ਸੀਬੀਆਈ ਨੇ ਟਾਈਟਲਰ ਖਿਲਾਫ਼ ਦਾਇਰ ਕੀਤੀ ਚਾਰਜਸ਼ੀਟ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਦੇ ਸੀਨੀਅਰ ਆਗੂ ਜਗਦੀਸ਼ ਟਾਈਟਲਰ ਦੀਆਂ 1984 ਸਿੱਖ ਕਤਲੇਆਮ ਮਾਮਲੇ ’ਚ ਮੁਸ਼ਕਿਲਾਂ ਵਧ ਸਕਦੀਆਂ ਹਨ। ਸੀਬੀਆਈ ਨੇ ਜਗਦੀਸ਼ ਟਾਈਟਲਰ ਖਿਲਾਫ਼ 1984 ਸਿੱਖ ਕਤਲੇਆਮ ਮਾਮਲੇ ’ਚ ਚਾਰਜਸ਼ੀਟ ਦਾਇਰ ਕੀਤੀ ਹੈ। 2005 ’ਚ ਨਾਨਾਵਤੀ ਕਮਿਸ਼ਨ ਮਾਮਲੇ ’ਚ ਉਸ ਖਿਲਾਫ ਕੇਸ ਦਰਜ ਹੋਇਆ ਅਤੇ ਕੋਰਟ ਨੇ ਇਸ ਮਾਮਲੇ ’ਚ ਸੀਬੀਆਈ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਮਾਮਲਾ ਨਵੰਬਰ 1984 ਦਾ ਹੈ ਜਦੋਂ ਪੁਲ ਬੰਗਸ਼ ਇਲਾਕੇ ਦੇ ਇਕ ਗੁਰਦੁਆਰਾ ਸਾਹਿਬ ’ਚ ਅੱਗ ਲਾਏ ਜਾਣ ਅਤੇ 3 ਵਿਅਕਤੀਆਂ ਦੇ ਕਤਲ ਨਾਲ ਜੁੜਿਆ ਹੋਇਆ ਹੈ। ਸੀਬੀਆਈ ਨੇ ਵਿਸ਼ੇਸ਼ ਅਦਾਲਤ ਦੇ ਸਾਹਮਣੇ ਦਾਖਲ ਆਪਣੇ ਦੋਸ਼ ਪੱਤਰ ’ਚ ਕਿਹਾ ਹੈ ਕਿ ਜਗਦੀਸ਼ ਟਾਈਟਲਰ ਨੇ 1 ਨਵੰਬਰ 1984 ਨੂੰ ਪੁਲ ਬੰਗਸ ਗੁਰਦੁਆਰਾ ਅਜ਼ਾਦ ਮਾਰਕੀਟ ’ਚ ਇਕੱਠੀ ਹੋਈ ਭੀੜ ਨੂੰ ਉਕਸਾਇਆ ਅਤੇ ਭੜਕਾਇਆ ਸੀ। ਜਿਸ ਦੇ ਨਤੀਜੇ ਵਜੋਂ ਭੀੜ ਨੇ ਗੁਰਦੁਆਰਾ ਸਾਹਿਬ ’ਚ ਅੱਗ ਲਗਾ ਦਿੱਤੀ ਸੀ ਅਤੇ 3 ਸਿੱਖਾਂ ਠਾਕੁਰ ਸਿੰਘ, ਬਾਦਲ ਅਤੇ ਗੁਰਚਰਣ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਜਗਦੀਸ਼ ਟਾਈਟਲਰ ਖਿਲਾਫ ਆਈਪੀਸੀ ਦੀਆਂ ਧਾਰਾਵਾਂ 147 (ਦੰਗਾ), 109 (ਉਕਸਾਉਣ) ਅਤੇ302 (ਕਤਲ) ਤਹਿਤ ਦੋਸ਼ ਲਾਏ ਹਨ। ਅਦਾਲਤ 2 ਜੂਨ 2023 ਨੂੰ ਜਗਦੀਸ਼ ਟਾਈਟਲਰ ਉਪਰ ਲਗਾਏ ਗਏ ਦੋਸ਼ਾਂ ’ਤੇ ਵਿਚਾਰ ਕਰੇਗੀ।