7.9 C
Toronto
Wednesday, October 29, 2025
spot_img
Homeਕੈਨੇਡਾਗਿਆਨ ਸਿੰਘ ਸੰਧੂ ਦੀਆਂ ਸ਼ਾਹਮੁਖੀ 'ਚ ਪ੍ਰਕਾਸ਼ਿਤ ਦੋ ਪੁਸਤਕਾਂ ਦਾ ਲੋਕ ਅਰਪਣ...

ਗਿਆਨ ਸਿੰਘ ਸੰਧੂ ਦੀਆਂ ਸ਼ਾਹਮੁਖੀ ‘ਚ ਪ੍ਰਕਾਸ਼ਿਤ ਦੋ ਪੁਸਤਕਾਂ ਦਾ ਲੋਕ ਅਰਪਣ ਸਮਾਗਮ

ਸਰੀ : ਉੱਘੇ ਸਿੱਖ ਵਿਦਵਾਨ ਗਿਆਨ ਸਿੰਘ ਸੰਧੂ ਦੀਆਂ ਪੁਸਤਕਾਂ ‘ਅਣਗਾਹੇ ਰਾਹ’ ਦੇ ਗੁਰਮੁਖੀ ਅਤੇ ਸ਼ਾਹਮੁਖੀ ਐਡੀਸ਼ਨ ਅਤੇ ’20 ਮਿੰਟਾਂ ਵਿਚ ਸਿੱਖ ਧਰਮ ਬਾਰੇ ਜਾਣਕਾਰੀ’ ਦੇ ਅੰਗਰੇਜ਼ੀ ਅਤੇ ਸ਼ਾਹਮੁਖੀ ਐਡੀਸ਼ਨ ਉਪਰ ਵਿਚਾਰ ਚਰਚਾ ਕਰਨ ਲਈ ਭਲਾਈ ਫਾਊਂਡੇਸ਼ਨ ਵੱਲੋਂ ਸਰੀ ਸੈਂਟਰਲ ਲਾਇਬਰੇਰੀ ਵਿਚ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿਧ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਸਾਬਕਾ (ਮੁਖੀ ਧਾਰਮਿਕ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ), ਸਿੱਖ ਵਿਦਵਾਨ ਅਤੇ ਚਿੰਤਕ ਜੈਤੇਗ ਸਿੰਘ ਅਨੰਤ, ਗਿਆਨ ਸਿੰਘ ਸੰਧੂ ਅਤੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਕੀਤੀ। ਸਮਾਰੋਹ ਦੇ ਆਗਾਜ਼ ਵਿਚ ਡਾ. ਕਮਲਜੀਤ ਕੌਰ ਸਿੱਧੂ ਨੇ ਸਭ ਨੂੰ ਜੀ ਆਇਆਂ ਕਿਹਾ। ਫਿਰ ਚਾਰ ਪਾਕਿਸਤਾਨੀ ਵਿਦਵਾਨਾਂ ਪ੍ਰੋ ਆਸ਼ਿਕ ਰਹੀਲ, ਡਾ ਨਬੀਲਾ ਰਹਿਮਾਨ, ਪ੍ਰੋ ਅਹਿਸਾਨ ਬਾਜਵਾ ਤੇ ਡਾ. ਰਬਾਬ ਵਿਰਕ ਵੱਲੋਂ ਦੋਹਾਂ ਪੁਸਤਕਾਂ ਬਾਰੇ ਪ੍ਰਗਟ ਕੀਤੇ ਵਿਚਾਰ ਵੀਡੀਓ ਰਾਹੀਂ ਪ੍ਰਦਰਸ਼ਿਤ ਕੀਤੇ ਗਏ। ਲਹਿੰਦੇ ਪੰਜਾਬ ਦੇ ਨਾਮਵਰ ਵਿਦਵਾਨਾਂ ਡਾ. ਇਬਾਦ ਨਬੀਲ ਸ਼ਾਦ, ਜ਼ਾਹਿਦ ਹੁਸੈਨ ਅਤੇ ਡਾ. ਇਕਬਾਲ ਕੈਸਰ ਵੱਲੋ ਇਨ੍ਹਾਂ ਪੁਸਤਕਾਂ ਉਪਰ ਲਿਖੇ ਗਏ ਪਰਚੇ ਸੁਰਿੰਦਰ ਸਿੰਘ ਜੱਬਲ, ਲਖਬੀਰ ਸਿੰਘ ਖੰਘੂੜਾ ਅਤੇ ਹਰਦਮ ਸਿੰਘ ਮਾਨ ਵੱਲੋਂ ਪੜ੍ਹੇ ਗਏ। ਇਨ੍ਹਾਂ ਵਿਦਵਾਨਾਂ ਅਨੁਸਾਰ ਇਹ ਪੁਸਤਕ ਕੈਨੇਡੀਅਨ ਪਰਵਾਸੀ ਜੀਵਨ ਦੀ ਗਾਥਾ ਹੈ। ਜਿਨ੍ਹਾਂ ਨੇ ਪਰਾਈ ਧਰਤੀ ‘ਤੇ ਵੀ ਬੜੀ ਖ਼ੂਬਸੁਰਤੀ ਨਾਲ ਮਨੁੱਖੀ ਕਦਰਾਂ ਕੀਮਤਾਂ ਤੇ ਹੱਕਾਂ ਲਈ ਲੰਮਾ ਸੰਘਰਸ਼ ਕੀਤਾ ਹੈ। ਇਸ ਵਿਚ ਸੂਝਵਾਨ ਲੇਖਕ ਨੇ ਬੜੀ ਸਿਆਣਪ ਤੇ ਦੂਰ ਅੰਦੇਸ਼ੀ ਨਾਲ ਸਮੇਂ ਦੇ ਸੱਚ ਨੂੰ ਪ੍ਰਗਟਾਉਣ ਦਾ ਸਫਲ ਯਤਨ ਕੀਤਾ ਹੈ।
ਨਾਮਵਰ ਚਿੰਤਕ ਜੈਤੇਗ ਸਿੰਘ ਅਨੰਤ ਨੇ ਗਿਆਨ ਸਿੰਘ ਸੰਧੂ ਦੀ ਸ਼ਖਸੀਅਤ ਬਾਰੇ ਬੋਲਦਿਆਂ ਕਿਹਾ ਕਿ ਗਿਆਨ ਸਿੰਘ ਸੰਧੂ ਕਿਸੇ ਵਿਅਕਤੀ ਦਾ ਨਾਓਂ ਨਹੀਂ ਸਗੋਂ ਉਹ ਆਪਣੇ ਆਪ ਵਿਚ ਇਕ ਸੰਸਥਾ ਹਨ। ਉਹ ਇਕ ਸਫਲ ਉਦਯੋਗਪਤੀ ਅਤੇ ਸਮਾਜ-ਸੇਵੀ ਹਨ। ਕੈਨੇਡਾ ਦੇ ਸਿੱਖਾਂ ਦੀ ਪ੍ਰਮੁੱਖ ਸੰਸਥਾ ”ਵਰਲਡ ਸਿੱਖ ਆਰਗੇਨਾਈਜ਼ੇਸ਼ਨ” ਦੇ ਬਾਨੀ ਪ੍ਰਧਾਨ ਹਨ ਅਤੇ ‘ਭਲਾਈ’ ਫਾਊਂਡੇਸ਼ਨ ਦੇ ਰੂਹੇ-ਰਵਾਂ ਹਨ। ਉਹ ਪਿਛਲੇ ਕਈ ਦਹਾਕਿਆਂ ਤੋਂ ਕੈਨੇਡੀਅਨ ਸਿੱਖ ਭਾਈਚਾਰੇ ਅੱਗੇ ਦਰਪੇਸ਼ ਵੱਡੀਆਂ ਰਾਜਨੀਤਕ, ਸਮਾਜਿਕ, ਧਾਰਮਿਕ, ਭਾਈਚਾਰਕ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਸੰਘਰਸ਼ਸ਼ੀਲ ਯੋਧਾ ਹਨ। ਉਹ ਕੈਨੇਡੀਅਨ ਭਾਈਚਾਰੇ ਦੀ ਬੁਲੰਦ ਆਵਾਜ਼ ਤੇ ਸਿੱਖਾਂ ਦੇ ਦਿਲਾਂ ਦੀ ਧੜਕਣ ਹਨ। ਉਨ੍ਹਾਂ ਦੋਹਾਂ ਪੁਸਤਕਾਂ ਬਾਰੇ ਵੀ ਆਪਣੇ ਵਿਚਾਰ ਰੱਖੇ ਅਤੇ ਇਨ੍ਹਾਂ ਪੁਸਤਕਾਂ ਦੀ ਲਹਿੰਦੇ ਪੰਜਾਬ ਵਿਚ ਹੋਈ ਚਰਚਾ ਦਾ ਜ਼ਿਕਰ ਕੀਤਾ।
