ਵਿਚੋਲੇ ਕ੍ਰਿਸ਼ਚੀਅਨ ਮਿਸ਼ੇਲ ਨੂੰ ਦੁਬਈ ਤੋਂ ਲਿਆਂਦਾ ਭਾਰਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਵਿਚ ਕਥਿਤ ਵਿਚੋਲੀਏ ਕ੍ਰਿਸਚੀਅਨ ਜੇਮਜ਼ ਮਿਸ਼ੇਲ ਨੂੰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਅਗਵਾਈ ਹੇਠ ਚੱਲ ਰਹੀ ਮੁਹਿੰਮ ਤਹਿਤ ਭਾਰਤ ਲਿਆਂਦਾ ਗਿਆ ਹੈ। ਸੀਬੀਆਈ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਕਾਰਵਾਈ ਉੱਚ ਪੱਧਰ ਉੱਤੇ ਚੱਲੀ। ਇੱਕ ਪ੍ਰਾਈਵੇਟ ਜਹਾਜ਼ ਰਾਤ 11 ਵਜੇ ਉਸ ਨੂੰ ਲੈ ਨਵੀਂ ਦਿੱਲੀ ਪੁੱਜਾ। ਦੁਬਈ ਤੋਂ ਮਿਸ਼ੇਲ ਨੂੰ ਲਿਆਉਣ ਲਈ ਇਸ ਮੁਹਿੰਮ ਦੇ ਕੋਆਰਡੀਨੇਟਰ ਸੀਬੀਆਈ ਦੇ ਅੰਤਰਿਮ ਡਾਇਰੈਕਟਰ ਐੱਮ ਨਾਗੇਸ਼ਵਰ ਰਾਓ ਹਨ। ਜੁਆਇੰਟ ਡਾਇਰੈਕਟਰ ਸਾਈ ਮਨੋਹਰ ਦੀ ਅਗਵਾਈ ਹੇਠਲੀ ਅਧਿਕਾਰੀਆਂ ਦੀ ਟੀਮ ਦੁਬਈ ਵਿੱਚ ਗਈ ਸੀ। ਅਮੀਰਾਤ ਸਰਕਾਰ ਨੇ ਉਸ ਨੂੰ ਭਾਰਤ ਹਵਾਲੇ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਕਦਮ ਖ਼ਿਲਾਫ਼ ਕੀਤੀ ਮਿਸ਼ੇਲ ਵੱਲੋਂ ਕੀਤੀ ਗਈ ਅਪੀਲ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਮਿਸ਼ੇਲ (67) ਦੁਬਈ ਵਿਚ ਆਪਣੀ ਗ੍ਰਿਫ਼ਤਾਰੀ ਮਗਰੋਂ ਜੇਲ੍ਹ ‘ਚ ਸੀ। ਸੀਬੀਆਈ ਦੇ ਬੁਲਾਰੇ ਅਭਿਸ਼ੇਕ ਦਿਆਲ ਨੇ ਇੱਥੇ ਦੱਸਿਆ ਕਿ ਮਿਸ਼ੇਲ ਨੇ ਸਾਥੀ ਸਰਕਾਰੀ ਮੁਲਜ਼ਮਾਂ ਨਾਲ ਮਿਲ ਅਪਰਾਧਿਕ ਸਾਜ਼ਿਸ਼ ਰਚੀ। ਇਸ ਤਹਿਤ ਸਰਕਾਰੀ ਅਧਿਕਾਰੀਆਂ ਨੇ ਵੀਵੀਆਈਪੀ ਹੈਲੀਕਾਪਟਰ ਦੀ ਉਡਾਣ ਭਰਨ ਦੀ ਉਚਾਈ 6000 ਮੀਟਰ ਤੋਂ ਘਟਾ ਕੇ 4500 ਮੀਟਰ ਕਰਕੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ। ਭਾਰਤ ਸਰਕਾਰ ਨੇ ਅੱਠ ਫਰਵਰੀ 2010 ਨੂੰ ਰੱਖਿਆ ਮੰਤਰਾਲੇ ਰਾਹੀਂ ਬਰਤਾਨੀਆ ਅਗਸਤਾ ਵੈਸਟਲੈਂਡ ਇੰਟਰਨੈਸ਼ਨਲ ਨੂੰ ਤਕਰੀਬਨ 55.62 ਕਰੋੜ ਯੂਰੋ ਦਾ ਠੇਕਾ ਹੈਲੀਕਾਪਟਰਾਂ ਦੀ ਖਰੀਦ ਲਈ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮਿਸ਼ੇਲ ਇਸ ਮਾਮਲੇ ਵਿਚ ਭਾਰਤ ‘ਚ ਅਧਰਾਧਿਕ ਕਾਰਵਾਈ ਤੋਂ ਬਚ ਰਿਹਾ ਸੀ। ਉਹ ਭਾਰਤ ਦਾ ਭਗੌੜਾ ਸੀ। ਉਸਦੀ ਸ਼ਮੂਲੀਅਤ 2012 ਵਿਚ ਸਾਹਮਣੇ ਆਈ ਸੀ। ਉਸ ਨੇ ਭਾਰਤੀ ਅਧਿਕਾਰੀਆਂ ਨੂੰ ਗੈਰਕਾਨੂੰਨੀ ਕਮਿਸ਼ਨ ਦੇਣ ਵਿਚ ਗੁਪਤ ਭੁਮਿਕਾ ਅਦਾ ਕੀਤੀ ਦੱਸੀ ਜਾਂਦੀ ਹੈ। ਉਹ ਕੰਪਨੀ ਨਾਲ 1980 ਤੋਂ ਹੀ ਜੁੜਿਆ ਹੋਇਆ ਸੀ। ਉਸ ਵਿਰੁੱਧ ਨਵੀਂ ਦਿੱਲੀ ਦੀ ਸੀਬੀਆਈ ਅਦਾਲਤ ਨੇ ਗੈਰਜ਼ਮਾਨਤੀ ਵਰੰਟ ਜਾਰੀ ਕੀਤਾ ਹੋਇਆ ਸੀ।
ਮਿਸ਼ੇਲ ਨੂੰ 10 ਦਸੰਬਰ ਤੱਕ ਨਿਆਇਕ ਹਿਰਾਸਤ ‘ਚ ਭੇਜਿਆ
ਨਵੀਂ ਦਿੱਲੀ : ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਸੌਦੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ (54) ਨੂੰ ਬੁੱਧਵਾਰ ਨੂੰ ਇਥੋਂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ ਪੁੱਛ-ਗਿੱਛ ਲਈ ਪੰਜ ਦਿਨਾਂ ਵਾਸਤੇ ਸੀਬੀਆਈ ਹਵਾਲੇ ਕਰ ਦਿੱਤਾ ਗਿਆ। ਉਸ ਨੂੰ ਮੁੜ 10 ਦਸੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਬਰਤਾਨੀਆ ਦੇ ਨਾਗਰਿਕ ਮਿਸ਼ੇਲ ਨੂੰ ਮੰਗਲਵਾਰ ਦੇਰ ਰਾਤ ਸੰਯੁਕਤ ਅਰਬ ਅਮੀਰਾਤ ਤੋਂ ਲਿਆਂਦਾ ਗਿਆ ਸੀ। ਉਸ ਨੂੰ ਸੀਬੀਆਈ ਦੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਮੂਹਰੇ ਪੇਸ਼ ਕੀਤਾ ਗਿਆ ਜਿਨ੍ਹਾਂ ਮਿਸ਼ੇਲ ਨੂੰ ਆਪਣੇ ਵਕੀਲ ਨਾਲ ਗੱਲਬਾਤ ਕਰਨ ਲਈ ਪੰਜ ਮਿੰਟ ਦਾ ਸਮਾਂ ਦਿੱਤਾ।ਮਿਸ਼ੇਲ ਦੇ ਵਕੀਲਾਂ ਏ.ਕੇ. ਜੋਸਫ਼ ਅਤੇ ਵਿਸ਼ਨੂੰ ਸ਼ੰਕਰਨ ਨੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ ਜਾਵੇ। ਸੀਬੀਆਈ ਨੇ ਉਸ ਤੋਂ ਘੁਟਾਲੇ ਦੇ ਸਬੰਧ ‘ਚ ਜਾਣਕਾਰੀ ਹਾਸਲ ਕਰਨ ਲਈ 14 ਦਿਨ ਦਾ ਰਿਮਾਂਡ ਮੰਗਿਆ ਪਰ ਜੱਜ ਨੇ ਪੰਜ ਦਿਨਾਂ ਲਈ ਮਿਸ਼ੇਲ ਤੋਂ ਪੁੱਛ-ਗਿੱਛ ਦੀ ਸੀਬੀਆਈ ਨੂੰ ਇਜਾਜ਼ਤ ਦਿੱਤੀ। ਅਦਾਲਤ ਨੇ ਸੀਬੀਆਈ ਨੂੰ ਕਿਹਾ ਕਿ ਉਹ ਚਾਰਜਸ਼ੀਟ ਸਮੇਤ ਸਾਰੇ ਸਬੰਧਤ ਦਸਤਾਵੇਜ਼ ਮਿਸ਼ੇਲ ਨੂੰ ਮੁਹੱਈਆ ਕਰਵਾਏ। ਮਿਸ਼ੇਲ ਵੱਲੋਂ ਜ਼ਮਾਨਤ ਅਰਜ਼ੀ ਵੀ ਦਾਖ਼ਲ ਕੀਤੀ ਗਈ ਹੈ ਪਰ ਅਦਾਲਤ ਨੇ ਉਸ ‘ਤੇ ਸੁਣਵਾਈ ਲਈ ਕੋਈ ਤਰੀਕ ਤੈਅ ਨਹੀਂ ਕੀਤੀ ਹੈ। ਉਸ ਨੂੰ ਪੇਸ਼ ਕਰਨ ਤੋਂ ਪਹਿਲਾਂ ਪਟਿਆਲਾ ਹਾਊਸ ਕੋਰਟ ਕੰਪਲੈਕਸ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਅਤੇ ਸੀਆਰਪੀਐਫ ਦੇ 15-20 ਜਵਾਨ ਤੇ ਦਿੱਲੀ ਪੁਲੀਸ ਦੇ 30 ਅਧਿਕਾਰੀ ਤਾਇਨਾਤ ਸਨ। ਜ਼ਿਕਰਯੋਗ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜੂਨ 2016 ਵਿਚ ਮਿਸ਼ੇਲ ਖ਼ਿਲਾਫ਼ ਦਾਖ਼ਲ ਚਾਰਜਸ਼ੀਟ ‘ਚ ਦੋਸ਼ ਲਾਏ ਸਨ ਕਿ ਉਸ ਨੂੰ ਅਗਸਤਾ ਵੈਸਟਲੈਂਡ ਸੌਦੇ ਵਿਚ 30 ਮਿਲੀਅਨ ਯੂਰੋ (ਕਰੀਬ 225 ਕਰੋੜ ਰੁਪਏ) ਮਿਲੇ ਸਨ। ਚਾਰਜਸ਼ੀਟ ਮੁਤਾਬਕ 12 ਹੈਲੀਕਾਪਟਰਾਂ ਦਾ ਸੌਦਾ ਪੱਕਾ ਕਰਾਉਣ ਲਈ ਮਿਸ਼ੇਲ ਨੂੰ ਇਹ ਰਿਸ਼ਵਤ ਮਿਲੀ ਸੀ।
ਪੂਰਾ ਗਾਂਧੀ ਪਰਿਵਾਰ ਕੰਬ ਰਿਹੈ: ਪ੍ਰਧਾਨ ਮੰਤਰੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਪਰਿਵਾਰ ‘ਤੇ ਹੱਲਾ ਬੋਲਦਿਆਂ ਕਿਹਾ ਕਿ ਅਗਸਤਾ ਵੈਸਟਲੈਂਡ ਹੈਲੀਕੌਪਟਰ ਕਰਾਰ ਮਾਮਲੇ ਵਿਚ ਕਥਿਤ ਵਿਚੋਲੀਏ ਕ੍ਰਿਸ਼ਟੀਅਨ ਮਿਸ਼ੇਲ ਨੂੰ ਭਾਰਤ ਹਵਾਲੇ ਕੀਤੇ ਜਾਣ ਮਗਰੋਂ ‘ਪੂਰਾ ਪਰਿਵਾਰ ਕੰਬਣ ਲੱਗਾ ਹੈ।’
ਅੰਬਾਨੀ ਨੂੰ ਕਿਉਂ ਦਿੱਤੇ 30 ਹਜ਼ਾਰ ਕਰੋੜ: ਰਾਹੁਲ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਉਸ ਨੇ ਰਾਫ਼ੇਲ ਮਾਮਲੇ ਵਿੱਚ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਕਿਉਂ ਦਿੱਤੇ। ਕਾਂਗਰਸ ਅਗਸਤਾ ਵੈਸਟਲੈਂਡ ਮਾਮਲੇ ਵਿਚ ਆਪਣਾ ਰੁਖ਼ ਪਹਿਲਾਂ ਹੀ ਸਾਫ਼ ਕਰ ਚੁੱਕੀ ਹੈ ਤੇ ਹੁਣ ਪ੍ਰਧਾਨ ਮੰਤਰੀ ਦੀ ਵਾਰੀ ਹੈ।
ਸਾਬਕਾ ਕੋਲਾ ਸਕੱਤਰ ਗੁਪਤਾ ਸਮੇਤ ਦੋ ਅਧਿਕਾਰੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ
ਬਾਅਦ ‘ਚ ਮਿਲੀ ਜ਼ਮਾਨਤ, 50-50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ
ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਯੂਪੀਏ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਕੋਲਾ ਬਲਾਕਾਂ ਦੀ ਵੰਡ ਦੌਰਾਨ ਹੋਏ ਘੁਟਾਲੇ ਦੇ ਮਾਮਲੇ ਵਿੱਚ ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਤੇ ਦੋ ਹੋਰਨਾਂ ਨੌਕਰਸ਼ਾਹਾਂ ਕੇ.ਐਸ. ਕਰੋਫਾ ਤੇ ਕੇ.ਸੀ.ਸਾਮਰੀਆ ਨੂੰ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਹੀ ਨਹੀਂ ਤਿੰਨਾਂ ਨੌਕਰਸ਼ਾਹਾਂ ਨੂੰ ਪੰਜਾਹ-ਪੰਜਾਹ ਹਜ਼ਾਰ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਉਂਜ ਸਜ਼ਾ ਦੀ ਮਿਆਦ ਚਾਰ ਸਾਲ ਤੋਂ ਘੱਟ ਹੋਣ ਕਰਕੇ ਮੁਜਰਮਾਂ ਨੂੰ ਮਗਰੋਂ ਜ਼ਮਾਨਤ ਦੇ ਦਿੱਤੀ ਗਈ।ਵਿਸ਼ੇਸ਼ ਜੱਜ ਭਾਰਤ ਪ੍ਰਾਸ਼ਰ ਨੇ ਕੇਸ ਵਿੱਚ ਸ਼ਾਮਲ ਹੋਰਨਾਂ ਦੋਸ਼ੀਆਂ ਵਿਕਾਸ ਮੈਟਲਜ਼ ਤੇ ਪਾਵਰ ਲਿਮਟਿਡ (ਵੀਐਮਪੀਐਲ) ਦੇ ਐਮਡੀ ਵਿਕਾਸ ਪਾਟਨੀ ਤੇ ਕੰਪਨੀ ਦੇ ਅਧਿਕਾਰਤ ਸਿਗਨੇਟਰੀ ਆਨੰਦ ਮਲਿਕ ਨੂੰ ਚਾਰ-ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਪਾਟਨੀ ਨੂੰ 25 ਲੱਖ ਜਦੋਂਕਿ ਮਲਿਕ ਨੂੰ ਦੋ ਲੱਖ ਰੁਪਏ ਦਾ ਜੁਰਮਾਨਾ ਵੀ ਅਦਾ ਕਰਨ ਲਈ ਕਿਹਾ ਗਿਆ ਹੈ। ਸਜ਼ਾ ਦੇ ਐਲਾਨ ਤੋਂ ਫੌਰੀ ਮਗਰੋਂ ਦੋਵਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਅਦਾਲਤ ਨੇ ਕੰਪਨੀ ‘ਤੇ ਵੀ ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਕੋਲਾ ਬਲਾਕਾਂ ਦੀ ਅਲਾਟਮੈਂਟ ਵਿੱਚ ਬੇਨਿਯਮੀਆਂ ਦਾ ਇਹ ਮਾਮਲਾ ਵੀਐਮਪੀਐਲ ਕੰਪਨੀ ਨੂੰ ਪੱਛਮੀ ਬੰਗਾਲ ਦੇ ਮੋਇਰਾ ਤੇ ਮਧੂਜੋਰੇ (ਉੱਤਰੀ ਤੇ ਦੱਖਣੀ) ਵਿੱਚ ਅਲਾਟ ਹੋਏ ਕੋਲਾ ਬਲਾਕਾਂ ਨਾਲ ਸਬੰਧਤ ਹੈ।
Check Also
‘ਆਪ’ ਨੇ 9 ਉਮੀਦਵਾਰਾਂ ਦੇ ਨਾਵਾਂ ਵਾਲੀ ਦੂੁਜੀ ਸੂਚੀ ਕੀਤੀ ਜਾਰੀ
ਹਰਿਆਣਾ ’ਚ ਕਾਂਗਰਸ ਤੇ ‘ਆਪ’ ਦੇ ਗਠਜੋੜ ਦੀਆਂ ਸੰਭਾਵਨਾਵਾਂ ਮੱਧਮ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਵਿਚ ਵਿਧਾਨ …