ਮੋਦੀ ਨੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦਾ ਖੂਨ ਚੂਸਣ ਲਈ ਮੌਕਾ ਦਿੱਤਾ : ਕਿਸਾਨ ਆਗੂ
ਨਵੀਂ ਦਿੱਲੀ/ਬਿਊਰੋ ਨਿਊਜ਼ : ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਢਾਈ ਮਹੀਨਾ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਸਭ ਤੋਂ ਵੱਡੇ ਮੋਰਚੇ ਵਾਲੇ ਟਿਕਰੀ ਬਾਰਡਰ ‘ਤੇ ਕਿਸਾਨਾਂ ਦੀ ਲਗਾਤਾਰ ਭਰਵੀਂ ਹਾਜ਼ਰੀ ਲੱਗ ਰਹੀ ਹੈ। ਸਾਂਝੇ ਮੋਰਚੇ ਦੀ ਟਿਕਰੀ ਬਾਰਡਰ ਦੀ ਸਟੇਜ ਕਮੇਟੀ ਵੱਲੋਂ ਅੰਦੋਲਨ ਨੂੰ ਅਨੁਸ਼ਾਸਨਬੱਧ ਚਲਾਉਣ ਲਈ ਮੀਟਿੰਗ ਕੀਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੋਮਵਾਰ ਨੂੰ ਸੰਸਦ ‘ਚ ਕਿਸਾਨਾਂ ਅਤੇ ਅੰਦੋਲਨਕਾਰੀਆਂ ਵਿਰੁੱਧ ਦਿੱਤੇ ਗਏ ਭਾਸ਼ਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਆਗੂਆਂ ਨੂੰ ਅੰਦੋਲਨਜੀਵੀ ਦੱਸ ਰਿਹਾ ਹੈ ਪਰ ਉਹ ਨਹੀਂ ਜਾਣਦੇ ਕਿ ਕਿਸਾਨ ਅੰਦੋਲਨ ਦੀ ਅਗਵਾਈ ਸਿਰਫ਼ ਚਾਲੀ-ਪੰਜਾਹ ਆਗੂ ਨਹੀਂ ਸਗੋਂ ਜਥੇਬੰਦੀਆਂ ਦੇ ਹਜ਼ਾਰਾਂ ਆਗੂ ਕਰ ਰਹੇ ਹਨ ਜੋ ਜ਼ਮੀਨਾਂ ਦੇ ਮਾਲਕ ਹਨ ਅਤੇ ਖ਼ੁਦ ਵੀ ਖੇਤੀ ਕਰਦੇ ਹਨ। ‘ਜੇਕਰ ਕਿਸਾਨ ਆਗੂ ਅੰਦੋਲਨਜੀਵੀ ਹੁੰਦੇ ਤਾਂ ਅੰਦੋਲਨ ਲਗਾਤਾਰ ਪੰਜ ਮਹੀਨੇ ਸਫ਼ਲਤਾਪੂਰਵਕ ਨਹੀਂ ਚੱਲਣਾ ਸੀ।’ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਖੁਦ ਕਾਲੇ ਕਾਨੂੰਨ ਬਿਨਾਂ ਬਹਿਸ ਅਤੇ ਬਿਨਾਂ ਬਹੁਮਤ ਦੇ ਪਾਸ ਕੀਤੇ ਹਨ। ਉਨ੍ਹਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਰਾਜਾਂ ਦੀ ਸੂਚੀ ਵਾਲੇ ਵਿਸ਼ਿਆਂ ‘ਤੇ ਕਾਨੂੰਨ ਬਣਾ ਕੇ ਕੁਝ ਖਾਸ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦਾ ਖੂਨ ਚੂਸਣ ਦਾ ਮੌਕਾ ਦਿੱਤਾ ਹੈ। ਸਟੇਜ ਤੋਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਡਾ. ਸਤਨਾਮ ਸਿੰਘ ਅਜਨਾਲਾ, ਬਲਕਰਨ ਸਿੰਘ ਬਰਾੜ, ਗੁਰਦੀਪ ਸਿੰਘ ਰਾਮਪੁਰਾ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …