‘ਆਪ’ ਹੁਣ ਇਕੱਲਿਆਂ ਹੀ ਪੰਜਾਬ ਦੀਆਂ 13 ਸੀਟਾਂ ‘ਤੇ ਲੜੇਗੀ ਚੋਣ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਤੇ ਅਕਾਲੀ ਦਲ ਟਕਸਾਲੀ ਵਿਚਕਾਰ ਚੋਣ ਸਮਝੌਤਾ ਨਾ ਹੋਣ ਦੀ ਸੂਰਤ ਵਿਚ ‘ਆਪ’ ਇਕੱਲਿਆਂ 13 ਸੀਟਾਂ ਉਪਰ ਚੋਣ ਲੜੇਗੀ ਅਤੇ ਟਕਸਾਲੀਆਂ ਦਾ ਇਕ ਹਿੱਸਾ ‘ਆਪ’ ਨਾਲ ਗੱਠਜੋੜ ਕਾਇਮ ਕਰਨ ਲਈ ਬੀਰਦਵਿੰਦਰ ਸਿੰਘ ਨੂੰ ਬਠਿੰਡਾ ਤੋਂ ਚੋਣ ਲੜਾਉਣ ਦੀ ਪੇਸ਼ਕਸ਼ ਕਰ ਰਿਹਾ ਹੈ।
ਸੂਤਰਾਂ ਅਨੁਸਾਰ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਬੀਰਦਵਿੰਦਰ ਸਿੰਘ ਨੂੰ ਦਿੱਤੀ ਜ਼ੁਬਾਨ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਤੋਂ ਹੀ ਚੋਣ ਲੜਾਉਣ ਦੇ ਸਟੈਂਡ ਉਪਰ ਕਾਇਮ ਹਨ ਜਿਸ ਕਾਰਨ ਇਨ੍ਹਾਂ ਦੋਵਾਂ ਧਿਰਾਂ ਦੀ ਗੱਲ ਕਿਸੇ ਸਿਰੇ ਨਹੀਂ ਚੜ੍ਹ ਰਹੀ। ‘ਆਪ’ ਟਕਸਾਲੀਆਂ ਲਈ ਲੋਕ ਸਭਾ ਹਲਕਾ ਬਠਿੰਡਾ ਦੀ ਸੀਟ ਛੱਡਣ ਲਈ ਤਿਆਰ ਹੈ। ‘ਆਪ’ ਦੀ ਲੀਡਰਸ਼ਿਪ ਨੇ ਪੇਸ਼ਕਸ਼ ਕੀਤੀ ਹੈ ਕਿ ਲੋਕ ਸਭਾ ਹਲਕਾ ਬਠਿੰਡਾ ਵਿਚ ਉਨ੍ਹਾਂ ਦੇ 5 ਵਿਧਾਇਕ ਹਨ ਜਿਨ੍ਹਾਂ ਵਿਚੋਂ ਪ੍ਰਿੰਸੀਪਲ ਬੁੱਧ ਰਾਮ, ਪ੍ਰੋ. ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂਬੀ ਤਾਂ ਪਾਰਟੀ ਨਾਲ ਹੀ ਹਨ ਜਦਕਿ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਜਗਦੇਵ ਸਿੰਘ ਕਮਾਲੂ ਬਾਗੀ ਚੱਲ ਰਹੇ ਹਨ। ਵਿਧਾਨ ਸਭਾ ਹਲਕਾ ਭੁੱਚੋ ਵਿਚੋਂ ਵੀ ‘ਆਪ’ ਦੇ ਉਮੀਦਵਾਰ ਮਾਸਟਰ ਜਗਸੀਰ ਸਿੰਘ ਥੋੜ੍ਹੀਆਂ ਵੋਟਾਂ ਨਾਲ ਹੀ ਹਾਰੇ ਸਨ। ਟਕਸਾਲੀ ਦਲ ਦੇ ਕੁਝ ਆਗੂ ਵੀ ‘ਆਪ’ ਦੀ ਇਸ ਤਜਵੀਜ਼ ਨਾਲ ਸਹਿਮਤ ਹਨ ਪਰ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦਾ ਪੁਰਾਣਾ ਸਟੈਂਡ ਕਾਇਮ ਹੈ।
ਦੂਸਰੇ ਪਾਸੇ ‘ਆਪ’ ਲੰਮਾ ਸਮਾਂ ਪਹਿਲਾਂ ਹੀ ਆਨੰਦਪੁਰ ਸਾਹਿਬ ਤੋਂ ਨਰਿੰਦਰ ਸ਼ੇਰਗਿੱਲ ਨੂੰ ਆਪਣਾ ਉਮੀਦਵਾਰ ਐਲਾਨ ਚੁੱਕੀ ਹੈ। ‘ਆਪ’ ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਜੇ ਟਕਸਾਲੀਆਂ ਨਾਲ ਸਮਝੌਤਾ ਨਾ ਹੋਇਆ ਤਾਂ ਪਾਰਟੀ ਆਪਣੇ ਬਲਬੂਤੇ ‘ਤੇ ਹੀ ਸਾਰੀਆਂ 13 ਸੀਟਾਂ ਉਪਰ ਚੋਣ ਲੜੇਗੀ।
Check Also
ਸ਼ੋ੍ਰਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਨੂੰ ਰਾਜੋਆਣਾ ਦੀ ਸਜ਼ਾ ਮੁਆਫੀ ਸਬੰਧੀ ਪਟੀਸ਼ਨ ’ਤੇ ਫੌਰੀ ਕੋਈ ਫੈਸਲਾ ਲੈਣ ਦੀ ਅਪੀਲ
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਚਾਰ ਫੀਸਦ ਵਧਾਉਣ ਦਾ ਐਲਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ …