![](https://parvasinewspaper.com/wp-content/uploads/2024/02/11111-300x225.jpg)
ਹੁਸ਼ਿਆਰਪੁਰ/ਬਿਊਰੋ ਨਿਊਜ਼
ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੇ 24 ਸਾਲਾ ਨੌਜਵਾਨ ਦੀ ਪੁਰਤਗਾਲ ਦੇ ਲਿਸਬਨ ਸ਼ਹਿਰ ਵਿਚ ਇਕ ਸੜਕ ਹਾਦਸੇ ਦੌਰਾਨ ਜਾਨ ਚਲੇ ਗਈ ਹੈ। ਮਿ੍ਰਤਕ ਨੌਜਵਾਨ ਦੀ ਪਹਿਚਾਣ ਪਿੰਡ ਉਸਮਾਨ ਸ਼ਹੀਦ ਦੇ ਨਿਵਾਸੀ ਤਜਿੰਦਰ ਸਿੰਘ ਵਜੋਂ ਹੋਈ ਹੈ। ਮਿ੍ਰਤਕ ਨੌਜਵਾਨ ਤਜਿੰਦਰ ਸਿੰਘ ਦੇ ਪਿਤਾ ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 16 ਮਹੀਨੇ ਪਹਿਲਾਂ ਕਰਜ਼ਾ ਲੈ ਕੇ ਆਪਣੇ ਪੁੱਤਰ ਨੂੰ ਪੁਰਤਗਾਲ ਭੇਜਿਆ ਸੀ ਤਾਂ ਕਿ ਘਰ ਦੀ ਹਾਲਤ ਕੁਝ ਚੰਗੀ ਹੋ ਸਕੇ। ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਆ ਕੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਸੜਕ ਹਾਦਸੇ ਵਿਚ ਜਾਨ ਚਲੇ ਗਈ ਹੈ। ਦੱਸਿਆ ਗਿਆ ਹੈ ਕਿ ਤਜਿੰਦਰ ਸਿੰਘ ਡਿਊਟੀ ਤੋਂ ਵਾਪਸ ਘਰ ਪਰਤ ਰਿਹਾ ਸੀ ਅਤੇ ਉਸਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਇਕ ਖਾਈ ’ਚ ਜਾ ਡਿੱਗੀ। ਤਜਿੰਦਰ ਸਿੰਘ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਤਜਿੰਦਰ ਸਿੰਘ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮਿ੍ਰਤਕ ਦੇਹ ਲਿਆਉਣ ਵਿਚ ਮੱਦਦ ਕੀਤੀ ਜਾਵੇ ਤਾਂ ਕਿ ਉਸਦਾ ਸਸਕਾਰ ਉਸਦੇ ਜੱਦੀ ਪਿੰਡ ਵਿਚ ਕੀਤਾ ਜਾ ਸਕੇ।