ਮੈਂਬਰ ਪਾਰਲਮੈਂਟ ਸੁਖ ਧਾਲੀਵਾਲ ਨੇ ਇਨ੍ਹਾਂ ਪੁਸਤਕਾਂ ਲਈ ਗਿਆਨ ਸਿੰਘ ਸੰਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗਿਆਨ ਸਿੰਘ ਸੰਧੂ ਪੰਜਾਬੀ ਭਾਈਚਾਰੇ ਦੀ ਬਹੁਤ ਵੱਡੀ ਹਸਤੀ ਹਨ ਅਤੇ ਉਹ ਅਕਸਰ ਸੰਧੂ ਪਾਸੋਂ ਯੋਗ ਅਗਵਾਈ ਹਾਸਲ ਕਰਦੇ ਹਨ।
ਇਸ ਮੌਕੇ ਦੋਵੇਂ ਪੁਸਤਕਾਂ ਲੋਕ ਅਰਪਿਤ ਕੀਤੀਆਂ ਗਈਆਂ ਅਤੇ ਭਲਾਈ ਫਾਊਂਡੇਸ਼ਨ ਵੱਲੋਂ ਇਨ੍ਹਾਂ ਕਿਤਾਬਾਂ ਨੂੰ ਸ਼ਾਹਮੁਖੀ ਰੂਪ ਦੁਆਉਣ ਵਿਚ ਪ੍ਰਮੁੱਖ ਭੂਮਿਕਾ ਨਿਭਾਉਣ ਅਤੇ ਇਸ ਸਮਾਗਮ ਦੀ ਵਿਉਂਤਬੰਦੀ ਕਰਨ ਵਾਲੇ ਜੈਤੇਗ ਸਿੰਘ ਅਨੰਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਫਾਊੱਡੇਸ਼ਨ ਵੱਲੋਂ ਡਾ. ਬਲਕਾਰ ਸਿੰਘ ਦਾ ਵੀ ਸਨਮਾਨ ਕੀਤਾ ਗਿਆ ਅਤੇ ਗੁਰਦੀਪ ਸਿੰਘ ਸੰਧੂ ਤੇ ਅੰਮ੍ਰਿਤਾ ਕੌਰ ਸੰਧੂ, ਸਾਬਕਾ ਡਿਪਲੋਮੈਟ ਭੁਪਿੰਦਰ ਸਿੰਘ ਲੱਧੜ, ਸੁਰਿੰਦਰ ਸਿੰਘ ਜੱਬਲ, ਸੁਖਵਿੰਦਰ ਸਿੰਘ ਚੋਹਲਾ, ਲਖਵੀਰ ਸਿੰਘ ਖੰਗੂਰਾ, ਜਰਨੈਲ ਸਿੰਘ ਸਿੱਧੂ ਅਤੇ ਹਰਦਮ ਸਿੰਘ ਮਾਨ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ ਸੰਧੂ ਸਾਬਕਾ ਐਮ ਪੀ, ਡਾ ਪ੍ਰਿਥੀਪਾਲ ਸਿੰਘ ਸੋਹੀ, ਨਿਧੜਕ ਸਿੰਘ ਬਰਾੜ, ਬਲਬੀਰ ਸਿੰਘ ਨਿੱਝਰ, ਅਮਰਜੀਤ ਸਿੰਘ ਖਹਿਰਾ, ਗੁਰਮੀਤ ਸਿੰਘ ਧਾਲੀਵਾਲ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

 

RELATED ARTICLES

ਗ਼ਜ਼ਲ

POPULAR POSTS