Breaking News
Home / ਕੈਨੇਡਾ / ਮਨੁੱਖੀ ਅਧਿਕਾਰਾਂ ਦੀ ਪਹਿਰੇਦਾਰ ਤੀਸਤਾ ਸੀਤਲਵਾੜ ਸਮੇਤ ਹੋਰਨਾਂ ਸ਼ਖ਼ਸੀਅਤਾਂ ਦੀ ਗ੍ਰਿਫਤਾਰੀ ਦੀ ਪੰਜਾਬੀ ਸਾਹਿਤ ਸਭਾ ਮੁਢਲੀ ਵੱਲੋਂ ਪੁਰਜ਼ੋਰ ਨਿਖੇਧੀ

ਮਨੁੱਖੀ ਅਧਿਕਾਰਾਂ ਦੀ ਪਹਿਰੇਦਾਰ ਤੀਸਤਾ ਸੀਤਲਵਾੜ ਸਮੇਤ ਹੋਰਨਾਂ ਸ਼ਖ਼ਸੀਅਤਾਂ ਦੀ ਗ੍ਰਿਫਤਾਰੀ ਦੀ ਪੰਜਾਬੀ ਸਾਹਿਤ ਸਭਾ ਮੁਢਲੀ ਵੱਲੋਂ ਪੁਰਜ਼ੋਰ ਨਿਖੇਧੀ

ਕਹਾਣੀਕਾਰ ਕੁਲਵੰਤ ਗਿੱਲ ਅਤੇ ਸ਼ਾਇਰ ਤੇ ਪੱਤਰਕਾਰ ਡਾ ਬਲਵਿੰਦਰ ਸਿੰਘ ਕਾਲੀਆ ਨਾਲ ਸਾਹਿਤਕ ਮਿਲਣੀ
ਸਰੀ/ ਡਾ. ਗੁਰਵਿੰਦਰ ਸਿੰਘ : ਪੰਜਾਬੀ ਸਾਹਿਤ ਸਭਾ ਮੁਢਲੀ ਰਜਿਸਟਰਡ ਐਬਸਫੋਰਡ ਵੱਲੋਂ ਗਦਰੀ ਬਾਬਿਆਂ ਦੀ ਚਰਨ ਛੋਹ ਪ੍ਰਾਪਤ ਵਿਰਾਸਤੀ ਗੁਰਦੁਆਰਾ ਸਾਹਿਬ ਦੇ ਕਾਨਫਰੰਸ ਹਾਲ ਵਿਚ ਹੋਈ ਇਕੱਤਰਤਾ ਮੌਕੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ, ਪੱਤਰਕਾਰਾਂ ਲੇਖਕਾਂ ਅਤੇ ਬੁੱਧੀਜੀਵੀਆਂ ਉੱਤੇ ਭਾਰਤੀ ਸਟੇਟ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਦੇ ਖਿਲਾਫ ਮਤੇ ਪਾਸ ਕੀਤੇ ਗਏ। ਬੀਤੇ ਦਿਨੀਂ ਮਨੁੱਖੀ ਅਧਿਕਾਰਾਂ ਦੀ ਪਹਿਰੇਦਾਰ ਤੇ ਬੁਲੰਦ ਆਵਾਜ਼ ਤੀਸਤਾ ਸੀਤਲਵਾੜ ਨੂੰ ਭਾਰਤੀ ਹਕੂਮਤ ਨੇ ਝੂਠੇ ਕੇਸ ਵਿਚ ਜ੍ਹੇਲ ਵਿਚ ਡੱਕ ਦਿੱਤਾ ਹੈ। ਤੀਸਤਾ ਨੇ ਗੁਜਰਾਤ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਆਵਾਜ਼ ਬੁਲੰਦ ਕੀਤੀ ਸੀ ਅਤੇ ਹਕੂਮਤ ਨੂੰ ਵੰਗਾਰਿਆ ਸੀ।
ਪੰਜਾਬੀ ਸਾਹਿਤ ਸਭਾ ਮੁਢਲੀ ਐਬਟਸਫੋਰਡ ਦੇ ਕੋਆਰਡੀਨੇਟਰ ਡਾ. ਗੁਰਵਿੰਦਰ ਸਿੰਘ ਵੱਲੋਂ ਤੀਸਤਾ ਸੀਤਲਵਾੜ ਸਮੇਤ ਹੋਰਨਾਂ ਸ਼ਖ਼ਸੀਅਤਾਂ ਇਰਸ਼ਾਦ ਮੱਟੂ, ਪ੍ਰੋਫੈਸਰ ਜੀ ਐਨ ਸਾਈਂ ਬਾਬਾ, ਬਾਰਬਰਾ ਰਾਓ, ਆਨੰਦ ਤੇਲਤੁੰਬੜੇ, ਗੌਤਮ ਨਵਲੱਖਾ ਅਤੇ ਮੁਹੰਮਦ ਜ਼ੁਬੈਰ ਆਦਿ ‘ਤੇ ਭਾਰਤੀ ਹਕੂਮਤ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਨਾਲ ਮਤੇ ਪੇਸ਼ ਕੀਤੇ ਗਏ, ਜੋ ਕਿ ਸਰਬਸੰਮਤੀ ਨਾਲ ਪਾਸ ਕੀਤੇ ਗਏ।
