Breaking News
Home / ਭਾਰਤ / ਯੂਪੀ ਚੋਣਾਂ ‘ਚ ਦੂਸ਼ਣਬਾਜ਼ੀ ਸਿਖਰਾਂ ‘ਤੇ, ਇਕ ਦੂਜੇ ਖਿਲਾਫ ਚੱਲ ਰਹੇ ਹਨ ਸ਼ਬਦੀ ਬਾਣ

ਯੂਪੀ ਚੋਣਾਂ ‘ਚ ਦੂਸ਼ਣਬਾਜ਼ੀ ਸਿਖਰਾਂ ‘ਤੇ, ਇਕ ਦੂਜੇ ਖਿਲਾਫ ਚੱਲ ਰਹੇ ਹਨ ਸ਼ਬਦੀ ਬਾਣ

‘ਭੈਣ ਜੀ ਸੰਪਤੀ ਪਾਰਟੀਂ’ ਬਣੀ ਬਸਪਾ : ਮੋਦੀ    ਮੋਦੀ ਨੈਗੇਟਿਵ ਦਲਿਤ ਮੈਨ : ਮਾਇਆਵਤੀ
ਸੁਲਤਾਨਪੁਰ, ਜਾਲੌਣ/ਬਿਊਰੋ ਨਿਊਜ਼ : ਯੂਪੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਇਆਵਤੀ ‘ਤੇ ਹਮਲਾ ਬੋਲਦਿਆਂ ਉਨ੍ਹਾਂ ਦੀ ਪਾਰਟੀ ਬਹੁਜਨ ਸਮਾਜ ਪਾਰਟੀ ਨੂੰ ‘ਭੈਣਜੀ ਸੰਪਤੀ ਪਾਰਟੀ’ ਦੱਸਿਆ। ਇਸ ‘ਤੇ ਮੋੜਵਾਂ ਹੱਲਾ ਬੋਲਦਿਆਂ ਮਾਇਆਵਤੀ ਨੇ ਮੋਦੀ ਨੂੰ ‘ਮਿਸਟਰ ਨੈਗੇਟਿਵ ਦਲਿਤ ਮੈਨ’ ਦੱਸਿਆ।  ਮਾਇਆਵਤੀ ਦੇ ਨੋਟਬੰਦੀ ਦਾ ਵਿਰੋਧ ਕੀਤੇ ਜਾਣ ‘ਤੇ ਤਨਜ ਕੱਸਦਿਆਂ ਮੋਦੀ ਨੇ ਕਿਹਾ ਕਿ ਬਸਪਾ ਹੁਣ ਬਹੁਜਨ ਸਮਾਜ ਪਾਰਟੀ ਨਹੀਂ ਰਹੀ ਬਲਕਿ ‘ਭੈਣਜੀ ਸੰਪਤੀ ਪਾਰਟੀ’ ਬਣ ਗਈ ਹੈ। ਬੁੰਦੇਲਖੰਡ ਵਿੱਚ ਜਾਲੌਣ ਖਿੱਤੇ ਦੇ ਓਰਾਈ ਵਿਖੇ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਆਪਣੇ ਲਈ ਧਨ ਜਮ੍ਹਾਂ ਕਰਦੇ ਹਨ ਉਹ ਕਦੇ ਵੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਕਰ ਸਕਦੇ। ਉਨ੍ਹਾਂ ਨੇ ਨੋਟਬੰਦੀ ਦਾ ਵਿਰੋਧ ਕਰਨ ਲਈ ਸਪਾ ਤੇ ਕਾਂਗਰਸ ਉਤੇ ਵੀ ਹਮਲੇ ਕੀਤੇ। ਉਨ੍ਹਾਂ ਕਿਹਾ, ‘ਅੱਜ ਬਸਪਾ ਕਿੱਥੇ ਪਹੁੰਚ ਗਈ ਹੈ। ਜਦੋਂ ਮੈਂ ਪਿਛਲੇ ਸਾਲ 8 ਨਵੰਬਰ ਨੂੰ ਨੋਟਬੰਦੀ ਦਾ ਐਲਾਨ ਕੀਤਾ ਤਾਂ ਕੱਟੜ ਵਿਰੋਧੀ ਸਪਾ ਤੇ ਬਸਪਾ, ਜੋ ਕਦੇ ਅੱਖ ਨਹੀਂ ਮਿਲਾਉਂਦੇ ਸਨ, ਇਕਜੁੱਟ ਹੋ ਗਏ। ਜਦੋਂ ਮੈਂ ਭ੍ਰਿਸ਼ਟਾਚਾਰ ਖ਼ਿਲਾਫ਼ ਜੰਗ ਛੇੜੀ ਸੀ ਅਤੇ ਕਾਲੇ ਧਨ ਬਾਰੇ ਵੇਰਵੇ ਮੰਗੇ ਸਨ ਤਾਂ ਮੈਂ ਹੱਕਾ ਬੱਕਾ ਰਹਿ ਗਿਆ। ਉਹ ਕਾਂਗਰਸ ਸਮੇਤ ਇਕਜੁੱਟ ਹੋ ਗਏ ਅਤੇ ਇਕੋ ਬੋਲੀ ਬੋਲਣ ਲੱਗੇ। ਭੈਣਜੀ ਨੇ ਦੋਸ਼ ਲਾਇਆ ਕਿ ਸਰਕਾਰ ਨੇ ਤਿਆਰੀ ਨਹੀਂ ਕੀਤੀ ਸੀ। ਕੀ ਸਰਕਾਰ ਤਿਆਰ ਨਹੀਂ ਸੀ ਜਾਂ ਤੁਸੀਂ ਤਿਆਰ ਨਹੀਂ ਸੀ? ਉਹ ਕਹਿੰਦੇ ਨੋਟਬੰਦੀ ਲਾਗੂ ਕਰਨ ਤੋਂ ਪਹਿਲਾਂ ਇਕ ਹਫ਼ਤਾ ਦੇਣਾ ਚਾਹੀਦਾ ਸੀ। ਮਾਇਆਵਤੀ ਵੱਲੋਂ ਰੌਲਾ ਪਾਇਆ ਗਿਆ ਕਿ ਇਹ ਚੋਣਾਂ ਸਮੇਂ ਹੀ ਕਿਉਂ ਹੋਇਆ ਕਿ ਉਸ ਦੇ ਭਰਾ ਦਾ ਖਾਤਾ ਜਨਤਕ ਕੀਤਾ ਗਿਆ। ਉਸ ਵਿੱਚ ਜਮ੍ਹਾਂ ਹੋਏ 100 ਕਰੋੜ ਬਾਰੇ ਗੱਲ ਕਿਉਂ ਕੀਤੀ ਗਈ।’ ਬਸਪਾ ਸੁਪਰੀਮੋ ਨੇ ਕਿਹਾ, ‘ਮੋਦੀ ਨੂੰ ਨਹੀਂ ਪਤਾ ਕਿ ਬਸਪਾ ਇਕ ਲਹਿਰ ਹੈ ਅਤੇ ਸਿਆਸੀ ਪਾਰਟੀ ਬਾਅਦ ਵਿੱਚ ਹੈ। ਮੈਂ ਦਲਿਤਾਂ, ਦੱਬੇ ਕੁਚਲਿਆਂ ਤੇ ਕਮਜ਼ੋਰਾਂ ਅਤੇ ਮੁਸਲਮਾਨਾਂ ਨੂੰ ਮੈਂਬਰ ਬਣਾਉਣ ਅਤੇ ਪੈਰਾਂ ਸਿਰ ਕਰਨ ਲਈ ਪੂਰਾ ਜੀਵਨ ਲੇਖੇ ਲਾਇਆ ਹੈ। ਮੋਦੀ ਬਸਪਾ ਦੀ ਗਲਤ ਵਿਆਖਿਆ ਕਰ ਰਿਹਾ ਹੈ।  ਦਲਿਤ ਤੇ ਕਮਜ਼ੋਰ ਵਰਗ ਮੈਨੂੰ ਵੱਡੀ ਸੰਪਤੀ ਮੰਨਦੇ ਹਨ। ਪ੍ਰਧਾਨ ਮੰਤਰੀ ਨੇ ਮੈਨੂੰ ਉਨ੍ਹਾਂ ਦੇ ਨਾਂ ਨਰਿੰਦਰ ਦਮੋਦਰਦਾਸ ਮੋਦੀ ਨੂੰ ‘ਮਿਸਟਰ ਨੈਗੇਟਿਵ ਦਲਿਤ ਮੈਨ’ ਕਹਿਣ ਲਈ ਮਜਬੂਰ ਕੀਤਾ ਹੈ।’ ਮੋਦੀ ਨੇ ਅੰਧਵਾ ਵਿਚ ਰੈਲੀ ਦੌਰਾਨ ਵਿਸ਼ਵਾਸ ਨਾਲ ਕਿਹਾ ਕਿ ਭਾਜਪਾ- ਅਪਨਾ ਦਲ ਗੱਠਜੋੜ ਯੂਪੀ ਵਿੱਚ ਅਗਲੀ ਸਰਕਾਰ ਬਣਾਵੇਗਾ ਜਦੋਂ ਕਿ ਸਪਾ, ਕਾਂਗਰਸ ਤੇ ਬਸਪਾ ਤਾਂ ਮਹਿਜ਼ ਆਪਣੀ ਸ਼ਾਖ ਬਚਾਉਣ ਦੀ ਕੋਸ਼ਿਸ਼ ਵਿੱਚ ਹਨ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਨਾਲ ਮਾਲੋ ਮਾਲ ਬੁੰਦੇਲਖੰਡ ਯੂਪੀ ਦੇ ‘ਭਾਗ’ ਬਦਲ ਸਕਦਾ ਹੈ। ਉਨ੍ਹਾਂ ਨੇ ਬੁੰਦੇਲਖੰਡ ਨੂੰ ਗੁਜਰਾਤ ਦੇ ਕੱਚ ਵਿਚ ਤਬਦੀਲ ਕਰਨ ਦਾ ਵਾਅਦਾ ਕੀਤਾ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …