-5.7 C
Toronto
Wednesday, January 21, 2026
spot_img
Homeਭਾਰਤਰਾਹੁਲ ਗਾਂਧੀ ਕੋਲੋਂ ਨੈਸ਼ਨਲ ਹੈਰਾਲਡ ਮਾਮਲੇ 'ਚ ਈਡੀ ਨੇ ਕੀਤੀ ਪੁੱਛਗਿੱਛ

ਰਾਹੁਲ ਗਾਂਧੀ ਕੋਲੋਂ ਨੈਸ਼ਨਲ ਹੈਰਾਲਡ ਮਾਮਲੇ ‘ਚ ਈਡੀ ਨੇ ਕੀਤੀ ਪੁੱਛਗਿੱਛ

ਕਈ ਕਾਂਗਰਸੀ ਆਗੂਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਨੈਸ਼ਨਲ ਹੈਰਾਲਡ ਅਖਬਾਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕਾਂਗਰਸ ਆਗੂ ਰਾਹੁਲ ਗਾਂਧੀ ਤੋਂ ਕਈ ਘੰਟੇ ਪੁੱਛ-ਪੜਤਾਲ ਕੀਤੀ ਗਈ। ਨਵੀਂ ਦਿੱਲੀ ਸਥਿਤ ਈਡੀ ਦਫਤਰ ‘ਤੇ ਜਦੋਂ ਰਾਹੁਲ ਪਹੁੰਚੇ ਤਾਂ ਉਨ੍ਹਾਂ ਨਾਲ ਪਾਰਟੀ ਦੇ ਕਈ ਆਗੂ ਅਤੇ ਹਮਾਇਤੀ ਹਾਜ਼ਰ ਸਨ ਪਰ ਉਨ੍ਹਾਂ ਨੂੰ ਦਫਾ 144 ਦੀ ਉਲੰਘਣਾ ਦੇ ਆਰੋਪ ਹੇਠ ਹਿਰਾਸਤ ‘ਚ ਲੈ ਲਿਆ ਗਿਆ ਸੀ। ਰਾਹੁਲ ਦੇ ਈਡੀ ਦਫਤਰ ਵੱਲ ਰਵਾਨਾ ਹੋਣ ਤੋਂ ਪਹਿਲਾਂ ਹੀ ਕਈ ਕਾਂਗਰਸੀ ਆਗੂ ਅਤੇ ਪਾਰਟੀ ਵਰਕਰ ਸੜਕਾਂ ‘ਤੇ ਉਤਰ ਆਏ ਸਨ। ਹਿਰਾਸਤ ‘ਚ ਲਏ ਗਏ ਆਗੂਆਂ ‘ਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਰਣਦੀਪ ਸੁਰਜੇਵਾਲਾ, ਕੇ ਸੀ ਵੇਣੂਗੋਪਾਲ ਅਤੇ ਅਧੀਰ ਰੰਜਨ ਚੌਧਰੀ ਸਮੇਤ ਹੋਰ ਅਹਿਮ ਹਸਤੀਆਂ ਸ਼ਾਮਲ ਹਨ। ਕਾਂਗਰਸ ਨੇ ਕਿਹਾ ਕਿ ਇਹ ਦਿੱਲੀ ‘ਚ ਅਣਐਲਾਨੀ ਐਮਰਜੈਂਸੀ ਹੈ। ਇਹ ਪਹਿਲੀ ਵਾਰ ਜਦੋਂ ਰਾਹੁਲ ਗਾਂਧੀ ਇਸ ਕੇਸ ‘ਚ ਪੁੱਛ-ਪੜਤਾਲ ਲਈ ਕੇਂਦਰੀ ਜਾਂਚ ਏਜੰਸੀ ਅੱਗੇ ਪੇਸ਼ ਹੋਏ ਹਨ।
ਰਾਹੁਲ ਗਾਂਧੀ ਸੋਮਵਾਰ ਸਵੇਰੇ ਕਰੀਬ 11 ਵਜੇ ਈਡੀ ਦਫ਼ਤਰ ਅੰਦਰ ਦਾਖ਼ਲ ਹੋਏ ਅਤੇ ਕਾਨੂੰਨੀ ਕਾਰਵਾਈ ਤੇ ਹਾਜ਼ਰੀ ਲਗਾਉਣ ਦੇ 20 ਮਿੰਟ ਮਗਰੋਂ ਉਨ੍ਹਾਂ ਤੋਂ ਪੁੱਛ-ਪੜਤਾਲ ਸ਼ੁਰੂ ਹੋਈ। ਅਧਿਕਾਰੀਆਂ ਨੇ ਕਿਹਾ ਕਿ ਈਡੀ ਨੇ ਉਨ੍ਹਾਂ ਨੂੰ ਦੁਪਹਿਰ ਦੇ ਖਾਣੇ ਲਈ ਕਰੀਬ 2.10 ਵਜੇ ਘਰ ਜਾਣ ਦੀ ਇਜਾਜ਼ਤ ਦਿੱਤੀ ਅਤੇ ਫਿਰ ਉਹ ਕਰੀਬ ਸਾਢੇ 3 ਵਜੇ ਮੁੜ ਪੁੱਛ-ਪੜਤਾਲ ਲਈ ਪਰਤ ਆਏ ਸਨ। ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਨੇ ਪਹਿਲੇ ਗੇੜ ਦੀ ਪੁੱਛ-ਪੜਛਾਲ ਦੌਰਾਨ ਕਾਲੇ ਧਨ ਨੂੰ ਸਫੈਦ ਬਣਾਉਣ ਤੋਂ ਰੋਕਣ ਦੇ ਐਕਟ ਦੀ ਧਾਰਾ 50 ਤਹਿਤ ਆਪਣੇ ਬਿਆਨ ਦਰਜ ਕਰਵਾਏ ਹਨ। ਇਸ ਤੋਂ ਪਹਿਲਾਂ ਕਾਂਗਰਸ ਦਾ ਸਾਬਕਾ ਪ੍ਰਧਾਨ ਅਕਬਰ ਰੋਡ ਸਥਿਤ ਕਾਂਗਰਸ ਹੈੱਡਕੁਆਰਟਰ ਤੋਂ ਈਡੀ ਦਫ਼ਤਰ ਲਈ ਰਵਾਨਾ ਹੋਇਆ। ਉਨ੍ਹਾਂ ਨਾਲ ਪ੍ਰਿਯੰਕਾ ਗਾਂਧੀ ਵਾਡਰਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਸਮੇਤ ਹੋਰ ਆਗੂ ਹਾਜ਼ਰ ਸਨ। ਏ ਪੀ ਜੇ ਅਬਦੁੱਲ ਕਲਾਮ ਰੋਡ ‘ਤੇ ਈਡੀ ਦਫ਼ਤਰ ‘ਚ ਜਦੋਂ ਸੱਤ ਐੱਸਯੂਵੀਜ਼ ਦਾ ਕਾਫ਼ਲਾ ਦਾਖ਼ਲਾ ਹੋਇਆ ਤਾਂ ਇਕ ਵਾਹਨ ‘ਚ ਰਾਹੁਲ ਗਾਂਧੀ ਨਾਲ ਪ੍ਰਿਯੰਕਾ ਗਾਂਧੀ ਵੀ ਬੈਠੀ ਹੋਈ ਸੀ। ਉਨ੍ਹਾਂ ਨਾਲ ਸੀਆਰਪੀਐੱਫ ਦੇ ਜਵਾਨ ਵੀ ਮੌਜੂਦ ਸਨ। ਈਡੀ ਦਫ਼ਤਰ ਵੱਲ ਜਾਂਦੀ ਸੜਕ ‘ਤੇ ਦਿੱਲੀ ਪੁਲਿਸ ਨੇ ਦਫ਼ਾ 144 ਲਗਾ ਕੇ ਬੈਰੀਕੇਡਿੰਗ ਕੀਤੀ ਹੋਈ ਸੀ। ਲੋਕਾਂ ਨੂੰ ਉਥੇ ਪਹੁੰਚਣ ਤੋਂ ਰੋਕਣ ਲਈ ਆਰਏਐੱਫ ਅਤੇ ਸੀਆਰਪੀਐੱਫ ਦੇ ਦਸਤੇ ਵੀ ਤਾਇਨਾਤ ਕੀਤੇ ਹੋਏ ਸਨ। ਸਮਝਿਆ ਜਾ ਰਿਹਾ ਹੈ ਕਿ ਈਡੀ ਦੇ ਸਹਾਇਕ ਡਾਇਰੈਕਟਰ ਰੈਂਕ ਦੇ ਅਧਿਕਾਰੀ ਨੇ ਯੰਗ ਇੰਡੀਅਨ ਕੰਪਨੀ, ਨੈਸ਼ਨਲ ਹੈਰਾਲਡ ਦੇ ਕੰਮਕਾਜ, ਕਾਂਗਰਸ ਪਾਰਟੀ ਵੱਲੋਂ ਏਜੀਐੱਲ ਨੂੰ ਦਿੱਤੇ ਗਏ ਕਰਜ਼ੇ ਅਤੇ ਨਿਊਜ਼ ਮੀਡੀਆ ਅਦਾਰੇ ਨੂੰ ਤਬਦੀਲ ਕੀਤੇ ਗਏ ਫੰਡਾਂ ਬਾਰੇ ਸੰਭਾਵੀ ਸਵਾਲ ਪੁੱਛੇ। ਇਹ ਜਾਂਚ ਕਾਂਗਰਸ ਪਾਰਟੀ ਵੱਲੋਂ ਬਣਾਈ ਗਈ ਯੰਗ ਇੰਡੀਅਨ ਕੰਪਨੀ ‘ਚ ਕਥਿਤ ਵਿੱਤੀ ਬੇਨਿਯਮੀਆਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਅਤੇ ਨੈਸ਼ਨਲ ਹੈਰਾਲਡ ਅਖ਼ਬਾਰ ਜਿਸ ਦੀ ਮਲਕੀਅਤ ਹੈ।
ਕਾਂਗਰਸ ਦੇ ਸੰਸਦ ਮੈਂਬਰ ਅਤੇ ਕਾਰਕੁਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ‘ਤੇ ਇਕੱਠੇ ਹੋਏ ਜਿਥੇ ਸੁਰਜੇਵਾਲਾ ਨੇ ਐਲਾਨ ਕੀਤਾ ਕਿ ਉਹ ਸਾਰੇ ਈਡੀ ਦਫ਼ਤਰ ਵੱਲ ਸ਼ਾਂਤਮਈ ਢੰਗ ਨਾਲ ਮਾਰਚ ਕਰਨਗੇ ਅਤੇ ਜੇਕਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉਥੇ ਹੀ ਗ੍ਰਿਫ਼ਤਾਰੀਆਂ ਦੇਣਗੇ। ਸੁਰਜੇਵਾਲਾ ਨੇ ਕਿਹਾ ਕਿ ਹਜ਼ਾਰਾਂ ਪਾਰਟੀ ਵਰਕਰਾਂ ਨੂੰ ਜਾਂ ਤਾਂ ਗ੍ਰਿਫ਼ਤਾਰ ਜਾਂ ਘਰਾਂ ‘ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਥੇ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾਂ ਕਿਹਾ ਕਿ ਅਸੀਂ ਚੋਣ ਵਿਭਾਗ ਅਤੇ ਕਠਪੁਤਲੀ ਈਡੀ ਦੇ ਹਰ ਸਵਾਲ ਦਾ ਜਵਾਬ ਦੇਵਾਂਗੇ। ਝੂਠ ਅਤੇ ਜ਼ੁਲਮ ਦੀ ਅਦਾਲਤ ‘ਚ ਸੱਚ ਦੀ ਜਿੱਤ ਹੋਵੇਗੀ। ਅਸੀਂ ਆਪਣਾ ਸੱਤਿਆਗ੍ਰਹਿ ਬਿਨਾਂ ਕਿਸੇ ਡਰ ਤੋਂ ਜਾਰੀ ਰੱਖਾਂਗੇ। ਕਾਂਗਰਸ ਆਗੂ ਨੇ ਕਿਹਾ ਕਿ ਕਾਇਰ ਉਹ ਲੋਕ ਹਨ ਜਿਹੜੇ ਪੁਲਿਸ ਦੇ ਮੋਢੇ ‘ਤੇ ਬੰਦੂਕ ਰੱਖ ਕੇ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਰਾਹੁਲ ਗਾਂਧੀ ਤੋਂ ਇੰਨਾ ਡਰਦੀ ਕਿਉਂ ਹੈ ਜਦਕਿ ਸਾਰੇ ਈਡੀ ਦਫਤਰ ਵੱਲ ਪੈਦਲ ਹੀ ਜਾ ਰਹੇ ਹਨ। ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਆਗੂਆਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਗੋਡਸੇ ਦੇ ਵੰਸ਼ਜ ਸੱਚ ਤੋਂ ਡਰਦੇ ਹਨ ਅਤੇ ਉਹ ਸੱਚ ਦੀ ਆਵਾਜ਼ ਨੂੰ ਦਬਾ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਜ਼ਾਦੀ ਦੇ ਸੰਘਰਸ਼ ਦੌਰਾਨ ‘ਸੱਤਿਆਗ੍ਰਹਿ’ ਸ਼ੁਰੂ ਕੀਤਾ ਸੀ ਅਤੇ ਭਾਜਪਾ ਉਨ੍ਹਾਂ ਨੂੰ ਸੱਤਿਆਗ੍ਰਹਿ ਬਾਰੇ ਸਿਖਾ ਨਹੀਂ ਸਕਦੀ ਹੈ। ਰਾਹੁਲ ਗਾਂਧੀ ਦੀ ਹਮਾਇਤ ‘ਚ ਨਾਅਰੇ ਲਾਉਂਦਿਆਂ ਕਾਂਗਰਸ ਵਰਕਰਾਂ ਨੇ ਜਦੋਂ ਈਡੀ ਦਫਤਰ ਵੱਲ ਮਾਰਚ ਸ਼ੁਰੂ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਜਿਸ ਨੇ ਕਾਂਗਰਸ ਦਫਤਰ ਦੇ ਚਾਰੇ ਪਾਸੇ ਬੈਰੀਕੇਡ ਲਗਾਏ ਹੋਏ ਸਨ। ਕੁਝ ਵਰਕਰ ਬੈਰੀਕੇਡਾਂ ‘ਤੇ ਚੜ੍ਹ ਗਏ। ਪੁਲਿਸ ਨੇ ਵੱਡੀ ਗਿਣਤੀ ‘ਚ ਵਰਕਰਾਂ ਨੂੰ ਇਹਤਿਆਤ ਵਜੋਂ ਹਿਰਾਸਤ ‘ਚ ਲੈ ਲਿਆ। ਇਨ੍ਹਾਂ ‘ਚ ਸ਼ਾਮਲ ਸ੍ਰੀ ਬਘੇਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਤਾਨਾਸ਼ਾਹੀ ਹੈ। ਕਈ ਕਾਂਗਰਸ ਵਰਕਰਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਕਿਉਂਕਿ ਉਹ ਸ਼ਾਂਤਮਈ ਮਾਰਚ ਕਰਨਾ ਚਾਹੁੰਦੇ ਸਨ। ਇਹ ਵਿਲੱਖਣ ਗੱਲ ਹੈ ਕਿ ਕਾਂਗਰਸ ਵਰਕਰਾਂ ਨੂੰ ਪਾਰਟੀ ਹੈੱਡਕੁਆਰਟਰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਜੇਕਰ ਕੋਈ ਐੱਫਆਈਆਰ ਨਹੀਂ ਹੈ ਤਾਂ ਫਿਰ ਈਡੀ ਰਾਹੁਲ ਨੂੰ ਕਿਵੇਂ ਤਲਬ ਕਰ ਸਕਦੀ ਹੈ। ਉਂਜ ਪੁਲਿਸ ਨੇ ਸਪੱਸ਼ਟ ਕੀਤਾ ਕਿ ਬਘੇਲ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਆਰੋਪ ਲਾਇਆ ਕਿ ਸਰਕਾਰ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਨੇ ਆਰੋਪ ਲਾਇਆ ਕਿ ਇਹ ਸਿਆਸੀ ਬਦਲਾਖੋਰੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ ਕਿ ਇਹ ਜਮਹੂਰੀਅਤ ਦੀ ਜੰਗ ਹੈ ਅਤੇ ਸਰਕਾਰ ਸਿਆਸਤਦਾਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਈਡੀ ਨੇ ਪਹਿਲਾਂ ਰਾਹੁਲ ਗਾਂਧੀ ਦਾ ਨਾਮ ਕੇਸ ‘ਚੋਂ ਹਟਾ ਦਿੱਤਾ ਸੀ ਅਤੇ ਹੁਣ ਉਨ੍ਹਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ। ਰਾਜ ਸਭਾ ਲਈ ਹੁਣੇ ਜਿਹੇ ਚੁਣੀ ਗਈ ਰਣਜੀਤ ਰੰਜਨ ਨੇ ਕਿਹਾ ਕਿ ਸਰਕਾਰ ਕਈ ਦਹਾਕਿਆਂ ਤੱਕ ਦੇਸ਼ ਦੀ ਸੇਵਾ ਕਰਨ ਵਾਲੀ ਪਾਰਟੀ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਕਿਉਂ ਨਹੀਂ ਦੇ ਰਹੀ ਹੈ। ਪੈਗੰਬਰ ਮੁਹੰਮਦ ਬਾਰੇ ਕੀਤੀਆਂ ਟਿੱਪਣੀਆਂ ਤੋਂ ਪੈਦਾ ਹੋਏ ਵਿਵਾਦ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਤਾਨਾਸ਼ਾਹੀ ਹੈ। ਭਾਜਪਾ ਤਰਜਮਾਨ ਦੀਆਂ ਟਿੱਪਣੀਆਂ ਕਾਰਨ ਸਰਕਾਰ ਨੂੰ ਪੰਜ ਮੁਲਕਾਂ ਤੋਂ ਮੁਆਫ਼ੀ ਮੰਗਣੀ ਪਈ ਹੈ ਜਦਕਿ ਕਾਂਗਰਸ ਨੂੰ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਇਕ ਹੋਰ ਕਾਂਗਰਸ ਆਗੂ ਗੌਰਵ ਗੋਗੋਈ ਨੇ ਕਿਹਾ ਕਿ ਇਹ ਕਾਂਗਰਸ ਨੂੰ ਧਮਕਾਉਣ ਦੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਪਰ ਕਾਂਗਰਸ ਅਤੇ ਦੇਸ਼ ਦੇ ਲੋਕ ਇੰਜ ਨਹੀਂ ਹੋਣ ਦੇਣਗੇ।
ਦਿੱਲੀ ਦੀਆਂ ਸੜਕਾਂ ‘ਤੇ ‘ਰਾਹੁਲ ਤੁਮ ਸੰਘਰਸ਼ ਕਰੋ ਹਮ ਤੁਮਹਾਰੇ ਸਾਥ ਹੈਂ’ ਦੇ ਨਾਅਰੇ ਲੱਗੇ
ਨਵੀਂ ਦਿੱਲੀ : ਕਾਂਗਰਸੀ ਵਰਕਰਾਂ ਨੇ ਰਾਹੁਲ ਗਾਂਧੀ ਦੇ ਪੱਖ ‘ਚ ਮਾਰਚ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੁਲਿਸ ਨੇ 459 ਆਗੂਆਂ ਸਮੇਤ ਕਾਂਗਰਸ ਵਰਕਰਾਂ ਨੂੰ ਹਿਰਾਸਤ ‘ਚ ਲਿਆ। ਪਾਰਟੀ ਦਫਤਰ ‘ਤੇ ਜਦੋਂ ਰਾਹੁਲ, ਪ੍ਰਿਅੰਕਾ ਤੇ ਹੋਰ ਆਗੂ ਪੁੱਜੇ ਤਾਂ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਰਾਹੁਲ ਤੁਮ ਸੰਘਰਸ਼ ਕਰੋ ਹਮ ਤੁਮਹਾਰੇ ਸਾਥ ਹੈਂ’ ਦੇ ਨਾਅਰਿਆਂ ਨਾਲ ਆਕਾਸ਼ ਗੂੰਜ ਉੱਠਿਆ। ਉਨ੍ਹਾਂ ਹੱਥਾਂ ‘ਚ ‘ਸੱਤਿਆਮੇਵ ਜਯਤੇ’ ਤੇ ‘ਡਰਾਂਗੇ ਨਹੀਂ, ਝੁਕਾਂਗੇ ਨਹੀਂ, ਸੱਚ ਲਈ ਲੜਾਂਗੇ’ ਦੀਆਂ ਤਖਤੀਆਂ ਫੜੀਆਂ ਹੋਈਆਂ ਸਨ।
ਰਾਹੁਲ ਸਾਰੇ ਆਧਾਰਹੀਣ ਦੋਸ਼ਾਂ ਤੋਂ ਬਰੀ ਹੋਣਗੇ: ਵਾਡਰਾ
ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਦੀ ਈਡੀ ਅੱਗੇ ਪੇਸ਼ੀ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਦੇ ਪਤੀ ਰੌਬਰਟ ਵਾਡਰਾ ਨੇ ਕਿਹਾ ਕਿ ਰਾਹੁਲ ਸਾਰੇ ਆਧਾਰਹੀਣ ਦੋਸ਼ਾਂ ਤੋਂ ਬਰੀ ਹੋ ਜਾਵੇਗਾ। ਵਾਡਰਾ ਨੇ ਕਿਹਾ ਕਿ ਮੌਜੂਦਾ ਸਰਕਾਰ ਅਜਿਹੇ ਪ੍ਰੇਸ਼ਾਨ ਕਰਨ ਵਾਲੇ ਤਰੀਕਿਆਂ ਨਾਲ ਲੋਕਾਂ ਨੂੰ ਦਬਾ ਨਹੀਂ ਸਕਦੀ ਹੈ ਅਤੇ ਇਸ ਨਾਲ ਲੋਕ ਹੋਰ ਮਜ਼ਬੂਤ ਹੋ ਕੇ ਉਭਰਨਗੇ।

 

RELATED ARTICLES
POPULAR POSTS