ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਐਤਵਾਰ 18 ਅਗਸਤ ਨੂੰ ਚੰਡੀਗੜ੍ਹ ਵਿਚ ਪੈਰਿਸ ਉਲੰਪਿਕ 2024 ’ਚ ਦੇਸ਼ ਦਾ ਮਾਣ ਵਧਾਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਉਲੰਪਿਕ ਵਿਚ ਹਿੱਸਾ ਲੈ ਕੇ ਪਰਤੇ ਪੰਜਾਬੀ ਖਿਡਾਰੀਆਂ ਨੂੰ 9 ਕਰੋੜ 35 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ। ਸੀਐਮ ਮਾਨ ਨੇ ਜੇਤੂ ਖਿਡਾਰੀਆਂ ਨੂੰ ਐਲਾਨ ਦੇ ਮੁਤਾਬਕ 1-1 ਕਰੋੜ ਰੁਪਏ ਅਤੇ ਬਾਕੀਆਂ ਨੂੰ 15-15 ਲੱਖ ਰੁਪਏ ਦਿੱਤੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਅਤੇ ਅੱਜ ਖਿਡਾਰੀਆਂ ਲਈ ਢੋਲ ਵੱਜ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ ਇਕ ਵੱਡਾ ਹਾਕੀ ਟੁੂਰਨਾਮੈਂਟ ਕਰਵਾਉਣ ਬਾਰੇ ਸੋਚ ਰਹੇ ਹਾਂ, ਜਿਸ ਲਈ ਉਹ ਹਾਕੀ ਇੰਡੀਆ ਨਾਲ ਗੱਲ ਕਰਨਗੇ। ਸੀਐਮ ਨੇ ਕਿਹਾ ਕਿ ਹੁਣ ਖੇਡਾਂ ਲਈ ਜ਼ੋਨ ਬਣਾਏ ਜਾਣਗੇ, ਜਿਵੇਂ ਮਾਹਿਲਪੁਰ ਵਿਚ ਫੁੱਟਬਾਲ, ਸੁਨਾਮ ਵਿਚ ਮੁੱਕੇਬਾਜ਼ੀ, ਜਲੰਧਰ ਵਿਚ ਹਾਕੀ ਅਤੇ ਲੁਧਿਆਣਾ ਵਿਚ ਐਥਲੈਟਿਕਸ ਲਈ ਜ਼ੋਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੇਗੀ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਉਲੰਪਿਕ ਵਿਚ ਜਿੱਤ ਕੇ ਆਏ ਖਿਡਾਰੀਆਂ ਨੂੰ ਅਸੀਂ ਨੌਕਰੀਆਂ ਵੀ ਦਿਆਂਗੇ ਅਤੇ ਜਿਹੜੇ ਖਿਡਾਰੀ ਪਹਿਲਾਂ ਹੀ ਨੌਕਰੀ ਕਰ ਰਹੇ ਹਨ, ਉਨ੍ਹਾਂ ਨੂੰ ਤਰੱਕੀਆਂ ਦਿੱਤੀਆਂ ਜਾਣਗੀਆਂ।