ਊਧਵ ਵੱਲੋਂ ਕੀਤੀ ਗਈ ਮੋਦੀ ਦੀ ਤਾਰੀਫ਼ ਨੇ ‘ਇੰਡੀਆ’ ਗੱਠਜੋੜ ਦੀ ਵਧਾਈ ਚਿੰਤਾ
ਮੁੰਬਈ/ਬਿਊਰੋ ਨਿਊਜ਼ : ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਵੱਲੋਂ ‘ਇੰਡੀਆ’ ਗੱਠਜੋੜ ਦਾ ਸਾਥ ਛੱਡਣ ਤੋਂ ਬਾਅਦ ਹੁਣ ਸ਼ਿਵਸੈਨਾ ਆਗੂ ਊਧਵ ਠਾਕਰੇ ਦੇ ਸੁਰ ਵੀ ਕੁੱਝ ਬਦਲੇ ਬਦਲੇ ਹੋਏ ਨਜ਼ਰ ਆ ਰਹੇ ਹਨ। ਲੰਘੇ 10 ਦਿਨਾਂ ਦੌਰਾਨ ਇੰਡੀਆ ਗੱਠਜੋੜ ਨੂੰ ਲੱਗੇ ਚਾਰ ਝਟਕਿਆਂ ਬਾਅਦ ਪੰਜਵਾਂ ਝਟਕਾ ਊਧਵ ਠਾਕਰੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੀਤੀ ਗਈ ਤਾਰੀਫ਼ ਨੇ ਦੇ ਦਿੱਤਾ ਹੈ। ਊਧਵ ਠਾਕਰੇ ਨੇ ਕਿਹਾ ਕਿ ਮੈਂ ਮੋਦੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਕਦੇ ਵੀ ਤੁਹਾਡੇ ਦੁਸ਼ਮਣ ਨਹੀਂ ਸੀ ਅਤੇ ਅੱਜ ਵੀ ਦੁਸ਼ਮਣ ਨਹੀਂ। ਅਸੀਂ ਤੁਹਾਡੇ ਨਾਲ ਹਾਂ। ਅਸੀਂ ਪਿਛਲੀ ਵਾਰ ਵੀ ਤੁਹਾਡੇ ਲਈ ਪ੍ਰਚਾਰ ਕੀਤਾ ਸੀ। ਧਿਆਨ ਰਹੇ ਕਿ ਸਭ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ’ਚ ਇਕੱਲਿਆਂ ਚੋਣਾਂ ਲੜਨ ਦਾ ਐਲਾਨ ਕਰਕੇ ਇੰਡੀਆ ਗੱਠਜੋੜ ਨੂੰ ਝਟਕਾ ਦਿੱਤਾ ਸੀ। ਜਦਕਿ ਦੂਜਾ ਝਟਕਾ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਵੱਲੋਂ ਅਤੇ ਤੀਜਾ ਝਟਕਾ ਹੇਮੰਤ ਸੋਰੇਨ ਦੇ ਜੇਲ੍ਹ ਜਾਣ ਨਾਲ ਇੰਡੀਆ ਗੱਠਜੋੜ ਨੂੰ ਲੱਗਿਆ ਸੀ। ਜਦਕਿ ਚੌਥਾ ਝਟਕਾ ਇੰਡੀਆ ਗੱਠਜੋੜ ਚੰਡੀਗੜ੍ਹ ’ਚ ਮੇਅਰ ਚੋਣ ਸਮੇਂ ਲੱਗਿਆ ਜਦੋਂ ਇੰਡੀਆ ਗੱਠਜੋੜ ਪੂਰਨ ਬਹੁਮਤ ਹੰੁਦਿਆਂ ਵੀ ਮੇਅਰ ਦੀ ਚੋਣ ਨਹੀਂ ਜਿੱਤ ਸਕਿਆ ਅਤੇ ਪੰਜਵਾਂ ਝਟਕਾ ਇੰਡੀਆ ਗੱਠਜੋੜ ਨੂੰ ਊਧਵ ਠਾਕਰੇ ਵੱਲੋਂ ਕੀਤੀ ਗਈ ਪ੍ਰਧਾਨ ਮੰਤਰੀ ਤਾਰੀਫ਼ ਨੇ ਦਿੱਤਾ ਹੈ।