਮੀਰ ਛੱਡਣਾ ਪੈਂਦਾ।
ਉਨ੍ਹਾਂ ਕਿਹਾ ਕਿ (ਰਾਸ਼ਟਰ ਪਿਤਾ) ਮਹਾਤਮਾ ਗਾਂਧੀ ਖ਼ੁਦ ਚਾਹੁੰਦੇ ਸਨ ਕਿ ਕਾਂਗਰਸ ਖਿੰਡ ਜਾਵੇ। ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਪੇਸ਼ ਧੰਨਵਾਦ ਮਤੇ ਉੱਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਮੋਦੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਾਂਗਰਸ ‘ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਉੱਤੇ ‘ਸ਼ਹਿਰੀ ਨਕਸਲੀ’ ਕਾਬਜ਼ ਹਨ।
ਰਾਜ ਸਭਾ ਨੇ ਵਿਰੋਧੀ ਧਿਰਾਂ ਵੱਲੋਂ ਪੇਸ਼ ਸਾਰੀਆਂ ਸੋਧਾਂ ਨੂੰ ਰੱਦ ਕਰਦਿਆਂ ਧੰਨਵਾਦ ਮਤੇ ਨੂੰ ਸਵੀਕਾਰ ਕਰ ਲਿਆ। ਧੰਨਵਾਦ ਮਤੇ ‘ਤੇ ਹੋਈ ਬਹਿਸ ਨੂੰ ਸਮੇਟਦਿਆਂ ਪ੍ਰਧਾਨ ਮੰਤਰੀ ਨੇ ਡੇਢ ਘੰਟੇ ਦੀ ਆਪਣੀ ਤਕਰੀਰ ਵਿੱਚ ਕਿਹਾ, ”ਕਾਂਗਰਸ ਇਕ ਤਰੀਕੇ ਨਾਲ ਸ਼ਹਿਰੀ ਨਕਸਲੀਆਂ ਦੀ ਗ੍ਰਿਫ਼ਤ ਵਿੱਚ ਹੈ। ਇਹੀ ਵਜ੍ਹਾ ਹੈ ਕਿ ਇਸ ਦੀ ਸੋਚ ਨਾਕਾਰਾਤਮਕ ਬਣ ਗਈ ਹੈ।” ਉਨ੍ਹਾਂ ਕਿਹਾ, ”ਮਹਾਤਮਾ ਗਾਂਧੀ ਖੁਦ ਚਾਹੁੰਦੇ ਸਨ ਕਿ ਕਾਂਗਰਸ ਖਿੰਡ ਜਾਵੇ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਅੱਗੇ ਜਾ ਕੇ ਕੀ ਹੋਣ ਵਾਲਾ ਹੈ। ਮਹਾਤਮਾ ਗਾਂਧੀ ਦੀ ਇੱਛਾ ਮੁਤਾਬਕ ਜੇਕਰ (ਦੇਸ਼ ਵਿੱਚ) ਕਾਂਗਰਸ ਨਾ ਹੁੰਦੀ ਤਾਂ ਕੀ-ਕੀ ਹੋ ਸਕਦਾ ਸੀ: ਜਮਹੂਰੀਅਤ ਪਰਿਵਾਰਵਾਦ ਤੋਂ ਮੁਕਤ ਹੁੰਦੀ; ਭਾਰਤ ‘ਤੇ ਐਮਰਜੈਂਸੀ ਦਾ ਕਲੰਕ ਲੱਗਣ ਤੋਂ ਬਚ ਜਾਂਦਾ; ਭ੍ਰਿਸ਼ਟਾਚਾਰ ਸੰਸਥਾਗਤ ਨਾ ਹੁੰਦਾ; ਜਾਤੀਵਾਦ ਤੇ ਖੇਤਰਵਾਦ ਦੀ ਰਸਾਤਲ ਇੰਨੀ ਡੂੰਘੀ ਨਾ ਹੁੰਦੀ।”
ਕਾਂਗਰਸ ਵੱਲੋਂ ਕੀਤੇ ਵਾਕਆਊਟ ‘ਤੇ ਤਨਜ਼ ਕਸਦਿਆਂ ਮੋਦੀ ਨੇ ਕਿਹਾ ਜਮਹੂਰੀਅਤ ਵਿੱਚ ਗੱਲਾਂ ਸੁਣਨੀਆਂ ਵੀ ਪੈਂਦੀਆਂ ਹਨ, ਪਰ ਪਾਰਟੀ (ਕਾਂਗਰਸ) ਹੁਣ ਤੱਕ ਦੂਜਿਆਂ ਨੂੰ ਉਪਦੇਸ਼ ਹੀ ਦਿੰਦੀ ਆਈ ਹੈ। ਲੋਕ ਸਭਾ ਮਗਰੋਂ ਰਾਜ ਸਭਾ ਵਿੱਚ ਵੀ ਕਾਂਗਰਸ ‘ਤੇ ਤਿੱਖੇ ਹਮਲਿਆਂ ਨੂੰ ਜਾਰੀ ਰੱਖਦਿਆਂ ਮੋਦੀ ਨੇ ਕਿਹਾ, ”ਜੇ ਕਾਂਗਰਸ ਨਾ ਹੁੰਦੀ, ਤਾਂ ਸ਼ਾਇਦ ਸਿੱਖਾਂ ਦੀ ਨਸਲਕੁਸ਼ੀ ਨਾ ਹੁੰਦੀ ਤੇ ਕਸ਼ਮੀਰੀ ਹਿੰਦੂਆਂ ਨੂੰ ਆਪਣਾ ਸੂਬਾ ਨਾ ਛੱਡਣਾ ਪੈਂਦਾ, ਧੀਆਂ ਨੂੰ ਤੰਦੂਰਾਂ ‘ਚ ਨਾ ਸਾੜਿਆ ਜਾਂਦਾ ਤੇ ਆਮ ਆਦਮੀ ਨੂੰ ਪਾਣੀ, ਬਿਜਲੀ, ਪਖਾਨੇ ਤੇ ਸੜਕਾਂ ਜਿਹੀਆਂ ਬੁਨਿਆਦੀ ਸਹੂਲਤਾਂ ਲਈ ਸਾਲਾਂ ਬੱਧੀ ਉਡੀਕ ਨਾ ਕਰਨੀ ਪੈਂਦੀ।’
ਕਾਂਗਰਸ ਦੇ ਸੱਚ ਬੋਲਣ ਕਰਕੇ ਡਰੀ ਭਾਜਪਾ : ਰਾਹੁਲ
ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਂਗਰਸ ਅਤੇ ਜਵਾਹਰ ਲਾਲ ਨਹਿਰੂ ਨੂੰ ਨਿਸ਼ਾਨਾ ਬਣਾਉਣ ‘ਚੋਂ ਪ੍ਰਧਾਨ ਮੰਤਰੀ ਦਾ ਡਰ ਝਲਕਦਾ ਹੈ ਜੋ ਕਿ ਕੁਦਰਤੀ ਹੈ ਕਿਉਂਕਿ ਕਾਂਗਰਸ ਪਾਰਟੀ ਸੱਚ ਬੋਲ ਰਹੀ ਹੈ ਤੇ ‘ਝੂਠ ਦਾ ਪਰਦਾਫਾਸ਼’ ਕਰ ਰਹੀ ਹੈ। ਮੀਡੀਆ ਨਾਲ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਭਾਜਪਾ, ਕਾਂਗਰਸ ਤੋਂ ਡਰੀ ਹੋਈ ਹੈ ਕਿਉਂਕਿ ਕਾਂਗਰਸ ਸੱਚ ਬੋਲ ਰਹੀ ਹੈ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੂਰਾ ਭਾਸ਼ਣ ਬਸ ਕਾਂਗਰਸ ਬਾਰੇ ਹੀ ਸੀ, ਕਾਂਗਰਸ ਨੇ ਕੀ ਨਹੀਂ ਕੀਤਾ ਤੇ ਨਹਿਰੂ ਨੇ ਕੀ ਨਹੀਂ ਕੀਤਾ। ਪਰ ਭਾਜਪਾ ਦੇ ਵਾਅਦਿਆਂ ਬਾਰੇ ਕੁਝ ਨਹੀਂ ਸੀ। ਇਸ ਵਿਚੋਂ ਡਰ ਝਲਕਦਾ ਹੈ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੋ ਭਾਰਤ ਬਣਾ ਰਹੇ ਹਨ, ਇਕ ਬੇਹੱਦ ਅਮੀਰਾਂ ਲਈ ਤੇ ਦੂਜਾ ਗਰੀਬਾਂ ਲਈ ਹੈ।
ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ
ਨਵੀਂ ਦਿੱਲੀ : ਭਾਰਤ ਦੇ ਕੋਲਾ ਖਣਨ ਕਾਰੋਬਾਰੀ ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਜਾਣਕਾਰੀ ਮੁਤਾਬਕ ਗਰੀਨ ਐਨਰਜੀ ਕਾਰੋਬਾਰ ‘ਚ ਦਾਖਲੇ ਨਾਲ ਉਨ੍ਹਾਂ ਦੀ ਕੁੱਲ ਜਾਇਦਾਦ ਵਧ ਕੇ 88.5 ਅਰਬ ਡਾਲਰ ਹੋ ਗਈ ਹੈ। ਅਡਾਨੀ ਆਪਣੇ ਹਮਵਤਨ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਦੁਨੀਆ ਦੇ 10 ਸਭ ਤੋਂ ਅਮੀਰ ਵਿਅਕਤੀਆਂ ‘ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਅਨੁਸਾਰ ਫੋਰਬਸ ਅਤੇ ਬਲੂਮਬਰਗ ਦੇ ਅੰਕੜਿਆਂ ਮੁਤਾਬਕ ਗੌਤਮ ਅਡਾਨੀ ਦੀ ਜਾਇਦਾਦ ‘ਚ ਪਿਛਲੇ ਸਾਲ ਨਾਲੋਂ 12 ਅਰਬ ਡਾਲਰ ਦਾ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਗੌਤਮ ਅਡਾਨੀ ਦੇ ਅਡਾਨੀ ਗਰੁੱਪ ਕੋਲ ਆਪਣੇ ਗ੍ਰਹਿ ਸੂਬੇ ਗੁਜਰਾਤ ਵਿੱਚ ਦੇਸ਼ ਦੀ ਸਭ ਤੋਂ ਵੱਡੀ ਮੁੰਦਰਾ ਬੰਦਰਗਾਹ ਦਾ ਕੰਟਰੋਲ ਹੈ। ਉਨ੍ਹਾਂ ਕੋਲ ਮੁੰਬਈ ਕੌਮਾਂਤਰੀ ਹਵਾਈ ਅੱਡੇ ਦੀ 74 ਫ਼ੀਸਦੀ ਹਿੱਸੇਦਾਰੀ ਵੀ ਹੈ। ਪਰ, ਰਿਪੋਰਟ ਮੁਤਾਬਕ ਗੌਤਮ ਅਡਾਨੀ ਦੀ ਜਾਇਦਾਦ ਵਿੱਚ ਮੁੱਖ ਵਾਧਾ ਉਨ੍ਹਾਂ ਦੀ ਕੰਪਨੀ ਅਡਾਨੀ ਗਰੀਨ ਐਨਰਜੀ ਸਦਕਾ ਹੋਇਆ ਹੈ, ਜਿਸ ਦੇ ਸ਼ੇਅਰਾਂ ਦੀ ਕੀਮਤ ਪਿਛਲੇ 12 ਮਹੀਨਿਆਂ ਦੌਰਾਨ ਲੱਗਪਗ ਦੁੱਗਣੀ ਹੋ ਗਈ ਹੈ। ਕੰਪਨੀ ਵੱਲੋਂ ਦੁਨੀਆ ਦਾ ਨਵਿਆਉਣਯੋਗ ਊਰਜਾ ਵਿੱਚ 2030 ਤੱਕ 70 ਅਰਬ ਡਾਲਰ ਨਿਵੇਸ਼ ਕੀਤਾ ਜਾ ਰਿਹਾ ਹੈ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …