-5.9 C
Toronto
Monday, January 5, 2026
spot_img
Homeਪੰਜਾਬਭਗਵੰਤ ਮਾਨ ਕਿਸਾਨਾਂ ਦੇ ਮਸਲੇ ਲੈ ਕੇ ਪੁੱਜੇ ਸੰਸਦ

ਭਗਵੰਤ ਮਾਨ ਕਿਸਾਨਾਂ ਦੇ ਮਸਲੇ ਲੈ ਕੇ ਪੁੱਜੇ ਸੰਸਦ

ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਪੰਜਾਬ ਚੋਣਾਂ ਦੇ ਪ੍ਰਚਾਰ ਨੂੰ ਵਿਚਾਲੇ ਛੱਡ ਕੇ ਪਾਰਲੀਮੈਂਟ ‘ਚ ਪੁੱਜ ਗਏ ਤਾਂ ਜੋ ਕਿਸਾਨੀ ਮੁੱਦੇ ਸੰਸਦ ਵਿਚ ਉਠਾਏ ਜਾ ਸਕਣ। ਪੰਜਾਬ ਦੇ ਗੰਨਾ ਕਾਸ਼ਤਕਾਰਾਂ ਦੇ ਮਸਲੇ ਨੂੰ ਉਠਾਉਣ ਲਈ ਸੰਸਦ ਮੈਂਬਰ ਭਗਵੰਤ ਮਾਨ ਆਪਣਾ ਚੋਣ ਪ੍ਰਚਾਰ ਅੱਧ ਵਿਚਕਾਰੇ ਛੱਡ ਕੇ ਬੁੱਧਵਾਰ ਨੂੰ ਲੋਕ ਸਭਾ ਵਿਚ ਪੁੱਜ ਗਏ ਜਿਨ੍ਹਾਂ ਨੇ ਗੰਨਾ ਕਾਸ਼ਤਕਾਰਾਂ ਦੇ ਬਕਾਏ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਥੋੜ੍ਹੇ ਸਮੇਂ ਵਿਚ ਕਿਸਾਨੀ ਮੁੱਦਿਆਂ ਨੂੰ ਸੰਖੇਪ ਵਿਚ ਸੰਸਦ ਵਿਚ ਰੱਖਿਆ।
ਭਗਵੰਤ ਮਾਨ ਨੇ ਲੋਕ ਸਭਾ ਸੈਸ਼ਨ ਵਿਚ ਕਿਹਾ ਕਿ ਨਿਯਮਾਂ ਅਨੁਸਾਰ ਗੰਨਾ ਕਾਸ਼ਤਕਾਰਾਂ ਨੂੰ ਗੰਨਾ ਮਿੱਲਾਂ ਵੱਲੋਂ 14 ਦਿਨਾਂ ਵਿਚ ਅਦਾਇਗੀ ਕੀਤੀ ਜਾਣੀ ਹੁੰਦੀ ਹੈ ਅਤੇ ਦੇਰੀ ਦੀ ਸੂਰਤ ਵਿਚ ਵਿਆਜ ਵੀ ਤਾਰਨਾ ਹੁੰਦਾ ਹੈ ਪਰ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਨੂੰ ਹਾਲੇ ਤੱਕ ਉਨ੍ਹਾਂ ਦੇ ਬਕਾਏ ਨਹੀਂ ਮਿਲੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਤਰਫ਼ੋਂ ਜੋ 35 ਰੁਪਏ ਦੀ ਹਿੱਸੇਦਾਰੀ ਵਾਲੀ ਰਕਮ ਦਿੱਤੀ ਜਾਣੀ ਸੀ, ਉਹ ਵੀ ਕਿਸਾਨਾਂ ਨੂੰ ਨਹੀਂ ਮਿਲੀ ਹੈ। ਉਨ੍ਹਾਂ ਆਪਣੇ ਹਲਕੇ ਧੂਰੀ ਵਿਚਲੀ ਭਗਵਾਨਪੁਰਾ ਖੰਡ ਮਿੱਲ ਦਾ ਉੱਚੇਚਾ ਜ਼ਿਕਰ ਕੀਤਾ। ਉਨ੍ਹਾਂ ਨਰਮਾ ਪੱਟੀ ਵਿਚ ਗੁਲਾਬੀ ਸੁੰਡੀ ਨਾਲ ਹੋਏ ਖ਼ਰਾਬੇ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਨਰਮਾ ਕਾਸ਼ਤਕਾਰਾਂ ਨੂੰ ਵੀ ਮੁਆਵਜ਼ਾ ਵੰਡਿਆ ਜਾਵੇ। ਭਗਵੰਤ ਮਾਨ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 743 ਕਿਸਾਨਾਂ-ਮਜ਼ਦੂਰਾਂ ਦੀ ਗੱਲ ਵੀ ਕੀਤੀ। ਭਗਵੰਤ ਮਾਨ ਨੇ ਅਖੀਰ ਵਿਚ ਸੰਤ ਰਾਮ ਉਦਾਸੀ ਨੂੰ ਯਾਦ ਕੀਤਾ ਕਿ ‘ਗਲ ਲੱਗ ਕੇ ਸੀਰੀ ਦੇ ਜੱਟ ਰੋਵੇ…’। ਉਨ੍ਹਾਂ ਅਪੀਲ ਕੀਤੀ ਕਿ ਇਹ ਮਸਲੇ ਫ਼ੌਰੀ ਹੱਲ ਕੀਤੇ ਜਾਣ ਤਾਂ ਜੋ ਅੰਨਦਾਤਾ ਭੁੱਖਾ ਨਾ ਸੌਂਵੇਂ।

RELATED ARTICLES
POPULAR POSTS