ਡੀਕੇ ਸ਼ਿਵਕੁਮਾਰ ਬਣੇ ਕਰਨਟਕ ਦੇ ਉਪ ਮੁੱਖ ਮੰਤਰੀ
ਬੰਗਲੁਰੂ/ਬਿਊਰੋ ਨਿਊਜ਼ : ਸਿੱਧਰਮੱਈਆ ਨੇ ਅੱਜ ਦੂਜੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਜਦਕਿ ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਨੇ ਸੂਬੇ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਸਹੁੰ ਚੁੱਕਣ ਦੇ ਨਾਲ-ਨਾਲ ਸਿੱਧ ਰਮੱਈਆ ਕੈਬਨਿਟ ਦੇ 8 ਮੰਤਰੀਆਂ ਨੂੰ ਵੀ ਸਹੁੰ ਚੁਕਾਈ ਗਈ ਜਿਨ੍ਹਾਂ ਵਿਚ ਡਾ. ਪਰਮੇਸ਼ਵਰ, ਕੇ ਐਚ ਮੁਨੀਅੱਪਾ, ਐਮਬੀ ਪਾਟਿਲ, ਸਤੀਸ਼ ਜਾਰਕੀਹੋਲੀ, ਪਿ੍ਰਯਾਂਕ ਖੜਗੇ, ਰਾਮਾਲਿੰਗਾ ਰੇਡੀ ਅਤੇ ਜਮੀਰ ਅਹਿਮਦ ਖਾਨ ਆਦਿ ਦਾ ਨਾਮ ਸ਼ਾਮਲ ਹੈ। ਇਹ ਸਹੁੰ ਚੁੱਕ ਸਮਾਗਮ ਬੰਗਲੁਰੂ ਦੇ ਕਾਂਤੀਰਵਾ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਮੌਕੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ, ਰਾਹੁਲ ਗਾਂਧੀ, ਪਿ੍ਰਯੰਕਾ ਗਾਂਧੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ, ਤੇਜਸਵੀ ਯਾਦਵ, ਸ਼ਰਦ ਪਵਾਰ, ਫਾਰੂਕ ਅਬਦੁੱਲਾ ਸਮੇਤ ਵੱਡੀ ਗਿਣਤੀ ਰਾਜਨੀਤਿਕ ਆਗੂ ਹਾਜ਼ਰ ਸਨ। ਧਿਆਨ ਰਹੇ ਕਿ ਕਰਨਾਟਕ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜੇ ਲੰਘੀ 13 ਮਈ ਨੂੰ ਆਏ ਸਨ ਅਤੇ ਇਨ੍ਹਾਂ ਨਤੀਜਿਆਂ ਅਨੁਸਾਰ ਕਾਂਗਰਸ ਪਾਰਟੀ 135 ਸੀਟਾਂ, ਭਾਜਪਾ ਨੇ 66 ਅਤੇ ਜਨਤਾ ਦਲ ਸੈਕੂਲਰ ਨੇ 19 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਸੀ। ਕਾਂਗਰਸ ’ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਕਈ ਦਿਨਾਂ ਤੱਕ ਟਕਰਾਅ ਚਲਦਾ ਰਿਹਾ। ਹਾਈ ਕਮਾਂਡ ਵੱਲੋਂ ਕੀਤੀਆਂ ਗਈਆਂ ਕਈ ਮੀਟਿੰਗਾਂ ਤੋਂ ਬਾਅਦ ਸਿੱਧਰਮਈਆ ਅਤੇ ਡੀਕੇ ਸ਼ਿਵਕੁਮਾਰ ਦਰਮਿਆਨ ਸਹਿਮਤੀ ਬਣ ਗਈ ਸੀ, ਜਿਸ ਤੋਂ ਬਾਅਦ ਅੱਜ ਇਹ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ।