ਓਟਵਾ : ਹਾਊਸ ਆਫ਼ ਕਾਮਨਜ਼ ਦੇ ਫੌਲ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਲਿਬਰਲ ਕਾਕਸ ਵੱਲੋਂ ਐਡਮਿੰਟਨ ‘ਚ ਮੀਟਿੰਗ ਕਰ ਕੇ ਆਪਣੀਆਂ ਅਗਲੀਆਂ ਯੋਜਨਾਵਾਂ ਬਾਰੇ ਵਿਚਾਰ ਚਰਚਾ ਕੀਤੀ। ਲਿਬਰਲ ਸਰਕਾਰ ਨੇ ਅਕਤੂਬਰ ਵਿੱਚ ਬਜਟ ਪੇਸ਼ ਕਰਨ ਦਾ ਵਾਅਦਾ ਕੀਤਾ ਹੈ। ਆਮ ਤੌਰ ‘ਤੇ ਬਜਟ ਬਸੰਤ ਰੁੱਤ ਵਿੱਚ ਲਿਆਂਦੇ ਜਾਂਦੇ ਹਨ ਪਰ ਅਪ੍ਰੈਲ ਦੀਆਂ ਚੋਣਾਂ ਤੋਂ ਬਾਅਦ ਇਸਨੂੰ ਪਿੱਛੇ ਧੱਕ ਦਿੱਤਾ ਗਿਆ ਸੀ। ਕਾਰਨੀ ਨੇ ਵਾਅਦਾ ਕੀਤਾ ਹੈ ਕਿ ਫੈਡਰਲ ਸਰਕਾਰ ਘੱਟ ਖਰਚ ਕਰੇਗੀ ਅਤੇ ਵਧੇਰੇ ਨਿਵੇਸ਼ ਕਰੇਗੀ ਅਤੇ ਅਕਤੂਬਰ ਦੇ ਬਜਟ ਤੋਂ ਇਹ ਸੰਕੇਤ ਮਿਲਣ ਦੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਇਸ ਵਚਨਬੱਧਤਾ ਨੂੰ ਕਿਵੇਂ ਪ੍ਰਾਪਤ ਕਰਨਗੇ। ਲਿਬਰਲਜ਼ ਨੇ ਬਸੰਤ ਰੁੱਤ ਵਿੱਚ ਕਈ ਬਿੱਲ ਵੀ ਪੇਸ਼ ਕੀਤੇ ਜੋ ਸਦਨ ਦੇ ਸਾਹਮਣੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਬੋਲਦੇ ਹੋਏ, ਕਾਰਨੀ ਨੇ ਇਸ਼ਾਰਾ ਕੀਤਾ ਕਿ ਲਿਬਰਲ ਸੰਭਾਵਤ ਤੌਰ ‘ਤੇ ਅਗਲੇ ਕੁਝ ਦਿਨਾਂ ਵਿੱਚ ਰਿਹਾਇਸ਼ ਬਾਬਤ ਐਲਾਨ ਕਰਨਗੇ।
ਕਾਰਨੀ ਨੇ ਚੋਣ ਮੁਹਿੰਮ ਦੌਰਾਨ ਬਿਲਡ ਕੈਨੇਡਾ ਹੋਮਜ਼ ਨਾਮਕ ਇੱਕ ਨਵੀਂ ਕਰਾਊਨ ਕਾਰਪੋਰੇਸ਼ਨ ਬਣਾ ਕੇ ਕੈਨੇਡਾ ਵਿੱਚ ਘਰਾਂ ਦੀ ਉਸਾਰੀ ਦੀ ਮੌਜੂਦਾ ਗਤੀ ਨੂੰ ਦੁਗਣਾ ਕਰਨ ਦਾ ਵਾਅਦਾ ਕੀਤਾ ਸੀ, ਇਹ ਸੰਗਠਨ ਹਾਲੇ ਬਣਾਇਆ ਜਾਣਾ ਬਾਕੀ ਹੈ। ਅਮਰੀਕਾ ਨਾਲ ਟੈਰਿਫ ਅਤੇ ਵਪਾਰ ਵਿਵਾਦ ਦਰਮਿਆਨ ਕਾਰਨੀ ਨੇ ਪਿਛਲੇ ਹਫਤੇ ਆਪਣੇ ਮੰਤਰੀ ਮੰਡਲ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਉਸਨੇ ਖਾਸ ਤੌਰ ‘ਤੇ ਉਨ੍ਹਾਂ ਕਾਮਿਆਂ ਅਤੇ ਕਾਰੋਬਾਰਾਂ ਦੀ ਮਦਦ ਕਰਨ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਜੋ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਟੈਰਿਫਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

