ਕੈਨੇਡਾ ਵਿੱਚ ਦਾਖਲ ਹੋਣ ਵਾਲੇ ਬਹੁਤੇ ਟਰੈਵਲਰਜ਼ ਨੂੰ ਹੁਣ ਕੋਵਿਡ-19 ਟੈਸਟ ਦਾ ਨੈਗੇਟਿਵ ਸਬੂਤ ਵੀ ਨਹੀਂ ਵਿਖਾਉਣਾ ਹੋਵੇਗਾ।ਪਹਿਲੀ ਅਪਰੈਲ ਤੋਂ ਫੈਡਰਲ ਸਰਕਾਰ ਵੱਲੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਕੋਲੋਂ ਕੈਨੇਡਾ ਪਹੁੰਚਣ ਤੋਂ ਪਹਿਲਾਂ ਕਰਵਾਏ ਗਏ ਕੋਵਿਡ-19 ਟੈਸਟ ਦੀ ਨੈਗਰੇਟਿਵ ਰਿਪੋਰਟ ਵਿਖਾਉਣ ਵਾਲਾ ਨਿਯਮ ਹਟਾਇਆ ਜਾ ਰਿਹਾ ਹੈ।
ਪਰ ਏਅਰਪੋਰਟ ਉੱਤੇ ਯਾਤਰੀਆਂ ਨੂੰ ਅਚਨਚੇਤੀ ਪੀਸੀਆਰ ਟੈਸਟਿੰਗ ਲਈ ਚੁਣਿਆ ਜਾ ਸਕਦਾ ਹੈ।ਸਿਹਤ ਮੰਤਰੀ ਜੀਨ-ਯਵੇਸ ਡਕਲਸ, ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਤੇ ਟੂਰਿਜ਼ਮ ਮੰਤਰੀ ਰੈਂਡੀ ਬੌਇਸਨੌਲਟ ਵੱਲੋਂ ਮਹਾਂਮਾਰੀ ਸਬੰਧੀ ਨਿਯਮਾਂ ਵਿੱਚ ਢਿੱਲ ਦੇਣ ਦਾ ਐਲਾਨ ਵੀਰਵਾਰ ਨੂੰ ਕੀਤਾ ਗਿਆ |
ਬਾਰਡਰ ਨਿਯਮਾਂ ਅਨੁਸਾਰ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਨੂੰ ਹੈਲਥ ਪ੍ਰੋਫੈਸ਼ਨਲ ਵੱਲੋਂ ਕੀਤੇ ਗਏ ਰੈਪਿਡ ਐਂਟੀਜਨ ਟੈਸਟ ਦੀ ਨੈਗੇਟਿਵ ਰਿਪੋਰਟ, ਜੋ ਕਿ ਨਿਰਧਾਰਤ ਫਲਾਈਟ ਤੋਂ ਪਹਿਲਾਂ ਲਈ ਗਈ ਹੋਵੇਗੀ, ਵਿਖਾਉਣੀ ਹੋਵੇਗੀ। ਇਸ ਟੈਸਟ ਵਾਲੀ ਸ਼ਰਤ ਨੂੰ ਹਟਾਉਣ ਦੀ ਮੰਗ ਟਰੈਵਲ ਤੇ ਟੂਰਿਜ਼ਮ ਆਰਗੇਨਾਈਜ਼ੇਸ਼ਨਜ਼ ਦੇ ਨਾਲ ਨਾਲ ਸਰਹੱਦੀ ਟਾਊਨਜ਼ ਦੇ ਮੇਅਰਜ਼ ਵੱਲੋਂ ਕਦੋਂ ਤੋਂ ਕੀਤੀ ਜਾ ਰਹੀ ਸੀ। ਇਨ੍ਹਾਂ ਵੱਲੋਂ ਆਖਿਆ ਜਾ ਰਿਹਾ ਸੀ ਕਿ ਇਸ ਨਿਯਮ ਦੀ ਸਾਇੰਸ ਵੱਲੋਂ ਕੋਈ ਪੁਸ਼ਟੀ ਨਹੀਂ ਸੀ ਕੀਤੀ ਗਈ ਤੇ ਇਸ ਨਾਲ ਟੈਰਵਲਰਜ਼ ਉੱਤੇ ਤੇ ਹੋਰਨਾਂ ਮਹਿਕਮਿਆਂ ਉੱਤੇ ਵਾਧੂ ਦਾ ਵਿੱਤੀ ਬੋਝ ਪੈ ਰਿਹਾ ਸੀ।