0.9 C
Toronto
Wednesday, January 7, 2026
spot_img
Homeਭਾਰਤਸਰਕਾਰ ਨੂੰ 'ਅਗਨੀਪਥ' ਯੋਜਨਾ ਵਾਪਸ ਲੈਣੀ ਹੀ ਪਵੇਗੀ : ਰਾਹੁਲ ਗਾਂਧੀ

ਸਰਕਾਰ ਨੂੰ ‘ਅਗਨੀਪਥ’ ਯੋਜਨਾ ਵਾਪਸ ਲੈਣੀ ਹੀ ਪਵੇਗੀ : ਰਾਹੁਲ ਗਾਂਧੀ

ਮੋਦੀ ਸਰਕਾਰ ‘ਤੇ ਲਾਇਆ ਭਾਰਤੀ ਫੌਜ ਨੂੰ ਕਮਜ਼ੋਰ ਕਰਨ ਦਾ ਆਰੋਪ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ਸਰਕਾਰ ‘ਤੇ ‘ਅਗਨੀਪਥ’ ਯੋਜਨਾ ਰਾਹੀਂ ਹਥਿਆਰਬੰਦ ਦਸਤਿਆਂ ਨੂੰ ਕਮਜ਼ੋਰ ਕਰਨ ਦਾ ਆਰੋਪ ਲਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੇਤੀ ਕਾਨੂੰਨਾਂ ਦੀ ਤਰ੍ਹਾਂ ਇਹ ਨਵੀਂ ਫੌਜੀ ਭਰਤੀ ਯੋਗਨਾ ਵੀ ਵਾਪਸ ਲੈਣੀ ਹੀ ਪਵੇਗੀ। ਅਗਨੀਪਥ ਯੋਜਨਾ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਤਨਜ਼ ਕਸਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਜੋ ‘ਇੱਕ ਰੈਂਕ, ਇੱਕ ਪੈਨਸ਼ਨ’ ਦੀ ਗੱਲ ਕਰਦੇ ਸਨ, ਉਹ ਹੁਣ ‘ਕੋਈ ਰੈਂਕ ਨਹੀਂ, ਕੋਈ ਪੈਨਸ਼ਨ ਨਹੀਂ’ ਯੋਜਨਾ ਲਿਆਏ ਹਨ। ਈਡੀ ਵੱਲੋਂ ਕੀਤੀ ਜਾ ਰਹੀ ਪੁੱਛ ਪੜਤਾਲ ਦੇ ਸਬੰਧ ਵਿੱਚ ਰਾਹੁਲ ਗਾਂਧੀ ਦੀ ਹਮਾਇਤ ‘ਚ ਦੇਸ਼ ਭਰ ‘ਚੋਂ ਇਕੱਠੇ ਹੋਏ ਕਾਂਗਰਸ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੁੱਦਾ ਅਹਿਮੀਅਤ ਨਹੀਂ ਰੱਖਦਾ। ਜ਼ਿਆਦਾ ਅਹਿਮ ਮਸਲਾ ਦੇਸ਼ ‘ਚ ਰੁਜ਼ਗਾਰ ਦਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘ਮੋਦੀ ਸਰਕਾਰ ਨੇ ਦੇਸ਼ ਦੀ ਰੀੜ੍ਹ ਦੀ ਹੱਡੀ ਛੋਟੀ ਤੇ ਦਰਮਿਆਨੀ ਸਨਅਤ ਨੂੰ ਤਬਾਹ ਕਰ ਦਿੱਤਾ ਹੈ। ਮੈਂ ਉਨ੍ਹਾਂ ਨੌਜਵਾਨਾਂ ਜੋ ਰੋਜ਼ ਸਵੇਰੇ ਉੱਠ ਕੇ ਫੌਜ ‘ਚ ਭਰਤੀ ਹੋਣ ਦੀ ਤਿਆਰੀ ਕਰਦੇ ਹਨ, ਨੂੰ ਕਹਿਣਾ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ ਤੇ ਇਹ ਮੁਲਕ ਹੁਣ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਯੋਗ ਨਹੀਂ ਰਿਹਾ।’ ਉਨ੍ਹਾਂ ਕਿਹਾ ਕਿ ਸਰਕਾਰ ਹੁਣ ਜੋ ਮਰਜ਼ੀ ਕਰੇ ਇਸ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਦੋ-ਤਿੰਨ ਸਨਅਤਕਾਰਾਂ ਦੇ ਹਵਾਲੇ ਕਰ ਦਿੱਤਾ ਹੈ।
ਵਿਰੋਧੀ ਆਗੂਆਂ ਨਾਲ ਦੁਸ਼ਮਣਾਂ ਜਿਹਾ ਸਲੂਕ ਹੋ ਰਿਹੈ: ਗਹਿਲੋਤ
ਨਵੀਂ ਦਿੱਲੀ : ਕਾਂਗਰਸ ਆਗੂ ਅਸ਼ੋਕ ਗਹਿਲੋਤ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਦੇਸ਼ ਵਿੱਚ ਪੁਲਿਸ ਅਜਿਹੇ ਸਮੇਂ ਦਾ ਅਨੁਮਾਨ ਲਗਾ ਰਹੀ ਹੈ ਜਦੋਂ ਤਾਨਾਸ਼ਾਹੀ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ। ਉਨ੍ਹਾਂ ਆਰੋਪ ਲਾਇਆ ਕਿ ਰਾਹੁਲ ਗਾਂਧੀ ਤੋਂ ਈਡੀ ਵੱਲੋਂ ਕੀਤੀ ਜਾ ਰਹੀ ਪੁੱਛ ਪੜਤਾਲ ਖਿਲਾਫ ਰੋਸ ਮੁਜ਼ਾਹਰਾ ਕਰਨ ਵਾਲੇ ਵਿਰੋਧੀ ਧਿਰ ਦੇ ਆਗੂਆਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ ਜਿਵੇਂ ਉਹ ਦੁਸ਼ਮਣ ਹੋਣ। ਉਨ੍ਹਾਂ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਇੱਕ ਨਵਾਂ ਰੁਝਾਨ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਿਆਸੀ ਅੰਦੋਲਨ ਹੋਏ ਸਨ ਪਰ ਪੁਲਿਸ ਦਾ ਜੋ ਚਿਹਰਾ ਹੁਣ ਦੇਖਣ ਨੂੰ ਮਿਲ ਰਿਹਾ ਹੈ ਉਹ ਪਹਿਲਾਂ ਕਦੀ ਵੀ ਨਹੀਂ ਦੇਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲੀਸ ਸਾਡੇ ਆਗੂਆਂ ਤੇ ਖਾਸ ਕਰਕੇ ਮਹਿਲਾਵਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਉਨ੍ਹਾਂ ਨੂੰ ਕੁੱਟ ਰਹੀ ਹੈ ਤੇ ਕਈ-ਕਈ ਘੰਟਿਆਂ ਤੱਕ ਉਨ੍ਹਾਂ ਨੂੰ ਹਿਰਾਸਤ ‘ਚ ਰੱਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨੈਸ਼ਨਲ ਹੈਰਾਲਡ ਕੇਸ ‘ਚ ਪੰਜ ਦਿਨ ਅੰਦਰ ਰਾਹੁਲ ਗਾਂਧੀ ਤੋਂ 50 ਘੰਟੇ ਪੁੱਛ-ਪੜਤਾਲ ਕੀਤੀ ਗਈ ਹੈ।
ਸੋਨੀਆ ਗਾਂਧੀ ਨੇ ਈਡੀ ਤੋਂ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀ ਪੇਸ਼ੀ ਦੀ ਤਰੀਕ ਕੁਝ ਹਫਤਿਆਂ ਲਈ ਅੱਗੇ ਪਾ ਦਿੱਤੀ ਜਾਵੇ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਨੂੰ 20 ਜੂਨ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ। ਉਨ੍ਹਾਂ ਨੂੰ ਏਜੰਸੀ ਨੇ 24 ਜੂਨ ਨੂੰ ਨੈਸ਼ਨਲ ਹੈਰਾਲਡ ਕੇਸ ਵਿਚ ਤਲਬ ਕੀਤਾ ਹੋਇਆ ਹੈ। ਸੋਨੀਆ ਗਾਂਧੀ ਕਰੋਨਾ ਹੋਣ ਤੋਂ ਬਾਅਦ ਆਈਆਂ ਸਮੱਸਿਆਵਾਂ ਕਰ ਕੇ ਕੁਝ ਦਿਨਾਂ ਤੋਂ ਹਸਪਤਾਲ ਦਾਖਲ ਸਨ।

 

RELATED ARTICLES
POPULAR POSTS