ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦੋ ਸਾਲਾਂ ਦੀ ਲੰਮੀ ਚੁੱਪ ਤੋਂ ਬਾਅਦ ਕੰਸਰਵੇਟਿਵ ਲੀਡਰ ਐਂਡਰਿਊ ਸ਼ੀਅਰ ਨੇ ਅਖ਼ੀਰ ਸਿਹਤ ਸੰਭਾਲ (ਹੈੱਲਥ ਕੇਅਰ) ਬਾਰੇ ਆਪਣੀ ਪਲੈਨ ਦੇ ਸਬੰਧ ਵਿਚ ਬੋਲਣ ਦਾ ਫ਼ੈਸਲਾ ਕੀਤਾ ਹੈ। ਪ੍ਰੰਤੂ, ਬਦਕਿਸਮਤੀ ਨਾਲ ਸ਼ੀਅਰ ਦੀ ਇਹ ਪਲੈਨ ਓਨਟਾਰੀਓ ਦੇ ਪ੍ਰੀਮੀਅਰ ਫ਼ੋਰਡ ਦੇ ਕਦਮ-ਚਿੰਨ੍ਹਾਂ ‘ਤੇ ਹੀ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਸ਼ੀਅਰ ਨੇ ਸਾਰੇ ਪ੍ਰੀਮੀਅਰਾਂ ਨੂੰ ਇਕ ਚਿੱਠੀ ਲਿਖੀ ਹੈ ਜਿਸ ਵਿਚ ਉਸ ਨੇ ਉਨ੍ਹਾਂ ਨੂੰ ਹੋਮ ਕੇਅਰ ਅਤੇ ਮੈਂਟਲ ਹੈੱਲਥ ਲਈ ਫ਼ੰਡਿੰਗ ਨੂੰ ਕੱਟ ਲਗਾਉਣ ਲਈ ਕਿਹਾ ਹੈ। ਇਸ ਦੇ ਜੁਆਬ ਵਿਚ ਇਕ ਚਿੱਠੀ ਰਾਹੀਂ ਕੈਨੇਡਾ ਦੇ ਵਿੱਤ ਮੰਤਰੀ ਮਾਣਯੋਗ ਬਿਲ ਮੌਰਨਿਊ ਨੇ ਦੱਸਿਆ ਕਿ ਇਹ ਚਿੱਠੀ ਦੋ ਪੱਖਾਂ ਤੋਂ ਚਿੰਤਾਜਨਕ ਅਤੇ ਭੁਲੇਖਾਪਾਊ ਹੈ। ਇੰਜ, ਕੰਸਰਵੇਟਿਵ ਕੈਨੇਡਾ-ਵਾਸੀਆਂ ਨੂੰ ਭੰਬਲਭੂਸੇ ਵਿਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਇਸ ਤਰ੍ਹਾਂ ਉਨ੍ਹਾਂ ਵੱਲੋਂ ਹੈੱਲਥ-ਕੇਅਰ ਸੇਵਾਵਾਂ ਵਿਚ ਕਈ ਤਰ੍ਹਾਂ ਦੀਆਂ ਕੱਟਾਂ ਲਗਾਈਆਂ ਜਾਣਗੀਆਂ। ਪਹਿਲੀ ਗੱਲ ਤਾਂ ਇਸ ਚਿੱਠੀ ਵਿਚ ਕੈਨੇਡਾ ਦੀ ਕੰਸਰਵੇਟਿਵ ਪਾਰਟੀ ਵੱਲੋਂ ਐਂਡਰਿਊ ਸ਼ੀਅਰ ਦੀ ਅਗਵਾਈ ਵਿਚ ਕੈਨੇਡਾ ਹੈੱਲਥ ਟ੍ਰਾਂਸਫ਼ਰ ਹੇਠ ਵੱਖ-ਵੱਖ ਪ੍ਰੋਵਿੰਸਾਂ ਅਤੇ ਟੈਰੀਟਰੀਆਂ ਨੂੰ ਪੇਮੈਂਟਾਂ ਟ੍ਰਾਂਸਫ਼ਰ ਕਰਨ ਲਈ ਵਰਤਮਾਨ ਫ਼ਾਰਮੂਲੇ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਗਿਆ ਹੈ। ਦੂਸਰੀ ਅਹਿਮ ਗੱਲ ਇਹ ਕਿ ਇਸ ਚਿੱਠੀ ਵਿਚ ਮੌਜੂਦਾ ਫ਼ਾਰਮੂਲੇ ਦੀ ਬਜਾਏ ਕੰਸਰਵੇਟਿਵਾਂ ਵੱਲੋਂ ਘੱਟੋ-ਘੱਟ 3 ਫੀਸਦੀ ਵਾਧੇ ਦਾ ਹੀ ਵਾਅਦਾ ਕੀਤਾ ਗਿਆ ਹੈ। ਇਸ ਤਰ੍ਹਾਂ ਕੰਸਰਵੇਟਿਵਾਂ ਵੱਲੋਂ ਭਵਿੱਖ ਵਿਚ ਹੈੱਲਥ ਸਬੰਧੀ ਕਈ ਕੱਟ ਲਗਾਏ ਜਾਣ ਦੀ ਸੰਭਾਵਨਾ ਹੈ, ਜਦਕਿ ਫ਼ੈੱਡਰਲ ਲਿਬਰਲ ਸਰਕਾਰ ਦੁਆਰਾ ਆਉਂਦੇ 10 ਸਾਲਾਂ ਲਈ ਕੈਨੇਡਾ ਹੈੱਲਥ ਟ੍ਰਾਂਸਫ਼ਰ ਅਤੇ ਨਵੇਂ ਹੈੱਲਥ ਐਕੌਰਡ ਵਿਚਕਾਰ ਹੈੱਲਥਕੇਅਰ ਦੀ ਸਾਲ 2020-21 ਪਲੈਨ ਲਈ ਫ਼ੰਡਿੰਗ 4.1 ਫੀਸਦੀ ਤੀਕ ਵੱਧਣ ਦੀ ਆਸ ਹੈ। ਬਦਕਿਸਮਤੀ ਨਾਲ ਜੇਕਰ ਕੰਸਰਵੇਟਿਵਾਂ ਦਾ ਇਹ ਵਾਅਦਾ ਸੱਚ ਮੰਨ ਲਿਆ ਜਾਏ ਤਾਂ ਉਨ੍ਹਾਂ ਦੀ ਇਸ ਪਲੈਨ ਮੁਤਾਬਿਕ ਅਗਲੇ ਦੋ ਸਾਲਾਂ ਵਿਚ ਸਿਹਤ ਸਬੰਧੀ ਸੇਵਾਵਾਂ ਲਈ ਲੱਗਭੱਗ 3 ਬਿਲੀਅਨ ਡਾਲਰਾਂ ਦੇ ਕੱਟ ਲਗਾਉਣੇ ਪੈਣਗੇ। ਇਹ ਅਤਿਅੰਤ ਮਾੜੀ ਗੱਲ ਹੈ ਕਿ ਕੰਸਰਵੇਟਿਵ ਇਕ ਵਾਰ ਫਿਰ ਦੇਸ਼ ਦੇ ਨਾਗਰਿਕਾਂ ਦੀ ਸਿਹਤ ਨਾਲ ਸਿਆਸਤ ਕਰ ਰਹੇ ਹਨ।
ਇਸ ਤੋਂ ਪਹਿਲਾਂ ਓਨਟਾਰੀਓ ਦੇ ਪ੍ਰੀਮੀਅਰ ਡੱਗ ਫ਼ੋਰਡ ਵੱਲੋਂ ਸੂਬੇ ਵਿਚ ਸਿਹਤ ਦੇ ਬੱਜਟ ਉੱਪਰ ਭਾਰੀ ਕੱਟ ਲਗਾਏ ਗਏ ਹਨ। ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇਸ ਦੇ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਕਿ ਸਮੁੱਚੀ ਲਿਬਰਲ ਸਰਕਾਰ ਸਾਰੇ ਕੈਨੇਡਾ-ਵਾਸੀਆਂ ਦੀ ਸਿਹਤ ਲਈ ਵਚਨਬੱਧ ਹੈ ਅਤੇ ਕੰਸਰਵੇਟਿਵਾਂ ਦੀਆਂ ਅਜਿਹੀਆਂ ਨੁਕਸਾਨਦਾਇਕ ਪਲੈਨਾਂ ਦਾ ਡੱਟ ਕੇ ਮੁਕਾਬਲਾ ਕਰੇਗੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …