
ਪੰਜਾਬ ਬਚਾਓ ਯਾਤਰਾ ਦਾ ਅੰਮਿ੍ਰਤਸਰ ’ਚ ਭਰਵਾਂ ਸਵਾਗਤ
ਅੰਮਿ੍ਰਤਸਰ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਟਾਰੀ ਬਾਰਡਰ ਤੋਂ ਸ਼ੁਰੂ ਕੀਤੀ ਗਈ ‘ਪੰਜਾਬ ਬਚਾਓ ਯਾਤਰਾ’ ਅੱਜ ਅੰਮਿ੍ਰਤਸਰ ਪਹੁੰਚੀ, ਜਿੱਥੇ ਇਸ ਯਾਤਰਾ ਦਾ ਭਰਵਾਂ ਸਵਾਗਤ ਹੋਇਆ ਹੈ। ਇਸ ਯਾਤਰਾ ਦੌਰਾਨ ਸਾਬਕਾ ਮੰਤਰੀ ਅਨਿਲ ਜੋਸ਼ੀ ਵੀ ਸੁਖਬੀਰ ਸਿੰਘ ਬਾਦਲ ਦੇ ਨਾਲ ਰਹੇ। ਜ਼ਿਕਰਯੋਗ ਹੈ ਕਿ ਇਹ ਯਾਤਰਾ ਭਲਕੇ ਜੰਡਿਆਲਾ ਗੁਰੂ ਤੋਂ ਹੁੰਦੇ ਹੋਏ ਤਰਨਤਾਰਨ ਜਾਵੇਗੀ। ਇਸ ਮੌਕੇ ਸੁਖਬੀਰ ਬਾਦਲ ਨੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ’ਤੇ ਸਿਆਸੀ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ’ਚ ਬੈਠੇ ਅਰਵਿੰਦ ਕੇਜਰੀਵਾਲ ਦੇ ਪਿੱਛੇ-ਪਿੱਛੇ ਭੱਜ ਰਹੇ ਹਨ ਅਤੇ ਉਹ ਪੰਜਾਬ ਤੋਂ ਦੂਰ ਹੁੰਦੇ ਜਾ ਰਹੇ ਹਨ। ਇਸ ਮੌਕੇ ਸੁਖਬੀਰ ਬਾਦਲ ਨੇ ਅਕਾਲੀ ਦਲ ਦੀ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦਿਆਂ ਕਿਹਾ ਕਿ ਪੰਜਾਬ ਦੇ 6 ਥਰਮਲ ਪਲਾਂਟਾਂ ਵਿਚੋਂ 5 ਅਕਾਲੀ ਦਲ ਦੀ ਸਰਕਾਰ ਸਮੇਂ ਬਣੇ ਹਨ ਅਤੇ ਨਾਲ ਹੀ ਅੰਮਿ੍ਰਤਸਰ, ਮੋਹਾਲੀ, ਬਠਿੰਡਾ, ਸਾਹਨੇਵਾਲ, ਆਦਮਪੁਰ ਅਤੇ ਪਠਾਨਕੋਟ ਵਿਚ ਹਵਾਈ ਅੱਡੇ ਵੀ ਸਥਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਵੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਈ ਸੀ।