ਖੇਤੀ ਕਾਨੂੰਨਾਂ ਖਿਲਾਫ ਭਾਜਪਾ ਆਗੂਆਂ ਦਾ ਹੋ ਰਿਹਾ ਡਟਵਾਂ ਵਿਰੋਧ
ਚੰਡੀਗੜ੍ਹ/ਬਿਊਰੋ ਨਿਊਜ਼
ਰਾਜਪੁਰਾ ਵਿਚ ਮੀਟਿੰਗ ਕਰਨ ਪਹੁੰਚੇ ਭਾਜਪਾ ਆਗੂਆਂ ਨੂੰ ਕਿਸਾਨਾਂ ਨੇ ਅੱਧਾ ਕਿਲੋਮੀਟਰ ਤੱਕ ਦੌੜਾਇਆ। ਇਸ ਭੱਜ ਦੌੜ ਵਿਚ ਭਾਜਪਾ ਆਗੂਆਂ ਦੇ ਕੱਪੜੇ ਵੀ ਪਾਟ ਗਏ। ਇਸੇ ਦੌਰਾਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਭਾਜਪਾ ਦਰਮਿਆਨ ਤਣਾਅ ਵਾਲੇ ਹਾਲਾਤ ਬਣੇ ਰਹੇ। ਧਿਆਨ ਰਹੇ ਕਿ ਭਾਜਪਾ ਦੇ ਸੂਬਾਈ ਆਗੂ ਭੁਪੇਸ਼ ਅਗਰਵਾਲ ਸਮੇਤ ਕੁਝ ਹੋਰ ਆਗੂਆਂ ਨੂੰ ਐਤਵਾਰ ਅੱਧੀ ਰਾਤ ਤੱਕ ਸੈਂਕੜੇ ਕਿਸਾਨਾਂ ਨੇ ਰਾਜਪੁਰਾ ਵਿਚ ਘੇਰੀ ਰੱਖਿਆ। ਜਾਣਕਾਰੀ ਅਨੁਸਾਰ ਰਾਜਪੁਰਾ ’ਚ ਭਾਜਪਾ ਦੇ ਭਾਰਤੀ ਵਿਕਾਸ ਪ੍ਰੀਸ਼ਦ ਦੇ ਦਫ਼ਤਰ ’ਚ ਜ਼ਿਲ੍ਹਾ ਪ੍ਰਧਾਨ ਵਿਕਾਸ ਵਿੱਕੀ ਦੀ ਅਗਵਾਈ ਹੇਠਾਂ ਮੀਟਿੰਗ ਚੱਲ ਰਹੀ ਸੀ। ਮੀਟਿੰਗ ਦਾ ਪਤਾ ਲਗਦੇ ਹੀ ਵੱਡੀ ਗਿਣਤੀ ਕਿਸਾਨਾਂ ਨੇ ਭਾਜਪਾ ਆਗੂਆਂ ਦਾ ਘਿਰਾਓ ਕਰ ਲਿਆ। ਪੁਲਿਸ ਨੇ ਭਾਵੇਂ ਮੌਕੇ ’ਤੇ ਪੁੱਜ ਕੇ ਇਨ੍ਹਾਂ ਭਾਜਪਾ ਆਗੂਆਂ ਨੂੰ ਬਾਹਰ ਕੱਢਿਆ, ਪਰ ਇਸ ਦੌਰਾਨ ਰੋਹ ’ਚ ਆਏ ਕਿਸਾਨਾਂ ਨੇ ਇੱਕ ਕੌਂਸਲਰ ਸਮੇਤ ਕੁਝ ਹੋਰ ਭਾਜਪਾ ਕਾਰਕੁਨਾਂ ਦੀ ਖਿੱਚਧੂਹ ਵੀ ਕੀਤੀ। ਕਿਸਾਨਾਂ ਦਾ ਆਰੋਪ ਹੈ ਕਿ ਭਾਜਪਾ ਆਗੂ ਦੇ ਗੰਨਮੈਨ ਨੇ ਕਿਸਾਨਾਂ ’ਤੇ ਪਿਸਤੌਲ ਵੀ ਤਾਣ ਦਿੱਤੀ ਸੀ ਅਤੇ ਕਿਸਾਨਾਂ ਨੇ ਭਾਜਪਾ ਆਗੂ ਦੇ ਗੰਨਮੈਨ ’ਤੇ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ। ਇਸੇ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਰਾਜਪੁਰਾ ਵਿੱਚ ਪਾਰਟੀ ਦੀ ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਕੀਤੀ ਗਈ ਕਾਰਵਾਈ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ।