ਦਿੱਲੀ ’ਚ ਬੰਗਲਾ ਨੰਬਰ 6 ਮੁੱਖ ਮੰਤਰੀ ਦਾ ਘਰ ਨਹੀਂ : ਐਲ.ਜੀ.
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ’ਚ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਪੀ.ਡਬਲਿਊ.ਡੀ. ਨੇ ਸਿਵਲ ਲਾਈਨਜ਼ ’ਚ ਫਲੈਗ ਸਟਾਫ ਰੋਡ ’ਤੇ ਬੰਗਲਾ ਨੰਬਰ 6 ਨੂੰ ਸੀਲ ਕਰ ਦਿੱਤਾ ਹੈ। ਇਸ ਬੰਗਲੇ ’ਚ ਮੁੱਖ ਮੰਤਰੀ ਆਤਿਸ਼ੀ ਲੰਘੀ 7 ਅਕਤੂਬਰ ਨੂੰ ਰਹਿਣ ਲਈ ਆਈ ਸੀ ਅਤੇ ਤਿੰਨ ਦਿਨ ਬਾਅਦ ਹੀ ਪੀਡਬਲਿਊਡੀ ਨੇ ਆਤਿਸ਼ੀ ਕੋਲੋਂ ਬੰਗਲਾ ਖਾਲੀ ਕਰਵਾ ਲਿਆ । ਦਿੱਲੀ ਐਲ.ਜੀ. ਆਫਿਸ ਦੇ ਮੁਤਾਬਕ, ਇਹ ਬੰਗਲਾ ਮੁੱਖ ਮੰਤਰੀ ਦਾ ਘਰ ਨਹੀਂ ਹੈ ਅਤੇ ਇਸ ਨੂੰ ਕਿਸੇ ਨੂੰ ਵੀ ਅਲਾਟ ਕੀਤਾ ਜਾ ਸਕਦਾ ਹੈ। ਐਲ.ਜੀ. ਦਫਤਰ ਵਲੋਂ ਕਿਹਾ ਗਿਆ ਹੈ ਕਿ ਆਤਿਸ਼ੀ ਨੇ ਇਸ ਬੰਗਲੇ ’ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਜੇਕਰ ਕੋਈ ਸਾਡੀ ਜਾਇਦਾਦ ’ਤੇ ਕਬਜ਼ਾ ਕਰਦਾ ਹੈ ਤਾਂ ਮਾਲਕ ਕਾਰਵਾਈ ਕਰਨ ਦਾ ਹੱਕਦਾਰ ਹੈ। ਇਸੇ ਦੌਰਾਨ ਸੀਐਮ ਦਫਤਰ ਨੇ ਕਿਹਾ ਕਿ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿਸੇ ਮੁੱਖ ਮੰਤਰੀ ਨੂੰ ਉਸਦਾ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ। ਆਮ ਆਦਮੀ ਪਾਰਟੀ ਦਾ ਆਰੋਪ ਹੈ ਕਿ ਐਲ.ਜੀ. ਨੇ ਭਾਜਪਾ ਦੇ ਕਹਿਣ ’ਤੇ ਜ਼ਬਰਦਸਤੀ ਸੀਐਮ ਆਤਿਸ਼ੀ ਦਾ ਸਮਾਨ ਘਰ ਤੋਂ ਬਾਹਰ ਕਢਵਾਇਆ। ‘ਆਪ’ ਆਗੂਆਂ ਨੇ ਆਰੋਪ ਲਗਾਇਆ ਕਿ ਇਹ ਬੰਗਲਾ ਕਿਸੇ ਭਾਜਪਾ ਆਗੂ ਨੂੰ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।