ਮਾਲਵਿੰਦਰ ਦਾ ਦੋਸ਼ – ਗੁਰਿੰਦਰ ਸਿੰਘ ਢਿੱਲੋਂ ਨੇ ਵਕੀਲ ਰਾਹੀਂ ਦਿੱਤੀਆਂ ਧਮਕੀਆਂ
ਨਵੀਂ ਦਿੱਲੀ : ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਨੇ ਆਪਣੇ ਭਰਾ ਸ਼ਿਵਇੰਦਰ ਸਿੰਘ, ਡੇਰਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਹੋਰਨਾਂ ਖਿਲਾਫ਼ ਵਿੱਤੀ ਫਰਾਡ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਫ਼ੌਜਦਾਰੀ ਸ਼ਿਕਾਇਤ ਦਾਇਰ ਕੀਤੀ ਹੈ। ਸ਼ਿਕਾਇਤ ਵਿਚ ਨਾਮਜ਼ਦ ਹੋਰਨਾਂ ਵਿਅਕਤੀਆਂ ਵਿਚ ਗੁਰਕੀਰਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਢਿੱਲੋਂ, ਸ਼ਬਨਮ ਢਿੱਲੋਂ, ਗੋਡਵਾਨੀ ਭਰਾ- ਸੁਨੀਲ ਤੇ ਸੰਜੇ ਸ਼ਾਮਲ ਹਨ। ਮਾਲਵਿੰਦਰ ਸਿੰਘ ਨੇ ਇੱਥੇ ਆਰਥਿਕ ਅਪਰਾਧ ਸ਼ਾਖਾ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ”ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਵਕੀਲ ਫਰੀਦਾ ਚੋਪੜਾ ਰਾਹੀਂ ਉਸ (ਮਾਲਵਿੰਦਰ ਸਿੰਘ) ਨੂੰ ਧਮਕੀ ਦਿੱਤੀ ਸੀ ਕਿ ਜੇ ਉਸ ਨੇ ਗੁਰਿੰਦਰ ਸਿੰਘ ਢਿੱਲੋਂ ਦੀਆਂ ਮੰਗਾਂ ਨਾਲ ਸਹਿਮਤੀ ਨਾ ਜਤਾਈ ਤਾਂ ਉਸ ਨੂੰ ਰਾਧਾ ਸਵਾਮੀ ਸਤਸੰਗ ਦੇ ਬੰਦਿਆਂ ਰਾਹੀਂ ਖਤਮ ਕਰਵਾ ਦਿੱਤਾ ਜਾਵੇਗਾ।” ਉਸ ਨੇ ਦੋਸ਼ ਲਾਇਆ ਕਿ ਸ਼ਿਵਇੰਦਰ ਮੋਹਨ ਸਿੰਘ ਅਤੇ ਸੁਨੀਲ ਗੋਡਵਾਨੀ ਨੇ ਹੋਰਨਾਂ ਮੁਲਜ਼ਮਾਂ ਨਾਲ ਗੰਢਤੁਪ ਕਰ ਕੇ ਦੋ ਹੋਰਨਾਂ ਕੰਪਨੀਆਂ -ਰੈਲੀਗੇਅਰ ਐਂਟਰਪ੍ਰਾਈਜ਼ਜ਼ ਲਿਮਟਿਡ ਅਤੇ ਰੈਲੀਗੇਅਰ ਫਿਨਵੈਸਟ ਲਿਮਟਿਡ ਵਿਚ ਵੱਡਾ ਵਿੱਤੀ ਫਰਾਡ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮਾਂ ਨੇ ਢਿੱਲੋਂ ਪਰਿਵਾਰ ਨਾਲ ਸਾਜਿਸ਼ ਕਰਕੇ ਕੰਪਨੀਆਂ ਦੀ ਵਿੱਤੀ ਸਥਿਤੀ ਬਾਰੇ ਗਲਤ ਜਾਣਕਾਰੀ ਪੇਸ਼ ਕੀਤੀ ਤਾਂ ਕਿ ਉਸ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਜਦੋਂ ਇਸ ਸਬੰਧ ਵਿਚ ਸ਼ਿਵਇੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਜਦਕਿ ਮਾਲਵਿੰਦਰ ਸਿੰਘ ਨੇ ਵੀ ਇਸ ਸਬੰਧੀ ਹੋਰ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ।
Check Also
ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਮੁੜ ਤੋਂ ਪੈਦਾ ਹੋਈ ਖਟਾਸ
ਦੋਵੇਂ ਦੇਸ਼ਾਂ ਨੇ ਆਪੋ-ਆਪਣੇ ਡਿਪਲੋਮੈਟਸ ਨੂੰ ਵਾਪਸ ਸੱਦਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਅਤੇ ਕੈਨੇਡਾ …