ਇਸ ਮੌਕੇ ‘ਤੇ ਸਭਾ ਵੱਲੋਂ ਸੱਦਾ ਦਿੱਤਾ ਗਿਆ ਹੈ ਕਿ ਬਦਲਾਖੋਰੀ ਦੇ ਤਹਿਤ ਕੀਤੀ ਗਈ ਇਸ ਧੱਕੇਸ਼ਾਹੀ ਦਾ ਵਿਰੋਧ ਕਰਦਿਆਂ ਤੀਸਤਾ ਸੀਤਲਵਾੜ ਵਰਗੀ ਮਹਾਨ ਚਿੰਤਕ ਸਮੇਤ ਸਮੂਹ ਸ਼ਖਸੀਅਤਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ ਜਾਵੇ। ਤੀਸਤਾ ਸੀਤਲਾਵਾੜ ਲਗਾਤਾਰ ਮੋਦੀ ਸਰਕਾਰ ਅਤੇ ਭਾਰਤ ਦੀਆਂ ਹਿੰਦੂਤਵੀ ਤਾਕਤਾਂ ਦੇ ਜਬਰ ਖ਼ਿਲਾਫ਼ ਬੋਲਦੀ ਅਤੇ ਲਿਖਦੀ ਰਹੀ ਹੈ। ਇਸ ਦੌਰਾਨ ਉਹ 2018 ਨੂੰ ਕੈਨੇਡਾ ਵਿੱਚ ਪੰਜਾਬੀ ਸਾਹਿਤ ਸਭਾ ਮੁੱਢਲੀ ਰਜਿਸਟਰਡ ਦੇ ਸੱਦੇ ‘ਤੇ ਖਾਲਸਾ ਦੀਵਾਨ ਸੁਸਾਇਟੀ, ਗੁਰਦੁਆਰਾ ਹੈਰੀਟੇਜ ਐਬਸਫੋਰਡ ਪੁੱਜੀ ਸੀ, ਜਿੱਥੇ ਉਸ ਨੇ 21 ਅਪ੍ਰੈਲ 1913 ਨੂੰ ਸਥਾਪਤ ਹੋਈ ਗਦਰ ਪਾਰਟੀ, ਮੌਜੂਦਾ ਸਮੇਂ ਭਾਰਤ ਦੇ ਫਾਸ਼ੀਵਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਅਤੇ ਘੱਟ ਗਿਣਤੀਆਂ ‘ਤੇ ਹੋ ਰਹੇ ਵਿਉਂਤਬੰਦ ਢੰਗ ਨਾਲ ਹਮਲਿਆਂ, ਬਾਰੇ ਸੰਗਤਾਂ ਨੂੰ ਸੰਬੋਧਨ ਕੀਤਾ ਸੀ। ਇਸ ਮੌਕੇ ‘ਤੇ ਤੀਸਤਾ ਸੀਤਲਵਾੜ ਨੂੰ ਪੰਜਾਬੀ ਸਾਹਿਤ ਸਭਾ ਮੁੱਢਲੀ ਅਤੇ ਖਾਲਸਾ ਦੀਵਾਨ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਸੀ।
ਪੰਜਾਬੀ ਸਾਹਿਤ ਸਭਾ ਮੁੱਢਲੀ ਦੇ ਸਮਾਗਮ ਦੇ ਦੂਸਰੇ ਹਿੱਸੇ ਵਿੱਚ ਪੰਜਾਬ ਤੋਂ ਪਹੁੰਚੀਆਂ ਸਾਹਿਤਕ ਸ਼ਖ਼ਸੀਅਤਾਂ ਕਹਾਣੀਕਾਰ ਕੁਲਵੰਤ ਗਿੱਲ ਤੇ ਸ਼ਾਇਰ ਅਤੇ ਪੱਤਰਕਾਰ ਡਾ. ਬਲਵਿੰਦਰ ਸਿੰਘ ਕਾਲੀਆ ਨਾਲ ਸਾਹਿਤਕ ਮਿਲਣੀ ਕੀਤੀ ਗਈ। ਕਹਾਣੀਕਾਰ ਕੁਲਵੰਤ ਗਿੱਲ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਰੋਸ਼ਨੀ ਪਾਈ ਅਤੇ ਆਪਣੇ ਕਹਾਣੀ ਸੰਗ੍ਰਹਿ ‘ਅੰਤਰ ਲੀਲ੍ਹਾ’, ‘ਘੋਰੜੂ ਤੇ ਦਾਦੇ ਮਗੌਣਾ’ ਬਾਰੇ ਵਿਸ਼ੇਸ਼ ਜ਼ਿਕਰ ਕੀਤਾ।
ਉਨ੍ਹਾਂ ਆਪਣੀਆਂ ਕਹਾਣੀਆਂ ਦੇ ਸਰੋਕਾਰਾਂ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਸਥਾਪਤੀ ਖ਼ਿਲਾਫ਼ ਆਵਾਜ ਬੁਲੰਦ ਕਰਨਾ ਉਨ੍ਹਾਂ ਦਾ ਮੁੱਖ ਕਦਮ ਰਿਹਾ ਹੈ। ਕੁਲਵੰਤ ਗਿੱਲ ਨੇ ਪੰਜਾਬੀ ਸਾਹਿਤ ਖੇਤਰ ਵਿੱਚ ਵਧ ਰਹੇ ਸਾਹਿਤ ਮਾਫੀਏ ਦੇ ਪ੍ਰਭਾਵ ਤੇ ਵੀ ਚਿੰਤਾ ਦਾ ਇਜ਼ਹਾਰ ਕੀਤਾ। ਕਹਾਣੀਕਾਰ ਕੁਲਵੰਤ ਗਿੱਲ ਦੀ ਸੁਪਤਨੀ ਅਤੇ ਸੂਫੀਆਨਾ ਅੰਦਾਜ਼ ਵਿੱਚ ਗੀਤਕਾਰੀ ਤੇ ਗਾਇਕੀ ਦੀ ਮੁਹਾਰਤ ਰੱਖਣ ਵਾਲੀ ਬੀਬੀ ਸੁਖਰਾਜ ਸੁਖਨ ਨੇ ਆਪਣੀ ਲਿਖਤ ਦੀ ਤਰੰਨਮ ‘ਚ ਸਾਂਝ ਪਾਉਂਦਿਆਂ ਸਰੋਤਿਆਂ ਨੂੰ ਕੀਲ ਲਿਆ। ਸਮਾਗਮ ਵਿਚ ਪੰਜਾਬ ਤੋਂ ਪਹੁੰਚੇ ਸ਼ਾਇਰ, ਪੱਤਰਕਾਰ ਅਤੇ ਬਾਲ ਸਾਹਿਤਕਾਰ ਡਾ ਬਲਵਿੰਦਰ ਸਿੰਘ ਕਾਲੀਆ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਕਾਵਿ ਸੰਗ੍ਰਿਹਾਂ ਜਿੰਦੇ ਮੇਰੀਏ, ਹੇ ਬਾਬਲਾ ਅਤੇ ਮਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਦੀ ਲੋੜ ਨੂੰ ਮੁੱਖ ਰੱਖਦਿਆਂ ‘ਅੱਖਰ ਮਾਲਾ’ ਸਮੇਤ ਲਿਖੀਆਂ ਕੁਝ ਪੁਸਤਕਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਨਵੀਂ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਲਈ ਸਰਲ ਸੁਖੈਨ ਕਿਤਾਬਾਂ ਦੀ ਜ਼ਰੂਰਤ ਹੈ।
ਇਸ ਸਾਹਿਤਕ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਕੈਨੇਡਾ ਦੀ ਧਰਤੀ ‘ਤੇ ਪੰਜਾਬੀ ਕਾਵਿ ਖੇਤਰ ਦੇ ਸਮਰੱਥ, ਪਰ ਅਣਗੌਲੀ ਸ਼ਖ਼ਸੀਅਤ ਦਵਿੰਦਰ ਸਿੰਘ ਪੂਨੀਆ ਨੇ ਮਨ ਦੇ ਵਲਵਲੇ ਸਾਂਝੇ ਕੀਤੇ। ਦਸ ਕਾਵਿ ਸੰਗ੍ਰਹਿ ਰਚੇੈਤਾ ਦਵਿੰਦਰ ਸਿੰਘ ਪੂਨੀਆ ਨੇ ਪੰਜਾਬੀ ਸ਼ਾਇਰੀ ਦੇ ਖੇਤਰ ਵਿੱਚ ਲਗਾਤਾਰ ਵਧ ਰਹੇ ਅਸਾਹਿਤਕ ਸਿਆਸੀ ਪ੍ਰਭਾਵ ਨੂੰ ਅਤਿ ਨੁਕਸਾਨਦੇਹ ਕਰਾਰ ਦਿੰਦਿਆਂ, ਇਸ ਤੋਂ ਮੁਕਤ ਹੋਣ ਦਾ ਸੱਦਾ ਦਿੱਤਾ। ਉੱਭਰ ਰਹੇ ਕਵੀ ਗੁਰਵਿੰਦਰ ਸਿੰਘ ਸੰਧੂ ਕੋਟਲਾ ਅਜਨੇਰ ਨੇ ਬਾਬਰੀ ਮਸਜਿਦ ਢਾਹੁਣ ਮਗਰੋਂ ਉਸਾਰੇ ਗਏ ਰਾਮ ਮੰਦਰ ਦੇ ਵਿਸ਼ੇ ‘ਤੇ ਕੱਟੜਵਾਦ ਖਿਲਾਫ ਆਪਣੀ ਕਵਿਤਾ ਕਿਤਾਬ ਤੇਰਾ ਰੰਗ ਚੜ੍ਹਿਆ ਵਿੱਚੋਂ ਸਾਂਝੀ ਕੀਤੀ ਅਤੇ ਵਾਹ ਵਾਹ ਖੱਟੀ। ਜਾਣੇ ਪਛਾਣੇ ਸਾਹਿਤਕਾਰ ਮਹਿਮਾ ਸਿੰਘ ਤੂਰ ਹਲਵਾਰਵੀ ਨੇ ਸਮਾਗਮ ਵਿਚ ਦੋਹੇ ਸੁਣਾਉਂਦਿਆਂ ਮੌਜੂਦਾ ਸਿਆਸੀ, ਸਮਾਜਿਕ ਅਤੇ ਸੱਭਿਆਚਾਰਕ ਹਾਲਾਤ ‘ਤੇ ਟਿੱਪਣੀਆਂ ਕੀਤੀਆਂ।
ਸਾਹਿਤ ਪ੍ਰੇਮੀ ਅਤੇ ਵਿਚਾਰਵਾਨ ਦਿਲਬਾਗ ਸਿੰਘ ਅਖਾੜਾ ਨੇ ਪੰਜਾਬ ਦੀ ਜਵਾਨੀ ਨੂੰ ਕਲਾਕਾਰਾਂ ਵੱਲੋਂ ਬਦਨਾਮ ਕਰਨ ‘ਤੇ ਦੁੱਖ ਪ੍ਰਗਟਾਉਂਦਿਆਂ, ਆਪਣੀਆਂ ਕਾਵਿ ਸਤਰਾਂ ਰਾਹੀਂ ਹਲੂਣੇ ਦਿੱਤੇ। ਕੈਨੇਡਾ ਦੇ ਦਿਹਾੜੇ ਨੂੰ ਸਮਰਪਤ ਕਾਵਿ ਰਚਨਾ ਰਾਹੀਂ ਮੁਲਖ ਰਾਜ ਬਜਾਜ ਪ੍ਰੇਮੀ ਨੇ ਕੈਨੇਡਾ ਦੀਆਂ ਵਿਸ਼ੇਸ਼ਤਾਵਾਂ ‘ਤੇ ਰੌਸ਼ਨੀ ਪਾਈ। ਅਖ਼ੀਰ ਵਿਚ ਪੰਜਾਬੀ ਸਾਹਿਤ ਸਭਾ ਮੁੱਢਲੀ ਦੇ ਸਕੱਤਰ ਸੁਰਜੀਤ ਸਿੰਘ ਸਹੋਤਾ ਨੇ ਮਹਿਮਾਨ ਸ਼ਖਸੀਅਤਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਕਹਾਣੀਕਾਰ ਕੁਲਵੰਤ ਗਿੱਲ ਅਤੇ ਪੱਤਰਕਾਰ ਤੇ ਸ਼ਾਇਰ ਡਾ ਬਲਵਿੰਦਰ ਸਿੰਘ ਕਾਲੀਆ ਨੂੰ ਸਭਾ ਵੱਲੋਂ ਸਨਮਾਨ ਪੱਤਰ ਭੇਟ ਕੀਤੇ ਗਏ। ਇਸ ਮੌਕੇ ‘ਤੇ ਪੰਜਾਬੀ ਸਾਹਿਤ ਸਭਾ ਮੁੱਢਲੀ ਦੇ ਮੈਂਬਰ ਪੱਤਰਕਾਰ ਡਾ ਸੁਖਮਿੰਦਰ ਸਿੰਘ ਬਰਾੜ ਭਗਤਾ ਭਾਈ ਕਾ, ਜਗਰੂਪ ਸਿੰਘ ਗਿੱਲ ਅਤੇ ਕਈ ਹੋਰ ਨਾਮਵਰ ਸ਼ਖ਼ਸੀਅਤਾਂ ਸ਼ਾਮਿਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …