Breaking News
Home / ਕੈਨੇਡਾ / ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ‘ਕੈਨੇਡਾ-ਡੇਅ’ ਮਨਾਇਆ

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ‘ਕੈਨੇਡਾ-ਡੇਅ’ ਮਨਾਇਆ

ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 28 ਜੁਲਾਈ ਨੂੰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਸ਼ਾਅ ਪਬਲਿਕ ਸਕੂਲ ਦੇ ਜਿੰਮ ਹਾਲ ਵਿਚ ‘ਕੈਨੇਡਾ-ਡੇਅ’ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਸਾਰੇ ਹਾਲ ਨੂੰ ਕੈਨੇਡਾ ਦੇ ਰਾਸ਼ਟਰੀ ਝੰਡਿਆਂ ਨਾਲ ਸਜਾਇਆ ਗਿਆ ਅਤੇ ਇਸ ਸਮਾਗ਼ਮ ਦੀ ਪ੍ਰਧਾਨਗੀ ਕਮਿਊਨਿਟੀ ਦੇ ਉੱਘੇ ਵਿਦਵਾਨ ਪ੍ਰਿੰਸੀਪਲ ਰਾਮ ਸਿੰਘ ਵੱਲੋਂ ਕੀਤੀ ਗਈ।
ਸਮਾਗ਼ਮ ਦੀ ਸ਼ੁਰੂਆਤ ਰਾਸ਼ਟਰੀ ਗੀਤ ‘ਓ ਕੈਨੇਡਾ’ ਨਾਲ ਕੀਤੀ ਗਈ। ਖ਼ਚਾਖੱਚ ਭਰੇ ਹਾਲ ਵਿਚ ਪਹੁੰਚੇ ਬੁਲਾਰਿਆਂ ਵਿਚ ਸ਼ਾਮਲ ਐੱਮ.ਪੀ.ਪੀ.ਗੁਰਰਤਨ ਸਿੰਘ, ਵਾਰਡ 9-10 ਤੋਂ ਰਿਜਨਲ ਕਾਊਂਸਲ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕਾਊਂਸਲਰ ਉਮੀਦਵਾਰ ਹਰਕੀਰਤ ਸਿੰਘ, ਸਕੂਲ-ਟਰੱਸਟੀ ਉਮੀਦਵਾਰ ਸੱਤਪਾਲ ਜੌਹਲ ਤੇ ਬੀਬੀ ਬਲਬੀਰ ਸੋਹੀ, ਪ੍ਰੋ. ਨਿਰਮਲ ਸਿੰਘ ਧਾਰਨੀ ਅਤੇ ਵੱਖ-ਵੱਖ ਸੀਨੀਅਰਜ਼ ਕਲੱਬਾਂ ਦੇ ਅਹੁਦੇਦਾਰਾਂ ਨੇ ਹਾਜ਼ਰੀਨ ਨਾਲ ‘ਕੈਨੇਡਾ-ਡੇਅ’ ਦੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਇੱਥੇ ਵਿਚਰ ਰਹੀਆਂ ਕਮਿਊਨਿਟੀਆਂ ਨਾਲ ਮਿਲ-ਜੁਲ ਕੇ ਕੈਨੇਡਾ ਦੀ ਤਰੱਕੀ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਵੱਖ-ਵੱਖ ਬੁਲਾਰਿਆਂ ਵੱਲੋਂ ਇਸ ਸੁਚੱਜੇ ਸਮਾਗ਼ਮ ਦੀ ਸ਼ਲਾਘਾ ਕੀਤੀ ਗਈ।
ਸਮਾਗ਼ਮ ਵਿਚ ਬੀਬੀ ਰੁਪਿੰਦਰ ਰਿੰਪੀ ਨੇ ਆਪਣੀ ਸੁਰੀਲੀ ਆਵਾਜ਼ ਵਿਚ ਦੋ ਮਿਆਰੀ ਸਭਿਆਚਾਰਕ ਗੀਤ ਪਾ ਕੇ ਸਾਂਝ ਪਾਈ। ਗੁਰਦੇਵ ਸਿੰਘ ਰੱਖੜਾ ਨੇ ਧਾਰਮਿਕ ਕਵਿਤਾਵਾਂ ਨਾਲ ਲੋਕਾਂ ਦਾ ਮਨ ਮੋਹ ਲਿਆ।
ਪ੍ਰਿੰਸੀਪਲ ਰਾਮ ਸਿੰਘ ਨੇ ਆਪਣੇ ਸੰਬੋਧਨ ਵਿਚ ਹਾਜ਼ਰੀਨ ਨੂੰ ਕੈਨੇਡਾ ਡੇਅ ਦੀਆਂ ਵਧਾਈਆਂ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਸੁਚੱਜੀ ਜੀਵਨ-ਜਾਚ ਅਪਨਾਉਣ ‘ਤੇ ਜ਼ੋਰ ਦਿੱਤਾ ਜਿਸ ਦੇ ਲਈ ਗੁਰਬਾਣੀ ਤੋਂ ਸੇਧ ਲਈ ਜਾ ਸਕਦੀ ਹੈ। ਉਨ੍ਹਾਂ ਗੁਰਬਾਣੀ ਸ਼ਬਦਾਂ ਦੀਆਂ ਕਈ ਟੂਕਾਂ ਦਾ ਹਵਾਲਾ ਦੇ ਕੇ ਆਪਣੀ ਗੱਲ ਸਰੋਤਿਆਂ ਤੱਕ ਬਾਖ਼ੂਬੀ ਪਹੁੰਚਾਈ। ਕਲੱਬ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਸ਼ਾਨਦਾਰ ਪਲੇਕ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਬੰਤ ਸਿੰਘ ਰਾਓ ਵੱਲੋਂ ਇਸ ਸਮਾਗ਼ਮ ਨੂੰ ਸਫ਼ਲ ਬਨਾਉਣ ਲਈ ਸਮੂਹ ਮਹਿਮਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਸਮਾਗ਼ਮ ਦੌਰਾਨ ਚਾਹ-ਪਾਣੀ ਦਾ ਲੰਗਰ ਸਾਰਾ ਸਮਾਂ ਚੱਲਦਾ ਰਿਹਾ ਜਿਸ ਦੀ ਜ਼ਿੰਮੇਂਵਾਰੀ ਬੀਬੀ ਭਜਨ ਕੌਰ ਢਡਵਾਲ, ਬੀਬੀ ਸੁਰਿੰਦਰ ਕੌਰ ਪੂਨੀ, ਟਹਿਲ ਸਿੰਘ ਮੁੰਡੀ, ਨਿਰਮਲ ਸਿੰਘ ਢਡਵਾਲ, ਗੁਰਮੇਲ ਸਿੰਘ ਗਿੱਲ, ਹਰਪਾਲ ਸਿੰਘ ਨਾਗਰਾ ਅਤੇ ਮੁਖ਼ਅਿਾਰ ਸਿੰਘ ਗਰੇਵਾਲ ਵੱਲੋਂ ਪੂਰੀ ਸ਼ਿੱਦਤ ਨਾਲ ਨਿਭਾਈ ਗਈ। ਇਸ ਦੌਰਾਨ ਫ਼ੋਟੋਗਰਾਫੀ ਦੀ ਸੇਵਾ ਬਾਲਬੀਰ ਸਿੰਘ ਧਾਰੀਵਾਲ ਵੱਲੋਂ ਨਿਭਾਈ ਗਈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …