ਖੜਗੇ ਦਾ ਪਾਰਟੀ ਪ੍ਰਧਾਨ ਬਣਨਾ ਯਕੀਨੀ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਕਾਂਗਰਸ ਪਾਰਟੀ ਦੇ ਪ੍ਰਧਾਨ ਅਹੁਦੇ ਲਈ ਅੱਜ ਵੋਟਾਂ ਪਈਆਂ ਹਨ, ਜਿਸਦਾ ਨਤੀਜਾ 19 ਅਕਤੂੁਬਰ ਨੂੰ ਐਲਾਨਿਆ ਜਾਵੇਗਾ। ਪ੍ਰਧਾਨਗੀ ਅਹੁਦੇ ਲਈ ਕਾਂਗਰਸ ਦੇ ਸੀਨੀਅਰ ਆਗੂ ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਾਲੇ ਮੁਕਾਬਲਾ ਹੈ। ਇਸੇ ਦੌਰਾਨ ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ, ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਇਸੇ ਦੌਰਾਨ ਸੋਨੀਆ ਗਾਂਧੀ ਦਾ ਕਹਿਣਾ ਸੀ ਕਿ ਪਾਰਟੀ ਨੂੰ ਨਵੇਂ ਪ੍ਰਧਾਨ ਦਾ ਇੰਤਜ਼ਾਰ ਕਾਫੀ ਲੰਮੇ ਸਮੇਂ ਤੋਂ ਸੀ ਅਤੇ ਹੁਣ ਪਾਰਟੀ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ। ਵੋਟਿੰਗ ਖਤਮ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਚੋਣ ਮਾਮਲਿਆਂ ਦੇ ਇੰਚਾਰਜ ਮਧੂਸੂਦਨ ਮਿਸਤਰੀ ਨੇ ਦੱਸਿਆ ਕਿ 9900 ਵਿਚੋਂ 9500 ਡੈਲੀਗੇਟਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਦੱਸਣਯੋਗ ਹੈ ਕਿ ਕਾਂਗਰਸ ਵਿੱਚ 24 ਸਾਲ ਬਾਅਦ ਨਹਿਰੂ-ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਵਿਅਕਤੀ ਕਾਂਗਰਸ ਪਾਰਟੀ ਦੇ ਪ੍ਰਧਾਨਗੀ ਅਹੁਦੇ ਲਈ ਚੁਣਿਆ ਜਾਵੇਗਾ। ਕਾਂਗਰਸ ਦੇ 137 ਸਾਲਾਂ ਦੇ ਇਤਿਹਾਸ ਵਿੱਚ ਛੇਵੀਂ ਵਾਰ ਪ੍ਰਧਾਨ ਦੇ ਅਹੁਦੇ ਲਈ ਵੋਟਾਂ ਪਈਆਂ ਹਨ। ਗਾਂਧੀ ਪਰਿਵਾਰ ਨਾਲ ਨੇੜਤਾ ਹੋਣ ਅਤੇ ਸੀਨੀਅਰ ਆਗੂਆਂ ਵੱਲੋਂ ਹਮਾਇਤ ਦਿੱਤੇ ਜਾਣ ਕਾਰਨ ਖੜਗੇ ਨੂੰ ਕਾਂਗਰਸ ਦਾ ਅਗਲਾ ਪ੍ਰਧਾਨ ਮੰਨਿਆ ਜਾ ਰਿਹਾ ਹੈ। ਉਂਜ ਥਰੂਰ ਵੀ ਆਪਣੇ ਪੱਧਰ ’ਤੇ ਪ੍ਰਧਾਨ ਬਣਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਧਿਆਨ ਰਹੇ ਕਿ ਰਾਹੁਲ ਗਾਂਧੀ ਨੇ ਵੀ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨ ਤੋਂ ਨਾਂਹ ਕਰ ਦਿੱਤੀ ਸੀ ਅਤੇ ਇਸ ਤੋਂ ਬਾਅਦ ਵੋਟਿੰਗ ਕਰਾਉਣ ਦਾ ਫੈਸਲਾ ਲਿਆ ਗਿਆ ਸੀ।