ਸਿੱਖ ਭਾਈਚਾਰੇ ‘ਤੇ ਸਮੁੱਚੇ ਦੇਸ਼ ਨੂੰ ਫਖ਼ਰ : ਰਾਜਪਾਲ ਕੋਵਿੰਦ
ਸਿੱਖਾਂ ਦੀ ਸ਼ਿੱਦਤ ਤੇ ਫਰਾਖਦਿਲੀ ਤੇ ਆਲਮੀ ਭਾਈਚਾਰਾ ਬਣਾਉਣ ਵਾਲੇ ਸਿੱਖੀ ਸਿਧਾਂਤਾਂ ਬਾਰੇ ਹੋਈ ਚਰਚਾ
ਪਟਨਾ ਸਾਹਿਬ : ਸਿੱਖਾਂ ਵੱਲੋਂ ਆਲਮੀ ਪੱਧਰ ‘ਤੇ ਪਾਏ ਜਾ ਰਹੇ ਸ਼ਾਨਦਾਰ ਯੋਗਦਾਨ ਦੀ ਭਰਵੀਂ ਸ਼ਲਾਘਾ ਕਰਦਿਆਂ ਬਿਹਾਰ ਦੇ ਰਾਜਪਾਲ ਰਾਮਨਾਥ ਕੋਵਿੰਦ ਨੇ ਕਿਹਾ ਕਿ ਸਮੁੱਚੇ ਮੁਲਕ ਨੂੰ ਸਿੱਖ ਭਾਈਚਾਰੇ ਦੀ ਇਸ ਗੌਰਵਮਈ ਵਿਰਾਸਤ ‘ਤੇ ਫਖ਼ਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਪਟਨਾ ਸਾਹਿਬ ਵਿਖੇ ਗੁਰੂ ਸਾਹਿਬ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਕੌਮਾਂਤਰੀ ਸਿੱਖ ਸੰਮੇਲਨ ਦੇ ਆਖਰੀ ਦਿਨ ‘ਰਾਸ਼ਟਰ ਦੇ ਨਿਰਮਾਣ ਵਿਚ ਸਿੱਖਾਂ ਦਾ ਯੋਗਦਾਨ’ ਬਾਰੇ ਹੋਈ ਵਿਚਾਰ-ਚਰਚਾ ਦੌਰਾਨ ਰਾਜਪਾਲ ਕੋਵਿੰਦ ਨੇ ਕਿਹਾ ਕਿ ਸਿੱਖਾਂ ਨੇ ਨਾ ਸਿਰਫ਼ ਦੇਸ਼ ‘ਚ ਸਗੋਂ ਦੁਨੀਆ ਭਰ ਵਿਚ ਨਿਵੇਕਲੀ ਪਹਿਚਾਣ ਬਣਾਈ ਹੈ। ਸਿੱਖ ਭਾਈਚਾਰਾ ਆਪਣੇ ਗੁਰੂ ਸਾਹਿਬਾਨ ਦੇ ਮਹਾਨ ਜੀਵਨ ਤੇ ਫਿਲਾਸਫੀ ਤੋਂ ਸੇਧ ਲੈ ਕੇ ਜਾਤ-ਪਾਤ ਅਤੇ ਊਚ-ਨੀਚ ਵਰਗੀਆਂ ਅਲਾਮਤਾਂ ਤੋਂ ਉਪਰ ਉੱਠ ਕੇ ਮਾਨਵਤਾ ਦੀ ਸੇਵਾ ਕਰਦਾ ਹੈ। ਦੇਸ਼ ਦੀ ਰਾਜਨੀਤੀ, ਰੱਖਿਆ ਸੈਨਾਵਾਂ, ਪ੍ਰਸ਼ਾਸਨ, ਖੇਡ, ਸੱਭਿਆਚਾਰਕ ਖੇਤਰ ਆਦਿ ਵਿੱਚ ਸਿੱਖ ਭਾਈਚਾਰੇ ਦਾ ਯੋਗਦਾਨ ਲਾਮਿਸਾਲ ਹੈ। ਦੇਸ਼ ਦੀ ਤਰੱਕੀ ਤੇ ਵਿਕਾਸ ਲਈ ਪੰਜਾਬ ਦੇ ਅਹਿਮ ਯੋਗਦਾਨ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਹਰੀ ਕ੍ਰਾਂਤੀ ਦਾ ਮੁੱਢ ਪੰਜਾਬ ਨੇ ਬੰਨ੍ਹਿਆ ਜਿਸ ਨਾਲ ਦੇਸ਼ ਵਿਚ ਅਨਾਜ ਦੇ ਸੰਕਟ ਦੀ ਸਮੱਸਿਆ ਸਦਾ ਲਈ ਖ਼ਤਮ ਹੋ ਗਈ। ਉਨ੍ਹਾਂ ਕਿਹਾ ਕਿ ਡਾ. ਐਮ. ਐਸ. ਰੰਧਾਵਾ ਵਰਗੀ ਸ਼ਖਸੀਅਤ ਚੇਤਿਆਂ ਵਿਚੋਂ ਕਦੇ ਵੀ ਵਿਸਰ ਨਹੀਂ ਸਕਦੀ। ਸਿੱਖ ਕੌਮ ਨੂੰ ਭਾਈਚਾਰਕ ਸਾਂਝ ਅਤੇ ਬਹਾਦਰੀ ਦੀ ਮਿਸਾਲ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਭਾਰਤ ਦੀ ਆਬਾਦੀ ਦਾ 2 ਫੀਸਦੀ ਹਿੱਸਾ ਹੋਣ ‘ਤੇ ਵੀ ਭਾਰਤ ਦੀ ਸੈਨਾ ਵਿਚ 20 ਫੀਸਦੀ ਸਿੱਖ ਸੈਨਿਕ ਹਨ।
ਇਸ ਕੌਮ ਦੇ ਬਹਾਦਰਾਂ ਨੇ ਆਜ਼ਾਦੀ ਤੋਂ ਬਾਅਦ ਹੁਣ ਤੱਕ 5 ਪਰਮਵੀਰ ਚੱਕਰ, 40 ਮਹਾਂਵੀਰ ਚੱਕਰ ਅਤੇ 209 ਵੀਰ ਚੱਕਰ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਕੌਮਾਂਤਰੀ ਪੱਧਰ ‘ਤੇ ਜਾਹੋ-ਜਲਾਲ ਨਾਲ ਮਨਾਉਣਾ ਜਿਥੇ ਬਿਹਾਰ ਸਰਕਾਰ ਲਈ ਗੌਰਵਮਈ ਹੈ ਉਥੇ ਚੁਣੌਤੀਪੂਰਨ ਵੀ ਹੈ।
ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੇ ਜਨਮ ਅਸਥਾਨ ‘ਤੇ ਨਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਵਿਚ ਸੰਗਤ ਦੇ ਆਉਣ ਨਾਲ ਬਿਹਾਰ ਲਈ ਵਿਕਾਸ ਤੇ ਤਰੱਕੀ ਦੇ ਨਵੇਂ ਰਾਹ ਖੁੱਲ੍ਹਣ ਵਾਲੇ ਹਨ। ਇਸ ਤੋਂ ਪਹਿਲਾਂ ਆਖਰੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕੈਨੇਡਾ ਦੀ ਸਾਬਕਾ ਸੰਸਦ ਮੈਂਬਰ ਰੂਬੀ ਢੱਲਾ ਨੇ ਕਿਹਾ ਕਿ ਸਿੱਖਾਂ ਨੂੰ ਸਿਰਫ਼ ਆਪਣੇ ਰਾਸ਼ਟਰ ਪ੍ਰਤੀ ਯੋਗਦਾਨ ਤੱਕ ਮਹਿਦੂਦ ਨਹੀਂ ਕਰ ਦੇਣਾ ਚਾਹੀਦਾ ਸਗੋਂ ਸਮੁੱਚੀ ਮਾਨਵਤਾ ਦੀ ਸੇਵਾ ਪ੍ਰਤੀ ਸਿੱਖਾਂ ਦੇ ਯੋਗਦਾਨ ਦੇ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ ਹੈ। ਸੱਤ ਸਮੁੰਦਰੋਂ ਪਾਰ ਕੇ ਜਾ ਕੇ ਵੀ ਸਿੱਖਾਂ ਨੇ ਸਿਆਸਤ, ਸੁਰੱਖਿਆ, ਸਮਾਜਿਕ, ਵਪਾਰਕ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਵੱਕਾਰੀ ਸਥਾਨ ਹਾਸਲ ਕੀਤਾ। ਰਾਜਸਥਾਨ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ, ਕੈਨੇਡਾ ਤੋਂ ਇੰਦਰਜੀਤ ਸਿੰਘ ਬੱਲ, ਇਤਿਹਾਸਕਾਰ ਪ੍ਰੋ. ਕੇ.ਐਲ. ਟੁਟੇਜਾ, ਪ੍ਰੋ. ਹਰਪਾਲ ਪੰਨੂੰ ਸਿੰਘ, ਗੁਰਮੇਜ ਸਿੰਘ ਗੋਰਾਇਆ ਤੇ ਸਤਪਾਲ ਸਿੰਘ ਖਾਲਸਾ ਨੇ ਆਪਣੇ ਵਿਚਾਰ ਰੱਖਦਿਆਂ ਇਕਸੁਰ ਵਿਚ ਆਖਿਆ ਕਿ ਸਿੱਖ ਭਾਈਚਾਰੇ ਨੂੰ ਨਵੀਂ ਪੀੜ੍ਹੀ ਨੂੰ ਸਿੱਖ ਸੰਕਲਪ ਅਤੇ ਸ਼ਾਨਦਾਰ ਰਵਾਇਤਾਂ ਨਾਲ ਜੋੜਨ, ਮਾਂ ਬੋਲੀ ਪੰਜਾਬੀ ਦਾ ਪਾਸਾਰ ਕਰਨ ਤੋਂ ਇਲਾਵਾ ਹੋਰ ਸਮਾਜਿਕ ਬੁਰਾਈਆਂ ਖ਼ਿਲਾਫ਼ ਡਟਣ ਲਈ ਅਹਿਦ ਲੈਣਾ ਚਾਹੀਦਾ ਹੈ। ਦੇਸ਼-ਵਿਦੇਸ਼ ਤੋਂ ਪਹੁੰਚੇ ਬੁਲਾਰਿਆਂ ਨੇ ਕਿਹਾ ਕਿ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਸਿੱਖਾਂ ਦੇ ਯੋਗਦਾਨ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਬਰ-ਜ਼ੁਲਮ, ਅਨਿਆਂ, ਦਮਨ ਅਤੇ ਮਾਨਵੀ ਹੱਕਾਂ ਦੇ ਹਨਨ ਖਿਲਾਫ ਡਟਣਾ ਸਿੱਖਾਂ ਦੇ ਸੁਭਾਅ ਦਾ ਹਿੱਸਾ ਹੈ ਜਿਸ ਦੀ ਗੁੜ੍ਹਤੀ ਉਨ੍ਹਾਂ ਨੂੰ ਮਹਾਨ ਗੁਰੂ ਸਾਹਿਬਾਨ ਪਾਸੋਂ ਮਿਲੀ ਹੈ।
Check Also
ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ
ਨਾਗਪੁਰ (ਮਹਾਰਾਸ਼ਟਰ)/ਬਿਊਰੋ ਨਿਊਜ਼ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ …