ਜਲੰਧਰ/ਬਿਊਰੋ ਨਿਊਜ਼
ਪੰਜਾਬ ਵਿਚ ਦੋ ਦਿਨ ਪਹਿਲਾਂ ਡੀਐਸਪੀ ਬਣੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਵਰੁਣ ਕੁਮਾਰ ’ਤੇ ਨਬਾਲਗ ਲੜਕੀ ਨਾਲ ਜਬਰ ਜਨਾਹ ਦੇ ਆਰੋਪ ਲੱਗੇ ਹਨ। ਇਹ ਆਰੋਪ ਹੈਦਰਾਬਾਦ ਦੀ ਇਕ ਲੜਕੀ ਵਲੋਂ ਲਗਾਏ ਗਏ ਹਨ। ਇਸਦੇ ਚੱਲਦਿਆਂ ਹਾਕੀ ਖਿਡਾਰੀ ਵਰੁਣ ਕੁਮਾਰ ਦੇ ਖਿਲਾਫ ਬੈਂਗਲੁਰੂ ਵਿਚ ਪੋਕਸੋ ਐਕਟ ਸਣੇ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਵਿਚ ਬੈਂਗਲੁਰੂ ਪੁਲਿਸ ਦੀ ਟੀਮ ਪੰਜਾਬ ਅਤੇ ਹਿਮਾਚਲ ਵਿਚ ਰੇਡ ਕਰਨ ਲਈ ਪਹੁੰਚੀ ਹੈ। ਜ਼ਿਕਰਯੋਗ ਹੈ ਕਿ ਹਾਕੀ ਟੀਮ ਦੇ ਖਿਡਾਰੀ ਵਰੁਣ ਕੁਮਾਰ ਨੂੰ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਐਸਪੀ ਦਾ ਨਿਯੁਕਤੀ ਪੱਤਰ ਸੌਂਪਿਆ ਸੀ। ਵਰੁਣ ਕੁਮਾਰ ਦਾ ਜਨਮ ਹਿਮਾਚਲ ਵਿਚ ਹੋਇਆ ਹੈ ਅਤੇ ਹੁਣ ਉਹ ਪਰਿਵਾਰ ਸਣੇ ਜਲੰਧਰ ਵਿਚ ਰਹਿ ਰਿਹਾ ਹੈ। ਵਰੁਣ ਕੁਮਾਰ ਉਲੰਪਿਕ ਵਿਚ ਕਾਂਸੇ ਦਾ ਤਮਗਾ ਜੇਤੂ ਭਾਰਤੀ ਹਾਕੀ ਟੀਮ ਦਾ ਮੈਂਬਰ ਰਿਹਾ ਹੈ।